ਫ਼ਰੀਦਕੋਟ 30 ਜੂਨ (ਧਰਮ ਪ੍ਰਵਾਨਾ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸਰਕਾਰ ‘ਚ ਪਿਛਲੇ ਸਮੇਂ ਦੌਰਾਨ ਸਮੂਹ ਸਿੱਖਿਆ ਅਮਲੇ ਦੀ ਮਿਹਨਤ ਸਦਕਾ ਭਾਰਤ ਸਰਕਾਰ ਵੱਲੋਂ ਸਕੂਲੀ ਸਿੱਖਿਆ ਸਬੰਧੀ ਕੀਤੀ ਦਰਜਾਬੰਦੀ ‘ਚ ਪੰਜਾਬ ਦੇਸ਼ ਦਾ ਇੱਕਲੌਤਾ ਨੰ.1 ਸੂਬਾ ਬਣਿਆ ਹੈ | ਸ਼੍ਰੀ ਸੱਤਪਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਸ਼੍ਰੀ ਜਗਦੀਪ ਸਿੰਘ ਦਿਓਲ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਸਾਂਝੇ ਰੂਪ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਤੋਂ ਜਨ-ਜਨ ਨੂੰ ਜਾਣੂ ਕਰਵਾਉਣ ਤਾਂ ਕਿ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਸਹਿਯੋਗ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ ਜਾ ਸਕੇ ਅਤੇ ਭਵਿੱਖ ‘ਚ ਵੀ ਸਰਕਾਰੀ ਸਕੂਲਾਂ ਨਾਲ ਇਵੇਂ ਹੀ ਤਾਲਮੇਲ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਮਹਾਂਮਾਰੀ ਦੌਰਾਨ ਵੀ ਆਨਲਾਈਨ ਪੜਾਈ ਨਾਲ ਨਿਰੰਤਰ ਜੁੜੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਰਿਪੋਰਟ ਸਾਂਝਾ ਕਰਨ ਲਈ ਆਉਣ ਵਾਲੀ 1 ਅਤੇ 2 ਜੁਲਾਈ ਨੂੰ ਮਾਪੇ-ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ | ਇਸ ਦੇ ਨਾਲ ਹੀ ਮਾਪੇ-ਅਧਿਆਪਕ ਮਿਲਣੀ ਦੇ ਮੁੱਖ ਏਜੰਡੇ ਭਾਰਤ ਸਰਕਾਰ ਵੱਲੋਂ ਜਾਰੀ ਦਰਜਾਬੰਦੀ ‘ਚ ਪੰਜਾਬ ਸੂਬੇ ਦੀ ਪ੍ਰਾਪਤੀ ਤੋਂ ਇਲਾਵਾ ਅੱਪਰ ਪ੍ਰਾਇਮਰੀ ਜਮਾਤਾਂ ਦੀਆਂ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮਾਪਿਆਂ ਨਾਲ ਸਾਂਝੀ ਕਰਨਾ, ਅਧਿਆਪਕਾਂ ਵੱਲੋਂ ਆਪਣੇ ਪੱਧਰ ‘ਤੇ ਲਗਾਈਆਂ ਜਾ ਰਹੀਆਂ ਆਨਲਾਈਨ ਜਮਾਤਾਂ ਦੀ ਸਮਾਂ-ਸਾਰਣੀ ਦੀ ਜਾਣਕਾਰੀ ਦੇਣਾ, ਟੀ.ਵੀ.ਜਮਾਤਾਂ ਦੇ ਸ਼ਡਿਊਲ ਬਾਰੇ ਮਾਪਿਆਂ ਨੂੰ ਜਾਣਕਾਰੀ ਦੇ ਕੇ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣਾ, ਜੁਲਾਈ ਮਹੀਨੇ ਦੌਰਾਨ ਕਰਵਾਏ ਜਾਣ ਵਾਲੇ ਸਿਲੇਬਸ ਬਾਰੇ ਜਾਣੂ ਕਰਵਾਉਣਾ, ਵਿਦਿਆਰਥੀਆਂ ਦੇ ਅਭਿਆਸ ਲਈ ਵਿਭਾਗ ਵੱਲੋਂ ਲਗਾਤਾਰ ਭੇਜੇ ਜਾ ਰਹੇ ਸਪਲੀਮੈਂਟਰੀ ਮਟੀਰੀਅਲ,ਰੋਜ਼ਾਨਾ ਹੋਮ ਵਰਕ, ਅਭਿਆਸ ਸ਼ੀਟਾਂ ,ਰੋਜ਼ਾਨਾ ਸਲਾਈਡਾਂ ਅਤੇ ਮੁਲਾਂਕਣ ਸ਼ੀਟਾਂ ਆਦਿ ਏਜੰਡਿਆਂ ਸਬੰਧੀ ਵੀ ਸਾਰਿਆਂ ਨੂੰ ਲਾਜ਼ਮੀ ਤੌਰ ‘ਤੇ ਜਾਣੂ ਕਰਵਾਇਆ ਜਾਵੇਗਾ | ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਸ਼੍ਰੀਮਤੀ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਵਿਦਿਆਰਥੀਆਂ ਨੂੰ ਪੜਾਈ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਰੋਜ਼ਾਨਾ ਸਲਾਈਡਾਂ,ਟੀ.ਵੀ.ਜਮਾਤਾਂ ਆਦਿ ਦੀ ਉਪਲੱਬਧਤਾ ਕਰਵਾਈ ਗਈ | ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਹੁਣ ਹੋਰ ਵੀ ਯੋਜਨਾਬੱਧ ਢੰਗਾਂ ਨਾਲ ਵਿਦਿਆਰਥੀਆਂ ਦੀ ਪੜਾਈ ‘ਚ ਲਗਾਤਾਰਤਾ ਬਣਾਏ ਰੱਖਣਾ, ਵਿਦਿਆਰਥੀਆਂ ਦੇ ਮਾਪਿਆਂ ਨੂੰ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਉੱਦਮਾਂ ਅਤੇ ਪੜਾਈ ਲਈ ਉਪਲੱਬਧ ਸਾਧਨਾਂ ਬਾਰੇ ਜਾਣੂ ਕਰਵਾਉਣਾ ਅਤੇ ਅਧਿਆਪਕਾਂ-ਮਾਪਿਆਂ ਵਿੱਚ ਤਾਲਮੇਲ ਵਧਾਉਣਾ ਵੀ ਮਾਪੇ-ਅਧਿਆਪਕ ਮਿਲਣੀ ਦਾ ਇੱਕ ਏਜੰਡਾ ਹੋਵੇਗਾ | ਉਹਨਾਂ ਦੱਸਿਆ ਕਿ ਇਸ ਮਾਪੇ-ਅਧਿਆਪਕ ਮਿਲਣੀ ‘ਚ ਵਿਭਾਗ ਵੱਲੋਂ ਪ੍ਰੀ-ਪ੍ਰਾਇਮਰੀ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਐੱਸ.ਐੱਮ.ਸੀ. ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਤੱਕ ਪਹੁੰਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਵਿਭਾਗ ਵੱਲੋਂ ਕੋਵਿਡ-19 ਤੋਂ ਸੁਰੱਖਿਆ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮਿਲਣੀ ਫੋਨ ਕਾਲ/ਵੀਡੀਓ ਕਾਲ ਰਾਹੀਂ ਆਨਲਾਈਨ ਕਰਵਾਉਣ ਦੀ ਵੀ ਹਦਾਇਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੀ ਸਫ਼ਲਤਾ ਵਾਸਤੇ ਲੋਂੜੀਦੇ ਪ੍ਰਬੰਧ ਮੁੰਕਮਲ ਹੋ ਚੁੱਕੇ ਅਤੇ ਵੱਖ-ਵੱਖ ਅਧਿਕਾਰੀਆਂ, ਅਧਿਆਪਕਾਂ ਦੀ ਡਿਊਟੀ ਲਗਾਈਆਂ ਜਾ ਚੁੱਕੀਆਂ ਹਨ | ਇਸ ਮੌਕੇ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਵੀ ਹਾਜ਼ਰ ਸਨ |
ਸਿੱਖਿਆ ਵਿਭਾਗ ਵੱਲੋਂ ਮਾਪੇ-ਅਧਿਆਪਕ ਮਿਲਣੀ ਅੱਜ ਤੇ ਕੱਲ੍ਹ ਨੂੰ ਹੋਵੇਗੀ
RELATED ARTICLES