ਕਾਦੀਆਂ, 9 ਫਰਵਰੀ (ਮੁਨੀਰਾ ਸਲਾਮ ਤਾਰੀ) – ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਸਿੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ), ਦਿਵਿਆਂਗ ਵੋਟਰਾਂ ਅਤੇ ਕੋਵਿਡ-19 ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਲਈ ਪੋਸਟਲ ਬੈਲਟ ਰਾਹੀਂ ਮਤਦਾਨ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਚੋਣ ਕਮਿਸ਼ਨ ਦੀਆਂ ਇਨ੍ਹਾਂ ਹਦਾਇਤਾਂ ਦੇ ਚੱਲਦਿਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ 36406 ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ) ਨੂੰ ਅਤੇ 10398 ਦਿਵਿਆਂਗ ਵੋਟਰਾਂ ਨੂੰ ਫਾਰਮ ਨੰਬਰ 12-ਡੀ ਜਾਰੀ ਕੀਤੇ ਗਏ ਸਨ। ਜਿਸ ਵਿਚੋਂ 1160 ਸੀਨੀਅਰ ਨਾਗਰਿਕਾਂ ਤੇ 580 ਦਿਵਿਆਂਗ ਵੋਟਰਾਂ ਦੇ 12-ਡੀ ਫਾਰਮ ਪ੍ਰਾਪਤ ਹੋਏ ਹਨ।
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਗੈਰਹਾਜ਼ਰ ਵੋਟਰਾਂ ਲਈ ਪੋਸਟਲ ਬੈਲਟ ਦੇ ਜ਼ਰੀਏ ਮੱਤਦਾਨ ਲਈ 15 ਤੇ 17 ਫਰਵਰੀ ਨੂੰ ਟੀਮਾਂ ਵਲੋਂ ਵੋਟਰਾਂ ਦੇ ਘਰ-ਘਰ ਜਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਮਤਦਾਨ ਕਰਵਾਇਆ ਜਾਵੇਗਾ।
ਉਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 148 ਮਾਡਲ ਪੋਲਿੰਗ ਸਟੇਸ਼ਨ, 7 ਪਲਿੰਗ ਸਟੇਸ਼ਨ ਜਿਨ੍ਹਾਂ ਦਾ ਪ੍ਰਬੰਧਨ ਵਿਸੇਸ ਲੋੜਾਂ ਵਾਲੇ ਵਿਅਕਤੀਆਂ ਵਲੋਂ ਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 14 ਪੋਲਿੰਗ ਸਟੇਸ਼ਨਾਂ ਵਿਚ ਸਾਰਾ ਪੋਲਿੰਗ ਸਟਾਫ ਔਰਤਾਂ ਦਾ ਹੋਵੇਗਾ ਅਤੇ ਇਨਾਂ ਪੋਲਿੰਗ ਸਟੇਸ਼ਨਾਂ ਵਿਚ ਔਰਤ ਤੇ ਮਰਦ ਦੋਵੇਂ ਵੋਟ ਪਾ ਸਕਦੇ ਹਨ।