spot_img
Homeਮਾਝਾਗੁਰਦਾਸਪੁਰਡੇਂਗੂ ਦੀ ਬੀਮਾਰੀ ਵਿਚ ਜ਼ਿਆਦਾ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ ਬਲਕਿ...

ਡੇਂਗੂ ਦੀ ਬੀਮਾਰੀ ਵਿਚ ਜ਼ਿਆਦਾ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ ਬਲਕਿ ਤਰਲ ਪਦਾਰਥ ਵੱਧ ਤੋਂ ਵੱਧ ਲੈਣੇ ਚਾਹੀਦੇ ਹਨ :- ਡਾ ਸਾਕਸ਼ੀ ਨੀਮ-ਹਕੀਮਾਂ ਤੋਂ ਬੱਚ ਕੇ ਡੇਂਗੂ ਦਾ ਇਲਾਜ ਸਿਰਫ ਸਰਕਾਰੀ ਸਿਹਤ ਸੰਸਥਾ ਤੋਂ ਹੀ ਕਰਾਓ –

ਕਾਦੀਆਂ 28 ਜੁਲਾਈ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਦਾ ਇਲਾਜ ਨੀਮ-ਹਕੀਮਾਂ ਤੋਂ ਕਰਾਉਣ ਦੀ ਬਜਾਏ ਸਿਰਫ ਸਰਕਾਰੀ ਸਿਹਤ ਸੰਸਥਾ ਤੋਂ ਹੀ ਕਰਾਇਆ ਜਾਵੇ। ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਡੇਂਗੂ ਦੀ ਬਿਮਾਰੀ ਵਿੱਚ ਬਹੁਤੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ ਬਲਕਿ ਇਸ ਬਿਮਾਰੀ ਵਿੱਚ ਤਰਲ ਪਦਾਰਥ ਵੱਧ ਤੋਂ ਵੱਧ ਪੀਣੇ ਚਾਹੀਦੇ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸਾਕਸ਼ੀ ਸਗਲੋਤਰਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ  ਦੱਸਿਆ ਕਿ ਸਿਵਲ ਹਸਪਤਾਲ ਵਿਖੇ ਡੇਂਗੂ ਦੇ ਟੈਸਟ ਅਤੇ ਬਿਮਾਰੀ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਵਿੱਚ ਜਿਆਦਾ ਦਵਾਈਆਂ ਨਹੀਂ ਖਾਣੀਆਂ ਚਾਹੀਦੀਆਂ ਕਿਉਂਕਿ ਇਸ ਨਾਲ ਪਲੇਟਲੈਟ ਸੈੱਲ ਹੋਰ ਘੱਟ ਜਾਂਦੇ ਹਨ। ਉਨਾਂ ਕਿਹਾ ਕਿ ਡੇਂਗੂ ਦੀ ਬਿਮਾਰੀ ਦੌਰਾਨ ਵੱਧ ਤੋਂ ਵੱਧ ਤਰਲ ਪਦਾਰਥ ਪੀਣੇ ਚਾਹੀਦੇ ਹਨ। ਉਨਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਲੋਕ ਡੇਂਗੂ ਦੀ ਬਿਮਾਰੀ ਹੋਣ ’ਤੇ ਨੀਮ-ਹਕੀਮਾਂ ਦੇ ਚੱਕਰ ਵਿੱਚ ਫਸ ਜਾਂਦੇ ਹਨ, ਜਿਸ ਕਾਰਨ ਇਹ ਬਿਮਾਰੀ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਜਾਂਦੀ ਹੈ। ਉਨਾਂ ਕਿਹਾ ਕਿ ਡੇਂਗੂ ਦੇ ਇਲਾਜ ਲਈ ਸਰਕਾਰੀ ਸਿਹਤ ਸੰਸਥਾ ਵਿੱਚ ਹੀ ਪਹੁੰਚ ਕਰਨੀ ਚਾਹੀਦੀ ਹੈ।
ਡਾ. ਸਾਕਸ਼ੀ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਹੇ, ਉਥੇ ਇਹ ਮੱਛਰ ਪੈਦਾ ਹੋ ਜਾਂਦੇ ਹਨ। ਉਨਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ। ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਵੀ ਹਰ ਹਫ਼ਤੇ ਬਦਲਣਾ ਜਰੂਰੀ ਹੈ। ਉਨਾਂ ਦੱਸਿਆ ਕਿ ਡੇਂਗੂ ਦਾ ਮੱਛਰ ਆਮ ਮੱਛਰ ਨਾਲੋਂ ਵੱਡਾ ਅਤੇ ਉਸਦੇ ਸਰੀਰ ’ਤੇ ਧਾਰੀਆਂ ਹੁੰਦੀਆਂ ਹਨ। ਇਹ ਸਵੇਰ ਜਾਂ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਡੰਗ ਵੀ ਤਿੱਖਾ ਮਾਰਦਾ ਹੈ। ਇਹ ਆਮ ਤੌਰ ’ਤੇ ਪਰਦਿਆਂ, ਫੋਟੋ ਫਰੇਮਾਂ, ਟੇਬਲ-ਕੁਰਸੀਆਂ ਦੇ ਹੇਠਾਂ ਜਾਂ ਹੋਰ ਠੰਡੀਆਂ ਥਾਵਾਂ ’ਤੇ ਬੈਠਦਾ ਹੈ।
ਡਾ. ਸਾਕਸ਼ੀ ਨੇ ਅੱਗੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰਾਤ ਸਾਉਣ ਸਮੇਂ ਮੱਛਰਦਾਨੀ ਜਾਂ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਕਰਨੀਂ ਚਾਹੀਦੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments