Home ਮਾਲਵਾ ਆਪ’ ਆਗੂਆਂ ’ਤੇ ਦਰਜ ਕੀਤੇ ਪਰਚਿਆਂ ਵਿਰੁੱਧ ਮੁੱਖ ਮੰਤਰੀ ਨੂੰ ਲਲਕਾਰਿਆ

ਆਪ’ ਆਗੂਆਂ ’ਤੇ ਦਰਜ ਕੀਤੇ ਪਰਚਿਆਂ ਵਿਰੁੱਧ ਮੁੱਖ ਮੰਤਰੀ ਨੂੰ ਲਲਕਾਰਿਆ

182
0

ਜਗਰਾਉ 9 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨੂੰ ਪਰਚੇ ਦਰਜ ਕਰਕੇ ਡਰਾ ਨਹੀਂ ਸਕਦੀ ਅਤੇ ਆਮ ਲੋਕ ਆਪਣੇ ਹੱਕਾਂ ਦੀ ਲੜਾਈ ਲਈ ਅਵਾਜ਼ ਬੁਲੰਦ ਕਰਦੇ ਰਹਿਣਗੇ। ਕੈਪਟਨ ਭਾਵੇਂ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਬਚਾਉਣ ਲਈ ਵਿਰੋਧ ਕਰਦੇ ਲੋਕਾਂ ਨੂੰ ਪਰਚੇ ਛੱਡਕੇ ਫਾਂਸੀ ਦੇ ਤਖਤੇ ’ਤੇ ਲਟਕਾ ਦੇਵੇ, ਪਰੰਤੂ ਉਹ ਅਵਾਮ ਦੀ ਅਵਾਜ਼ ਨੂੰ ਬੰਦ ਨਹੀਂ ਕਰ ਸਕਦੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਆਪ ਆਗੂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੈਪਟਨ ਸਰਕਾਰ ਵੱਲੋਂ ‘ਆਪ’ ਆਗੂਆਂ ਵਿਰੁੱਧ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ’ਤੇ ਦਰਜ ਕੀਤੇ ਪਰਚਿਆਂ ਬਾਰੇ ਟਿੱਪਟੀ ਕਰਦਿਆਂ ਕੀਤਾ। ਉਹਨਾਂ ਮੁੱਖ ਮੰਤਰੀ ਨੂੰ ਲਲਕਾਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਘੁਰਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ 2022 ਦੀਆਂ ਚੋਣਾਂ ਵਿੱਚ ਭ੍ਰਿਸ਼ਟ ਕਾਂਗਰਸ ਸਰਕਾਰ ਨੂੰ ਖਿੱਚਕੇ ਗੱਦੀਓਂ ਲਾਹ ਦੇਣਗੇ, ਕਿਉਂ ਕੈਪਟਨ ਸਰਕਾਰ ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਤੋੜ ਦਿੱਤੀਆਂ ਹਨ ਤੇ ਪੰਜਾਬ ਦੇ ਖਜ਼ਾਨੇ ਉਪਰ ਡਾਕੇ ਮਾਰੇ ਜਾ ਰਹੇ ਹਨ। ਜੇਕਰ ਆਮ ਆਦਮੀ ਪਾਰਟੀ ਭ੍ਰਿਸ਼ਟ ਮੰਤਰੀਆਂ ਵਿਰੁੱਧ ਰੋਸ ਵਿਖਾਵੇ ਜਾਂ ਵਿਰੋਧ ਕਰੇ ਤਾਂ ਉਹਨਾਂ ਨੂੰ ਪਰਚੇ ਦਰਜ ਕਰਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰੰੰਤੂ ਕਰੋੜਾਂ ਰੁਪਏ ਦੇ ਘੋਟਾਲੇ ਕਰਨ ਵਾਲੇ ਮੰਤਰੀਆਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ, ਸਗੋਂ ‘ਕੁੱਤੀ ਹੀ ਚੋਰਾਂ ਨਾਲ ਰਲੀ ਹੋਈ ਹੈ’। ਬੀਬੀ ਮਾਣੂੰਕੇ ਨੇ ਆਖਿਆ ਨੌਕਰੀ ਮੰਗਦੇ ਪੜ੍ਹੇ ਲਿਖੇ ਬੇ-ਰੁਜ਼ਗਾਰ ਨੌਜੁਆਨਾਂ ਨੂੰ ਸੜਕਾਂ ’ਤੇ ਕੁੱਟਿਆ ਅਤੇ ਬੇਇੱਜ਼ਤ ਕੀਤਾ ਜਾ ਰਿਹਾ ਹੈ, ਵੱਖ ਵੱਖ ਵਿਭਾਗਾਂ ਵਿੱਚ ਠੇਕਾ ਅਧਾਰ ਤੇ ਕੰਮ ਕਰਦੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ, ਰੋਡਵੇਜ਼ ਨੂੰ ਘਾਟੇ ਵਿੱਚ ਲਿਜਾਕੇ ਖਤਮ ਕੀਤਾ ਜਾ ਰਿਹਾ ਹੈ, ਰੋਡਵੇਜ ਕਾਮਿਆਂ ਦੀ ਕੋਈ ਸੁਣਵਾਈ ਨਹੀਂ ਕੀਤਾ ਜਾ ਰਹੀ, ਸਰਕਾਰੀ ਵਿਭਾਗਾਂ ਵਿੱਚ ਖਾਲੀ ਪੋਸਟਾਂ ਭਰਨ ਦੀ ਬਜਾਇ ਇਤਿਹਾਸ ਦੇ ਲੈਕਚਰਾਰਾਂ ਅਤੇ ਹੋਰ ਅਸਾਮੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ, ਨਵੀਂ ਭਰਤੀ ਨਹੀਂ ਕੀਤੀ ਜਾ ਰਹੀ, ਬੇਰੁਜ਼ਗਾਰ ਸੜਕਾਂ ਤੇ ਰੁਲ ਰਹੇ ਹਨ, ਸਿਹਤ ਵਿਭਾਗ ਦੇ ਐਨ.ਐਚ.ਐਮ. ਕਾਮਿਆਂ ਨੂੰ ਪੱਕਾ ਕਰਨ ਦੀ ਬਜਾਇ ਨੌਕਰੀਓਂ ਕੱਢਣ ਦੇ ਡਰਾਵੇ ਦਿੱਤੇ ਜਾ ਰਹੇ ਹਨ, ਆਸ਼ਾ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ, ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਤੇ ਬਕਾਇਆ ਨਹੀਂ ਦਿੱਤਾ ਜਾ ਰਿਹਾ, ਲੰਗੜਾ ਤਨਖਾਹ ਕਮਿਸ਼ਨ ਲਮਕਾ ਕੇ ਦਿੱਤਾ ਜਾ ਰਿਹਾ ਹੈ, ਕਰਜ਼ਾ ਕੁਰਕੀ ਖਤਮ ਨਹੀਂ ਕੀਤੀ ਜਾ ਰਹੀ, ਨੌਜੁਆਨ ਮੋਬਾਇਲ ਫੋਨ ਉਡੀਕ ਰਹੇ ਹਨ, ਕੁੜੀਆਂ ਸਰਕਾਰੀ ਸਾਈਕਲ ਵੇਖ ਰਹੀਆਂ ਹਨ, 2 ਲੱਖ ਐਸ.ਸੀ.ਬੱਚਿਆਂ ਨੂੰ ਵਜ਼ੀਫਾ ਨਾ ਦੇਣ ਕਾਰਨ ਰੋਲ ਨੰਬਰ ਜਾਰੀ ਨਹੀਂ ਕੀਤੇ ਜਾ ਰਹੇ, ਕਰੋਨਾਂ ਕਿੱਟਾਂ ਤੇ ਵੈਕਸੀਨ ਦੀ ਆੜ ਹੇਠ ਕਰੋੜਾਂ-ਅਰਬਾਂ ਦੇ ਘੋਟਾਲੇ ਕੀਤੇ ਜਾ ਰਹੇ ਹਨ, ਚਾਰੇ ਪਾਸੇ ਮਾਫੀਆ ਦੀ ਲੁੱਟ ਮੱਚੀ ਹੋਈ ਹੈ, ਅਜਿਹੇ ਹਾਲਤਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਹੱਥ ਖੜੇ ਕਰਕੇ ਸਰਕਾਰ ਛੱਡ ਦੇਣੀ ਚਾਹੀਦੀ ਹੈ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

Previous articleਮੰਗਾਂ ਮਨਜ਼ੂਰ ਨਾ ਕੀਤੇ ਜਾਣ ਤੇ 28-30 ਜੂਨ ਤੱਕ ਪੰਜਾਬ ਭਰ ਦੇ ਡੀਪੂ ਬੰਦ ਰੱਖੇ ਜਾਣਗੇ
Next articleਕੰਪਿਊਟਰ ਸਾਇੰਸ ਦਾ ਆਨਲਾਈਨ ਸੈਪਲੱ ਬੀ ਕੰਪੀਟੀਸ਼ਨ ਕਰਵਾਇਆ

LEAVE A REPLY

Please enter your comment!
Please enter your name here