ਐਕਸੀਅਨ ਸਰਬਰਾਜ ਵਲੋਂ ‘ਮਾਊਂਟ ਐਵਰੈਸਟ’ ਯਾਤਰਾ ਦੌਰਾਨ ਖਿੱਚੀਆਂ ਤਸਵੀਰਾਂ ਦੀਆਂ ਗੈਲਰੀਆਂ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਸਥਾਪਿਤ

0
254

ਕਪੂਰਥਲਾ, 13 ਜੁਲਾਈ. (ਰਮੇਸ਼ ਬੰਮੋਤਰਾ )

ਸੂਬੇ ਦੇ ਲੋਕ ਨਿਰਮਾਣ ਵਿਭਾਗ ਵਿਚ ਬਤੌਰ ਐਕਸੀਅਨ ਸੇਵਾਵਾਂ ਦੇ ਰਹੇ ਸ੍ਰੀ ਸਰਬਰਾਜ ਵਲੋਂ ਆਪਣੀ ਮਾਊਂਟ ਐਵਰੈਸਟ ਦੀ ਯਾਤਰਾ ਦੌਰਾਨ ਖਿੱਚੀਆਂ ਤਸਵੀਰਾਂ ਦੀ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਗੈਲਰੀਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਇਨ੍ਹਾਂ ਤਸਵੀਰਾਂ ਨੂੰ ਜਾਰੀ ਕੀਤਾ ਗਿਆ ਤਾਂ ਜੋ ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਵੱਖ-ਵੱਖ ਗੈਲਰੀਆਂ ਵਿਖੇ ਸਥਾਪਿਤ ਕਰਕੇ ਸਿਹਤ ਸੰਭਾਲ ਤੇ ਕੁਦਰਤ ਨਾਲ ਇਕ- ਮਿਕ ਹੋਣ ਦਾ ਸੁਨੇਹਾ ਦਿੱਤਾ ਜਾ ਸਕੇ।
ਸਾਲ 2010 ਤੋਂ ਸਖਤ ਸਰੀਰਕ ਮਿਹਨਤ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਚੋਟੀਆਂ ਨੂੰ ਸਰ ਕਰਨ ਤੋਂ ਇਲਾਵਾ ਅਨੇਕਾਂ ਕੌਮਾਂਤਰੀ ਐਵਾਰਡ ਜਿੱਤਣ ਵਾਲੇ ਸ਼੍ਰੀ ਸਰਬਰਾਜ ਅੱਜ ਕੱਲ ਕਪੂਰਥਲਾ ਵਿਖੇ ਸੇਵਾਵਾਂ ਦੇ ਰਹੇ ਹਨ। ਉਹ ਪੰਜਾਬ ਇੰਜੀਨੀਅਰਿੰਗ ਕਾਲਜ (ਪੈਕ) ਤੋਂ ਐਮ.ਟੈਕ ਕਰਕੇ 1995 ਵਿਚ ਬਤੌਰ ਐਸ.ਡੀ.ਓ. ਭਰਤੀ ਹੋਏ ਪਰ ਉਨ੍ਹਾਂ ਨੂੰ ਚੋਟੀਆਂ ਸਰ ਕਰਨ ਤੇ ਅੰਤਰਰਾਸ਼ਟਰੀ ਮੁਕਾਬਲਿਅਆਂ ਦੌਰਾਨ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕਰਨ ਦੀ ਚਿਣਗ ਸਾਲ 2010 ਵਿਚ ਲੱਗੀ ਤੇ ਉਨ੍ਹਾਂ ਪਿੱਛੇ ਮੁੜਕੇ ਨਹੀਂ ਦੇਖਿਆ।
ਉਨ੍ਹਾਂ 2019 ਵਿਚ ਵਿਸ਼ਵ ਟ੍ਰਾਈਲੋਥੋਨ ਕਾਰਪੋਰੇਸ਼ਨ , ਫਲੋਰੀਡਾ (ਅਮਰੀਕਾ) ਵਲੋਂ ਮਲੇਸ਼ੀਆ ਵਿਖੇ ਕਰਵਾਏ ਗਏ ਮੁਕਾਬਲੇ ਵਿਚ ‘ਆਈਰਨ ਮੈਨ’ ਦਾ ਖਿਤਾਬ ਜਿੱਤਿਆ, ਜਿਸ ਲਈ ਉਨਾਂ 7 ਮਹੀਨੇ ਦੀ ਸਿਖਲਾਈ ਪ੍ਰਾਪਤ ਕੀਤੀ। ਉਨਾਂ ਟ੍ਰਾਈਥਲੋਨ ਸਪੋਰਟਸ 16 ਘੰਟੇ ਵਿਚ ਮੁਕੰਮਲ ਕੀਤੀ ਜਿਸ ਵਿਚ 3.86 ਕਿਲੋਮੀਟਰ ਤੈਰਾਕੀ ਸਮੁੰਦਰ ਵਿਚ 180 ਕਿਲੋਮੀਟਰ ਸਾਈਕਲ ਚਲਾਉਣਾ ਤੇ 42 ਕਿਲੋਮੀਟਰ ਦੌੜ ਸ਼ਾਮਿਲ ਹੈ।
ਉਹ ਕਹਿੰਦੇ ਹਨ ਕਿ ‘ਜਿਵੇਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਸਕੂਨ ਮਿਲਦਾ ਹੈ ਉਵੇਂ ਹੀ ਉਨ੍ਹਾਂ ਨੂੰ ਪਹਾੜਾਂ ਦੀਆਂ ਚੋਟੀਆਂ ਨੂੰ ਸਰ ਕਰਕੇ ਮਿਲਦਾ ਹੈ’। ਉਹ ਲੇਹ ਰੇਂਜ ਦੀ ਸਭ ਤੋਂ ਉੱਚੀ ਚੋਟੀ ਸਟਾਕ ਕਾਂਗੜੀ, ਅਫਰੀਕਨ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਜੋ ਕਿ ਤਨਜਾਨੀਆ ਵਿਚ ‘ਕਿਲੀ ਮਨਜਾਰੋ’ ਹੈ, ਨੂੰ ਵੀ ਸਾਲ 2017 ਵਿਚ ਸਰ ਕਰ ਚੁੱਕੇ ਹਨ। ਉਹ ਹਾਲ ਹੀ ਵਿਚ ਮਾਊਂਟ ਐਵਰੈਸਟ ਦੇ 8500 ਮੀਟਰ ਦੇ ਨੇੜੇ ‘ਡੈਥ ਜ਼ੋਨ’ ਵਿਚ ਵੀ 20 ਘੰਟੇ ਬਿਤਾਕੇ ਆਏ ਹਨ ਅਤੇ ਉਨ੍ਹਾਂ ਸਾਰੇ ਦੌਰੇ ਨੂੰ ਕੈਮਰੇ ਵਿਚ ਕੈਦ ਕੀਤਾ।
ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀਆਂ ਤਸਵੀਰਾਂ ਦੀ ਗੈਲਰੀ ਸਥਾਪਿਤ ਕਰਨ ਮੌਕੇ ਕਿਹਾ ਕਿ ਇਸ ਨਾਲ ਹੋਰਨਾਂ ਨੂੰ ਵੀ ਸਿਹਤ ਸੰਭਾਲ, ਕਸਰਤ ਕਰਨ ਦੀ ਪ੍ਰੇਰਨਾ ਮਿਲੇਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਸਨਮਾਨਿਤ ਕੀਤੀਆਂ ਗਈਆਂ 550 ਸ਼ਖਸ਼ੀਅਤਾਂ ਵਿਚ ਸ਼੍ਰੀ ਸਰਬਰਾਜ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ।

Previous articleਪੁਲਿਸ ਤਸ਼ੱਦਦ ਦੀ ਸ਼ਿਕਾਰ ਲੜਕੀ ਨੂੰ ਇਨਸਾਫ਼ ਦਿਵਾਉਣ ਦਾ ਲਿਆ ਫੈਸਲਾ
Next articleਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਖਬਾਰਾਂ ਤੋ ਲਿਫਾਫੇ ਬਣਾਉਣ ਦੀ ਸਿਖਲਾਈ ਦਿੱਤੀ

LEAVE A REPLY

Please enter your comment!
Please enter your name here