spot_img
Homeਮਾਝਾਗੁਰਦਾਸਪੁਰਕਿਸਾਨ ਫਸਲੀ ਵਿਭਿੰਨਤਾ ਲਈ ਸਬਜ਼ੀਆਂ ਦੀ ਕਾਸ਼ਤ ਵੀ ਜਰੂਰ ਕਰਨ

ਕਿਸਾਨ ਫਸਲੀ ਵਿਭਿੰਨਤਾ ਲਈ ਸਬਜ਼ੀਆਂ ਦੀ ਕਾਸ਼ਤ ਵੀ ਜਰੂਰ ਕਰਨ

ਬਟਾਲਾ, 4 ਅਕਤੂਬਰ (ਮੁਨੀਰਾ ਸਲਾਮ ਤਾਰੀ) – ਬਾਗਬਾਨੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ-ਝੋਨੇ ਦੀਆਂ ਫਸਲਾਂ ਥੱਲਿਓਂ ਆਪਣਾ ਕੁਝ ਰਕਬਾ ਕੱਢ ਕੇ ਸਬਜ਼ੀਆਂ ਦੀ ਕਾਸ਼ਤ ਵੀ ਕਰਨ। ਸਬਜ਼ੀਆਂ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ ਅਤੇ ਇਸ ਨਾਲ ਕਿਸਾਨਾਂ ਨੂੰ ਚੋਖੀ ਆਮਦਨ ਹੋ ਜਾਂਦੀ ਹੈ। ਬਟਾਲਾ ਦੇ ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੀ ਕਾਸ਼ਤ ਵਿੱਚ ਇਸ ਸਮੇਂ ਮਟਰਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਜ਼ਾਰ ਵਿੱਚ ਮਟਰ ਦੀ ਬਹੁਤ ਮੰਗ ਹੈ ਅਤੇ ਇਸਦੇ ਮੰਡੀਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ।

ਬਾਗਬਾਨੀ ਵਿਕਾਸ ਅਧਿਕਾਰੀ ਨੇ ਦੱਸਿਆ ਕਿ ਅਕਤੂਬਰ ਦੇ ਪਹਿਲੇ ਪੰਦਰਵਾੜੇ ਵਿੱਚ ਅਗੇਤੀਆਂ ਕਿਸਮਾਂ ਮਟਰ ਅਗੇਤਾ-7 ਅਤੇ ਏ ਪੀ-3 ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਟਰਾਂ ਦੀਆਂ ਅਗੇਤੀਆਂ ਕਿਸਮਾਂ ਲਈ 45 ਕਿੱਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਵਾਸਤੇ 30 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ। ਕਿਸਮਾਂ ਪੰਜਾਬ-89 ਅਤੇ ਮਿੱਠੀ ਫ਼ਲੀ ਦੀ ਬਿਜਾਈ 30×10 ਸੈ.ਮੀ. ਦੇ ਫਾਸਲੇ ਤੇ ਕਰੋ। ਉਨ੍ਹਾਂ ਕਿਹਾ ਕਿਹਾ ਕਿ 45 ਕਿਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉਣੀ ਚਾਹੀਦੀ ਹੈ। ਮਟਰਾਂ ਦੇ ਉਖੇੜਾ ਰੋਗ ਨੂੰ ਰੋਕਣ ਲਈ ਬੀਜ ਨੂੰ ਬੀਜਣ ਤੋਂ ਪਹਿਲਾ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸਨ 15 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧਿਆ ਜਾਵੇ। ਤਣੇ ਦੀ ਮੱਖੀ ਦੀ ਰੋਕਥਾਮ ਲਈ 10 ਕਿਲੋ ਫੁਰਾਡਾਨ 3 ਜੀ ਪ੍ਰਤੀ ਏਕੜ ਬਿਜਾਈ ਸਮੇਂ ਸਿਆੜਾ ਵਿੱਚ ਪਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਾਣੇਦਾਰ ਜ਼ਹਿਰਾਂ ਦੀ ਵਰਤੋਂ ਹਮੇਸ਼ਾਂ ਦਸਤਾਨੇ ਪਹਿਨ ਕੇ ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਲਾਹਾਂ ਦੀ ਪਾਲਣਾ ਕਰਕੇ ਮਟਰਾਂ ਦੀ ਭਰਪੂਰ ਫਸਲ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਭਰਾ ਬਾਗਬਾਨੀ ਦਫ਼ਤਰ ਬਟਾਲਾ ਵਿਖੇ ਸੰਪਰਕ ਕਰ ਸਕਦੇ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments