spot_img
Homeਮਾਝਾਗੁਰਦਾਸਪੁਰਕਸ਼ਮੀਰ ਸਿੰਘ ਗਿੱਲ ਨੂੰ ਮਿਲਿਆ ਸਾਲ 2021 ਦਾ ਭਾਈ ਜੈਤਾ ਜੀ ਅਵਾਰਡ।"

ਕਸ਼ਮੀਰ ਸਿੰਘ ਗਿੱਲ ਨੂੰ ਮਿਲਿਆ ਸਾਲ 2021 ਦਾ ਭਾਈ ਜੈਤਾ ਜੀ ਅਵਾਰਡ।”

ਕਾਦੀਆ 19 ਦਸੰਬਰ (ਮੁਨੀਰਾ ਸਲਾਮ ਤਾਰੀ)

ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲੀਆਂ ਪ੍ਰਾਪਤੀਆਂ ਲਈ ਕਸ਼ਮੀਰ ਸਿੰਘ ਗਿੱਲ ਲੈਕਚਰਾਰ ਅਰਥ ਸ਼ਾਸਤਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਸੰਗਤਪੁਰਾ ਨੂੰ ਇਸ ਸਾਲ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਭਾਈ ਜੈਤਾ ਜੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਕੰਮ ਕਰ ਰਹੀ ਸੰਸਥਾ ਡਾਇਨਾਮਿਕ ਗਰੁੱਪ ਆਫ ਰੰਘਰੇਟਾਜ਼ ਵੱਲੋਂ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ 19 ਦਸੰਬਰ ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਮਨਾਇਆ ਗਿਆ। ਇਹ ਸੰਸਥਾ ਆਈ. ਪੀ. ਐਸ., ਏ. ਡੀ.ਜੀ. ਪੀ. (ਰਿਟਾਇਰਡ) ਪੰਜਾਬ ਸ. ਗੁਰਦੇਵ ਸਿੰਘ ਸਹੋਤਾ ਦੀ ਯੋਗ ਅਗਵਾਈ ਵਿੱਚ ਹਰ ਸਾਲ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਭਾਈ ਜੈਤਾ ਜੀ ਅਵਾਰਡ ਨਾਲ ਸਨਮਾਨਿਤ ਕਰਦੀ ਹੈ। ਅਧਿਆਪਕ ਕਸ਼ਮੀਰ ਸਿੰਘ ਗਿੱਲ ਜੋ ਕਿ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾ ਕੇ ਸ਼ਲਾਘਾਯੋਗ ਕੰਮ ਕਰ ਰਹੇ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਧਿਆਪਕ ਕਸ਼ਮੀਰ ਸਿੰਘ ਗਿੱਲ ਨੂੰ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਅਤੇ ਬੇਮਿਸਾਲ ਸੇਵਾਵਾਂ ਲਈ ਰਾਜ ਅਧਿਆਪਕ ਪੁਰਸਕਾਰ 2017 ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਵਿਸ਼ਵ ਪੱਧਰ ਦੇ ਵੱਕਾਰੀ ਪੁਰਸਕਾਰ ਗਲੋਬਲ ਟੀਚਰ ਅਵਾਰਡ 2021 ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ । ਇਸ ਤੋਂ ਇਲਾਵਾ ਕਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੁਆਰਾ ਉਨ੍ਹਾਂ ਨੂੰ ਸੈਂਕੜੇ ਮਾਣ-ਸਨਮਾਨ ਤੇ ਅਵਾਰਡ ਹਾਸਲ ਹੋ ਚੁੱਕੇ ਹਨ। ਕਸ਼ਮੀਰ ਸਿੰਘ ਗਿੱਲ ਇਕ ਕਰਮਯੋਗੀ ਅਧਿਆਪਕ ਅਤੇ ਸਿੱਖਿਆ ਵਿਭਾਗ ਦਾ ਇੱਕ ਮਾਣ-ਮੱਤਾ ਹੀਰਾ ਹੈ ਜੋ ਸਿੱਖਿਆ ਦੇ ਖੇਤਰ ਵਿੱਚ ਦਿਨ-ਬ-ਦਿਨ ਨਵੀਆਂ ਪੈੜਾਂ ਪਾ ਰਿਹਾ ਹੈ ਜਿਸ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਮਿਸਾਲੀ ਕੰਮ ਕੀਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਮਤਿਹਾਨਾਂ ਵਿੱਚ ਨਕਲ ਵਿਰੋਧੀ ਅਭਿਆਨ ਲਈ ਨਿਸ਼ਠਾਵਾਨ ਸੇਵਾਵਾਂ ਅਤੇ ਵਿਸ਼ੇਸ਼ ਯੋਗਦਾਨ ਲਈ ਡੀ ਜੀ ਐਸ ਈ ਪੰਜਾਬ, ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲਾ ਸਿੱਖਿਆ ਅਫਸਰ (ਸੈ.) ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਹੋ ਚੁੱਕੇ ਹਨ। ਲਗਾਤਾਰ ਤਿੰਨ ਵਾਰ ਦੀ ਏਸ਼ੀਆਈ ਗੋਲਡ ਮੈਡਲਿਸਟ ਅਤੇ ਉਲੰਪੀਅਨ ਐਥਲੀਟ ਮਨਦੀਪ ਕੌਰ ਚੀਮਾ ਦੇ ਅਧਿਆਪਕ ਅਤੇ ਕੋਚ ਰਹਿ ਚੁੱਕੇ ਹਨ। ਸਕੂਲ ਸਿੱਖਿਆ ਵਿਭਾਗ ਪੰਜਾਬ ਲਈ ਕਈ ਸਿੱਖਿਆਦਾਇਕ ਅਤੇ ਪ੍ਰੇਰਣਾਦਾਇਕ ਗੀਤ ਲਿਖੇ ਅਤੇ ਗਾਏ ਹਨ ਜਿਨ੍ਹਾਂ ਵਿਚ ‘ਚਲੋ ਚਲੋ ਸਰਕਾਰੀ ਸਕੂਲ’ , ‘ਬੱਚਿਓ ਹੁਣ ਤਾਂ ਪੜ੍ਹਨਾ ਹੀ ਪੈਣਾ’, ‘ਨਕਲ ਨੂੰ ਅਲਵਿਦਾ’, ‘ਜੇ ਪੂਰਾ ਕਰਨਾ ਖ਼ਾਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ’ ਇਸ ਤੋਂ ਇਲਾਵਾ ਕਈ ਡਾਕੂਮੈਂਟਰੀ ਫਿਲਮਾਂ ਵੀ ਬਣਾ ਚੁੱਕੇ ਹਨ। ਸਮਾਜ ਸੇਵਕ ਅਤੇ ਵਾਤਾਵਰਣ ਪ੍ਰੇਮੀ ਹੋਣ ਕਰਕੇ ਉਹ ਆਪਣੀ ਸੰਸਥਾ ਮਿਸ਼ਨ ਆਗਾਜ਼ ਨਾਲ ਜੁੜ ਕੇ ਪਿਛਲੇ ਕੁਝ ਸਾਲਾਂ ਵਿੱਚ ਲਗਭਗ ਦਸ ਹਜ਼ਾਰ ਛਾਂਦਾਰ ਅਤੇ ਫ਼ਲਦਾਰ ਬੂਟੇ ਸਕੂਲਾਂ, ਪਿੰਡਾ ਤੇ ਹੋਰ ਥਾਵਾਂ ਤੇ ਲਗਾ ਚੁੱਕੇ ਹਨ। ਪੰਛੀਆਂ ਦੀਆ ਲੁਪਤ ਹੋ ਰਹੀਆਂ ਪਰਜਾਤੀਆਂ ਨੂੰ ਬਚਾਉਣ ਦੀ ਮੁਹਿੰਮ ਦੇ ਤਹਿਤ ਆਪਣੇ ਘਰ ਵਿਚ ਹੀ ਮਿੰਨੀ ਬਰਡ ਸੈਂਚੂਰੀ ਬਣਾਈ ਹੈ ਜਿਸ ਵਿੱਚ ਪੰਛੀਆਂ ਲਈ ਲਕੜੀ ਦੇ ਲਗਭਗ 50 ਆਲ੍ਹਣੇ ਬਣਾਏ ਹਨ ਜਿਨ੍ਹਾਂ ਵਿੱਚ ਪੰਛੀ ਆਪਣਾ ਜੀਵਨ ਬਸਰ ਕਰਦੇ ਹਨ। ਕਰੋਨਾ ਕਾਲ ਵਿੱਚ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹੋਇਆ ਉਨ੍ਹਾਂ ਦੇ ਬਹੁਤ ਸਾਰੇ ਆਡੀਓ ਤੇ ਵੀਡੀਓ ਲੈਸਨ ਦੂਰਦਰਸ਼ਨ ਤੇ ਪ੍ਰਸਾਰਿਤ ਹੋ ਚੁੱਕੇ ਹਨ। ਸਕੂਲ ਸਿੱਖਿਆ ਵਿਭਾਗ ਦੀਆਂ ਗਤੀਵਿਧੀਆਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਉਹ ਮੀਡੀਆ ਕੁਆਰਡੀਨੇਟਰ ਦੇ ਤੌਰ ਤੇ ਵੀ ਕੰਮ ਕਰ ਰਹੇ ਹਨ। ਸਕੂਲ ਨੂੰ ਸਮਾਰਟ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦੇ ਹੋਏ ਆਪਣੀ ਜੇਬ ਵਿੱਚੋਂ ਅਤੇ ਦਾਨੀ ਸੱਜਣਾਂ ਤੋ ਸਕੂਲ ਲਈ ਦਾਨ ਇਕੱਠਾ ਕਰ ਚੁੱਕੇ ਹਨ। ਆਪਣੇ ਸਕੂਲ ਵਿੱਚ ਹਿੰਦੀ ਗੈਲਰੀ ਬਣਾਉਣ ਲਈ ਸਾਰਾ ਬਾਲਾ ਵਰਕ ਦਾ ਕੰਮ ਆਪਣੇ ਹੱਥੀਂ ਕੀਤਾ ਹੈ। ਇਸ ਤੋਂ ਇਲਾਵਾ ਹਿੰਦੀ ਤੇ ਪਾਠਕ੍ਰਮ ਦੀਆਂ ਸਾਰੀਆਂ ਕਵਿਤਾਵਾਂ ਨੂੰ ਕੰਪੋਜ਼ ਕਰਕੇ ਅਤੇ ਉਨ੍ਹਾਂ ਨੂੰ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ ਉਹਨਾਂ ਦੀ ਇੱਕ ਵੀਡੀਓ ਤਿਆਰ ਕਰ ਕੇ ਇਕ ਨਵਾਂ ਇਤਿਹਾਸ ਰਚਨ ਜਾ ਰਹੇ ਹਨ। ਅਧਿਆਪਕ ਹੋਣ ਦੇ ਨਾਲ-ਨਾਲ ਉਹ ਇਕ ਯੋਗ ਟੀਚਰ ਵੀ ਹਨ ਅਤੇ ਪਿਛਲੇ ਸੱਤ ਸਾਲ ਆਪਣੇ ਹੀ ਸਕੂਲ ਵਿੱਚ ਵਿਦਿਆਰਥੀਆਂ ਲਈ ਯੋਗ ਕਲਾਸ ਲਗਾਈ ਹੈ ਅਤੇ ਪਿੰਡਾਂ ਵਿੱਚ ਜਾ ਕੇ ਯੋਗ ਦਾ ਪ੍ਰਚਾਰ ਅਤੇ ਪ੍ਰਸਾਰ ਕਰ ਰਹੇ ਹਨ। ਸਕੂਲ ਸਿੱਖਿਆ ਵਿਭਾਗ ਦੁਆਰਾ ਚਲਾਈ ਗਈ ਸੁੰਦਰ ਲਿਖਾਈ ਮੁਹਿੰਮ ਦੇ ਤਹਿਤ ਕੈਲੀਗ੍ਰਾਫਰ ਵਜੋਂ ਸਟੇਟ ਰਿਸੋਰਸ ਪਰਸਨ ਦੀ ਭੂਮਿਕਾ ਨਿਭਾ ਚੁੱਕੇ ਹਨ, ਐਨ ਸੀ ਈ ਆਰ ਟੀ ਦੇ ਸਹਿਯੋਗ ਨਾਲ ਸਟੇਟ ਰਿਸੋਰਸ ਪਰਸਨ ਵਜੋਂ ਅਧਿਆਪਕਾਂ ਨੂੰ ਕਠਪੁਤਲੀਆਂ ਬਣਾਉਣ ਦੀ ਟ੍ਰੇਨਿੰਗ ਦੇ ਚੁੱਕੇ ਹਨ ਅਤੇ ਵਿਦਿਆਰਥੀਆਂ ਦੀਆਂ ਵਰਕਸ਼ਾਪਾਂ ਲਗਾ ਕੇ ਉਨ੍ਹਾਂ ਨੂੰ ਕਠਪੁਤਲੀਆਂ ਬਣਾਉਣਾ ਸਿੱਖਾ ਚੁੱਕੇ ਹਨ। ਅਧਿਆਪਕ ਕਸ਼ਮੀਰ ਸਿੰਘ ਗਿੱਲ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਕੰਮ ਕਰ ਰਿਹਾ ਹੈ। ਅਸੀਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹਾਂ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments