ਡਿਪਟੀ ਕਮਿਸ਼ਨਰ ਵੱਲੋਂ ਸਰਬੋਤਮ 04 ਸਰਕਾਰੀ ਸਕੂਲ ਸਨਮਾਨਿਤ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਸ਼ੇਖਪੁਰ , ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ , ਸਰਕਾਰੀ ਮਿਡਲ ਸਕੂਲ ਸੱਲੋ ਚਾਹਲ , ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਪੰਜਾਬ ਦੇ ਸਰਬੋਤਮ ਸਕੂਲਾਂ ਵਿੱਚ ਸ਼ਾਮਲ

0
239

ਗੁਰਦਾਸਪੁਰ , 04 ਜੂਨ( ਸਲਾਮ ਤਾਰੀ ) ਬੀਤੇ ਦਿਨੀ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਓਵਰਆਲ ਗ੍ਰੇਡਿੰਗ ਦੇ ਅਧਾਰ ’ਤੇ ਸੈਸ਼ਨ 2020-21 ਦੇ ਸਰਬੋਤਮ ਸਰਕਾਰੀ ਸਕੂਲਾਂ ਦੀ ਜ਼ਿਲ੍ਹਾਵਾਰ ਸੂਚੀ ਜਾਰੀ ਕੀਤੀ , ਜਿਸ ਵਿੱਚ ਜ਼ਿਲ੍ਹਾ  ਗੁਰਦਾਸਪੁਰ ਦੇ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਸ਼ੇਖਪੁਰ , ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ , ਸਰਕਾਰੀ ਮਿਡਲ ਸਕੂਲ ਸੱਲੋ ਚਾਹਲ , ਸਰਕਾਰੀ ਮਿਡਲ ਸਕੂਲ ਪੰਡੋਰੀ ਬੈਂਸਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਵੱਲੋਂ ਅੱਜ ਬਿਹਤਰੀਨ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਹਾਜ਼ਰ ਸਕੂਲ ਮੁੱਖੀਆਂ ਨੂੰ ਸ਼ਾਬਾਸੀ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਉਪਰੋਕਤ ਸਕੂਲ ਮੁੱਖੀਆਂ ਤੇ ਸਟਾਫ਼ ਵੱਲੋਂ ਮਿਹਨਤ ਤੇ ਲਗਨ ਨਾਲ ਪੈਮਾਨੇ ਪੂਰੇ ਕਰਦੇ ਹੋਏ ਆਪਣੇ ਸਕੂਲਾਂ ਨੂੰ ਸਰਬੋਤਮ ਬਣਾਇਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹਨਾਂ ਸਕੂਲਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੀਆਂ ਸੁਵਿਧਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ।

ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਨੇ ਜਾਣਕਾਰੀ ਦਿੱਤੀ ਕਿ ਸਕੂਲਾਂ ਦੀ ਦਰਜਾਬੰਦੀ ਨੂੰ ਤਿੰਨ ਸ਼੍ਰੇਣੀਆਂ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਜ਼ਿਲ੍ਹੇ ਦੇ ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਨੂੰ ਕ੍ਰਮਵਾਰ 5 ਲੱਖ, 7.5 ਲੱਖ ਅਤੇ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 2 ਮਿਡਲ ਸਕੂਲ ਸਰਬੋਤਮ ਬਣਨ ਕਰਕੇ , ਮਿਲਣ ਵਾਲੀ ਰਾਸ਼ੀ 2.50 – 2.50 ਲੱਖ ਰੁਪਏ ਬਰਾਬਰ ਵੰਡ ਹੋਵੇਗੀ। ਉਨ੍ਹਾਂ  ਕਿਹਾ ਕਿ ਸਕੂਲਾਂ ਦੀ ਦਰਜਾਬੰਦੀ (ਗਰੇਡਿੰਗ) ਦਾ ਆਧਾਰ ਨਤੀਜਿਆਂ, ਬੁਨਿਆਦੀ ਢਾਂਚੇ, ਸਹਿ-ਵਿੱਦਿਅਕ ਗਤੀਵਿਧੀਆਂ, ਸਕੂਲ ਪ੍ਰਬੰਧਨ ਕਮੇਟੀਆਂ ਤੇ ਲੋਕਾਂ ਦਾ ਯੋਗਦਾਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਮੰਨਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਨਿਰੰਤਰ ਕੰਮ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਨਿਰੰਤਰ ਸਮਰਪਿਤ ਯਤਨਾਂ ਸਦਕਾ ਹੀ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਸੁਧਾਰ, ਦਾਖਲਿਆਂ ਵਿੱਚ ਵਾਧਾ, ਬੁਨਿਆਦੀ ਢਾਂਚਾ ਦਾ ਵਿਕਾਸ ਅਤੇ ਅਧਿਆਪਨ ਸਟਾਫ਼ ਦੀ ਪੂਰੀ ਉਪਲਬਧਤਾ ਦੇ ਰੂਪ ਵਿੱਚ ਉਸਾਰੂ ਸਿੱਟੇ ਨਜ਼ਰ ਆ ਰਹੇ ਹਨ। ਉਨ੍ਹਾਂ  ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵੱਖ-ਵੱਖ ਪੱਖਾਂ ‘ਤੇ ਆਧਾਰਿਤ ਕਰਵਾਈ ਜਾਂਦੀ ਸਮੁੱਚੀ ਦਰਜਾਬੰਦੀ (ਗਰੇਡਿੰਗ) ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਵਿੱਚ ਵੀ ਸਹਾਇਤਾ ਕਰੇਗੀ ਕਿਉਂਕਿ ਇਹ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਲਈ ਇਕ ਪਾਰਦਰਸ਼ੀ ਤੇ ਨਰੋਈ ਮੁਕਾਬਲੇਬਾਜ਼ੀ ਦਾ ਬਰਾਬਰ ਮੰਚ ਮੁਹੱਈਆ ਕਰਵਾਉਂਦੀ ਹੈ।

ਇਸ ਮੌਕੇ ਡਿਪਟੀ ਡੀ .ਈ.ਓ. ਲਖਵਿੰਦਰ ਸਿੰਘ , ਡੀ.ਐਮ. ਸਪੋਰਟਸ ਇਕਬਾਲ ਸਿੰਘ ਸਮਰਾ , ਪਰਦੀਪ ਅਰੋੜਾ , ਮੀਡੀਆ ਸੈੱਲ ਤੋਂ ਗਗਨਦੀਪ ਸਿੰਘ ਵੀ ਹਾਜ਼ਰ ਸਨ।

Previous articleਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੱਧ ਕਰਨ ਲਈ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਨੇ ਵਿਸ਼ੇਸ਼ ਜਾਗਰੂਕਤਾ ਬੱਸ ਚਲਾਈ ਐੱਸ.ਐੱਸ.ਪੀ. ਬਟਾਲਾ ਨੇ ਹਰੀ ਝੰਡੀ ਦਿਖਾ ਕੇ ਜਾਗਰੂਕਤਾ ਬੱਸ ਨੂੰ ਰਵਾਨਾ ਕੀਤਾ
Next articleਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਜਾਂ ਵਿਆਹ ਆਦਿ ਮੌਕੇ ‘ਕੋਵਿਡ ਰਾਹਤ ਫੰਡ’ ਵਿਚ ਦਾਨ ਕਰਨ ਦੀ ਅਪੀਲ
Editor-in-chief at Salam News Punjab

LEAVE A REPLY

Please enter your comment!
Please enter your name here