spot_img
Homeਦੋਆਬਾਕਪੂਰਥਲਾ-ਫਗਵਾੜਾਨੌਜਵਾਨਾਂ ਦੀ ਜਿੰਦਗੀ ਨੂੰ ਸਾਰਥਿਕ ਮੋੜ ਦੇਣ ਵਿਚ ਸਫਲ ਹੋਇਆ ‘ਮਿਸ਼ਨ ਰੈਡ...

ਨੌਜਵਾਨਾਂ ਦੀ ਜਿੰਦਗੀ ਨੂੰ ਸਾਰਥਿਕ ਮੋੜ ਦੇਣ ਵਿਚ ਸਫਲ ਹੋਇਆ ‘ਮਿਸ਼ਨ ਰੈਡ ਸਕਾਈ’

ਕਪੂਰਥਲਾ, 11 ਜੂਨ ( ਅਸ਼ੋਕ ਸਡਾਨਾ )

ਪੰਜਾਬ ਸਰਕਾਰ ਵਲੋਂ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢਕੇ ਮੁੱਖ ਧਾਰਾ ਵਿਚ ਲਿਆਉਣ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ‘ਮਿਸ਼ਨ ਰੈਡ ਸਕਾਈ’ ਨੂੰ ਕਪੂਰਥਲਾ ਜਿਲ੍ਹੇ ਵਿਚ ਸ਼ਾਨਦਾਰ ਸਫਲਤਾ ਮਿਲੀ ਹੈ।
ਅਕਤੂਬਰ 2020 ਤੋਂ ਲੈ ਕੇ ਹੁਣ ਤੱਕ 103 ਅਜਿਹੇ ਨੌਜਵਾਨ ਮੁੰਡੇ- ਕੁੜੀਆਂ ਨੂੰ ਵੱਖ-ਵੱਖ ਕੰਪਨੀਆਂ ਵਿਚ ਨੌਕਰੀ ਮਿਲੀ ਹੈ, ਜਿਨ੍ਹਾਂ ਨੇ ਨਸ਼ਾ ਛੱਡਕੇ ‘ਮਿਸ਼ਨ ਰੈਡ ਸਕਾਈ’ ਤਹਿਤ ਇੰਟਰਵਿਊ ਪੈਨਲਾਂ ਕੋਲ ਪੇਸ਼ ਹੋ ਕੇ ਇੰਟਰਵਿਊ ਦਿੱਤੀ ਤੇ ਨੌਕਰੀ ਪ੍ਰਾਪਤ ਕੀਤੀ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੱਸਦੇ ਹਨ ਕਿ ਅਕਤੂਬਰ 2020 ਵਿਚ ਸ਼ੁਰੂਆਤ ਵੇਲੇ ਅਜਿਹੇ ਨੌਜਵਾਨਾਂ ਦੀ ਪਛਾਣ ਕਰਨਾ ਤੇ ਫਿਰ ਉਨ੍ਹਾਂ ਨੂੰ ਓਟ ਕਲੀਨਿਕਾਂ ਨਾਲ ਜੋੜਕੇ ਨਸ਼ੇ ਦੀ ਮਾਰ ਤੋਂ ਬਚਾਉਣਾ ਮੁੱਖ ਮੰਤਵ ਸੀ, ਜਿਸ ਲਈ ਐਸ.ਡੀ.ਐਮ ਸੁਲਤਾਨਪੁਰ ਲੋਧੀ ਨੂੰ ਮਿਸ਼ਨ ਰੈਡ ਸਕਾਈ ਦੀ ਨੋਡਲ ਅਫਸਰ ਨਿਯੁਕਤ ਕੀਤਾ ਗਿਆ।
ਇਸ ਮਿਸ਼ਨ ਤਹਿਤ ਓਟ ਕਲੀਨਿਕਾਂ ਕੋਲ ਰਜਿਸਟਰਡ ਅਜਿਹੇ ਨੌਜਵਾਨਾਂ ਦੀ ਪਹਿਚਾਣ ਕੀਤੀ ਗਈ, ਜੋ ਕਿ ਪੜ੍ਹੇ ਲਿਖੇ ਸਨ ਅਤੇ ਨੌਕਰੀ ਕਰਨ ਦੇ ਯੋਗ ਸਨ । ਇਸ ਤੋਂ ਇਲਾਵਾ ਸਵੈ ਰੁਜ਼ਗਾਰ ਦੇ ਕਾਬਿਲ ਨੌਜਵਾਨਾਂ ਦੀ ਵੀ ਉਨ੍ਹਾਂ ਦੇ ਹੁਨਰ ਅਨੁਸਾਰ ਕੰਮ ਦੀ ਚੋਣ ਕੀਤੀ ਗਈ।
ਕਪੂਰਥਲਾ ਜਿਲ੍ਹੇ ਵਿਚ ਜਿਹੜੇ 103 ਨੌਜਵਾਨਾਂ ਦੀ ਵੱਖ-ਵੱਖ ਕੰਪਨੀਆਂ ਲਈ ਚੋਣ ਕੀਤੀ ਗਈ ਹੈ , ਉਨ੍ਹਾਂ ਨੂੰ ਮਾਸਿਕ 6000 ਤੋਂ 13000 ਰੁਪੈ ਤੱਕ ਤਨਖਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੰਮ ਅਨੁਸਾਰ ਇੰਸੈਂਟਿਵ ਵੀ ਦਿੱਤਾ ਜਾਂਦਾ ਹੈ।
ਅਕਤੂਬਰ ਤੇ ਨਵੰਬਰ 2020 ਦੌਰਾਨ 4-4 ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ, ਜਦਕਿ ਦਸੰਬਰ ਤੇ ਜਨਵਰੀ ਵਿਚ ਕ੍ਰਮਵਾਰ 3 ਤੇ 9 ਨੌਜਵਾਨ ਨੌਕਰੀ ਲਈ ਚੁਣੇ ਗਏ। ਫਰਵਰੀ 2021 ਦੌਰਾਨ 23, ਮਾਰਚ ਦੌਰਾਨ 18 ਤੇ ਅਪ੍ਰੈਲ ਦੌਰਾਨ 8 , ਮਈ ਦੌਰਾਨ 16 ਤੇ ਜੂਨ ਵਿਚ ਹੁਣ ਤੱਕ 18 ਨੌਜਵਾਨਾਂ ਦੀ ਨੌਕਰੀ ਲਈ ਚੋਣ ਹੋਈ ਹੈ।
ਵੱਖ-ਵੱਖ ਨਾਮੀ ਕੰਪਨੀਆਂ ਜਿਵੇਂ ਕਿ ਏਸ਼ੀਅਨ ਟਾਇਰਜ਼, ਜੁਮੈਟੋ, ਪ੍ਰਾਇਮ ਸਿਨੇਮਾ, ਗਲੈਕਸੀ ਐਜੂਟੈਕ, ਪੁਖਰਾਜ ਹੈਲਥ ਕੇਅਰ ਵਲੋਂ ਇਨਾਂ ਨੌਜਵਾਨਾਂ ਦੀ ਚੋਣ ਕੀਤੀ ਗਈ ਹੈ। ਜਿਲ੍ਹੇ ਵਿਚ ਇਸ ਸਾਰਥਿਕ ਮੁਹਿੰਮ ਤਹਿਤ ਅਗਲਾ ਕੈਂਪ 18 ਜੂਨ ਨੂੰ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ।

RELATED ARTICLES
- Advertisment -spot_img

Most Popular

Recent Comments