spot_img
Homeਮਾਝਾਗੁਰਦਾਸਪੁਰਝੋਨੇ ਦੀ ਪਰਾਲੀ ਨੂੰ ਸਾੜਣ ਦੇ ਬਗੈਰ ਕਣਕ ਦੀ ਬਿਜਾਈ ਕਰਨ ਦੀ...

ਝੋਨੇ ਦੀ ਪਰਾਲੀ ਨੂੰ ਸਾੜਣ ਦੇ ਬਗੈਰ ਕਣਕ ਦੀ ਬਿਜਾਈ ਕਰਨ ਦੀ ਤਕਨੀਕ ਅਪਨਾਉਣ ਕਿਸਾਨ

ਬਟਾਲਾ, 24 ਸਤੰਬਰ ( ਮੁਨੀਰਾ ਸਲਾਮ ਤਾਰੀ) – ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਪਰਾਲੀ ਨੂੰ ਖੇਤਾਂ ‘ਚ ਵਾਹੁਣ ਦੀ ਤਕਨੀਕ ਅਪਨਾਉਣ ਦੀ ਸਲਾਹ ਦਿੱਤੀ ਹੈ। ਬਟਾਲਾ ਦੀ ਖੇਤੀਬਾੜੀ ਵਿਕਾਸ ਅਧਿਕਾਰੀ ਕੰਵਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਸਮੇਂ ਦੇ ਨਾਲ ਖੇਤੀ ਮਾਹਿਰਾਂ ਵੱਲੋਂ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਵਾਹੁਣ ਦੀਆਂ ਅਜਿਹੀਆਂ ਤਕਨੀਕਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ, ਜਿਸ ਨਾਲ ਨਾ ਕੇਵਲ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਝੋਨੇ ਦੀ ਕਟਾਈ ਜਦ ਕੰਬਾਈਨ ਨਾਲ ਕੀਤੀ ਜਾਂਦੀ ਸੀ ਤਾਂ ਕਾਫੀ ਮਾਤਰਾ ਵਿੱਚ ਪਰਾਲੀ ਦਾ ਫੂਸ ਝੋਨੇ ਦੇ ਮੁਢਾਂ ਉੱਪਰ ਇਕੱਠਾ ਹੋ ਜਾਂਦਾ ਸੀ ਅਤੇ ਤਵੀਆਂ, ਰੋਟਾਵੇਟਰ ਨਾਲ ਇਸ ਫੂਸ ਨੂੰ ਸੰਭਾਲਣਾ ਔਖਾ ਹੁੰਦਾ ਸੀ, ਪਰ ਹੁਣ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ.ਐਮ.ਐਸ) ਲੱਗੀ ਕੰਬਾਈਨ ਨਾਲ ਕਰਨ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ, ਕਿਉਂਕਿ ਐਸ.ਐਮ.ਐਸ ਲੱਗੀ ਕੰਬਾਈਨ ਫੂਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੁਤਰ ਕੇ ਇਕਸਾਰ ਖੇਤ ਵਿੱਚ ਖਿਲਾਰ ਦਿੰਦੀ ਹੈ। ਕਟਾਈ ਉਪਰੰਤ ਜੇਕਰ ਕਣਕ ਬੀਜਣੀ ਹੈ ਤਾਂ ਝੋਨੇ ਦੇ ਮੁੱਢਾਂ ਨੂੰ ਪੀ.ਏ.ਯੂ ਕਟਰ ਕਮ ਸ਼ਰੈਡਰ ਨਾਲ ਕੱਟ ਕੇ, ਉਲਟਾਵੇਂ ਹੱਲ ਜਾਂ ਰੋਟਾਵੇਟਰ ਨਾਲ ਮਿੱਟੀ ਵਿੱਚ ਮਿਲਾ ਕੇ ਪਾਣੀ ਲਗਾ ਦੇਣਾ ਚਾਹੀਦਾ ਹੈ, ਜਿਸ ਨਾਲ ਕੁਝ ਦਿਨਾਂ ਬਾਅਦ ਫੋਕਟ ਗਲ ਜਾਵੇਗਾ ਅਤੇ ਖੇਤ ਤਿਆਰ ਕਰਕੇ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਖੇਤੀਬਾੜੀ ਮਾਹਿਰ ਕੰਵਲਜੀਤ ਕੌਰ ਨੇ ਕਿਹਾ ਕਿ ਜੇਕਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਤਾਂ ਕਟਰ ਕਮ ਸ਼ਰੈਡਰ ਨਾਲ ਮੁੱਢ ਕੁਤਰ ਕੇ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਦੀ ਵੀ ਜ਼ਰੂਰਤ ਨਹੀਂ ਪਵੇਗੀ ਅਤੇ ਪਾਣੀ ਵੀ ਘੱਟ ਲੱਗੇਗਾ ਕਿਉਂਕਿ ਕੁਤਰ ਕੇ ਇਕਸਾਰ ਖਿਲਾਰੀ ਪਰਾਲੀ ਖੇਤ ਵਿੱਚ ਢੱਕਣੇ (ਮਲਚਿੰਗ) ਦਾ ਕੰਮ ਕਰੇਗੀ। ਕਣਕ ਦੀ ਬਿਜਾਈ ਲੱਕੀ ਹੈਪੀ ਸੀਡਰ ਮਸ਼ੀਨ ਨਾਲ ਕੰਬਾਈਨ ਦੇ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਹੈਪੀ ਸੀਡਰ ਅਜਿਹੀ ਮਸ਼ੀਨ ਹੈ ਜਿਸ ਨਾਲ ਇਕੋ ਸਮੇਂ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿੱਚ ਖਿਲਾਰਣ ਦੇ ਨਾਲ-ਨਾਲ ਕਣਕ ਦੀ ਸਿੱਧੀ ਬਿਜਾਈ ਕਰਦੀ ਹੈ। ਹੈਪੀ ਸੀਡਰ ਨਾਲ ਬਿਜਾਈ ਕੀਤੀ ਕਣਕ ਨਾਲ ਜਿਥੇ ਖੇਤੀ ਲਾਗਤ ਖਰਚੇ ਘਟਦੇ ਹਨ ਉਥੇ ਪੈਦਾਵਾਰ ਵੀ ਵੱਧ ਨਿਕਲਦੀ ਹੈ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਜੇਕਰ ਆਲੂ ਜਾਂ ਮਟਰ ਬੀਜਣੇ ਹੋਣ ਤਾਂ ਐੱਸ.ਐੱਮ.ਐੱਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਉਪਰੰਤ ਚੌਪਰ ਕਮ ਸ਼ਰੈਡਰ ਨਾਲ ਮੁੱਢ ਕੁਤਰ ਕੇ ਇੱਕ ਪਾੜ ਰੋਟਾਵੇਟਰ ਦੀ ਪਾਉਣ ਉਪਰੰਤ ਉਲਟਾਵੇਂ ਹੱਲ ਨਾਲ ਰਹਿੰਦ ਖੂੰਹਦ ਨੂੰ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਖੇਤ ਵਿੱਚ ਮਿਲਾਉਣ ਉਪਰੰਤ ਪਾਣੀ ਲਗਾ ਕੇ ਵੱਤਰ ਆਉਣ ਤੇ ਰੋਟਾਵੇਟਰ ਦੀ ਪਾੜ ਅਤੇ ਦੋਹਰ ਟਿਲਰਾਂ ਨਾਲ ਵਾਹ ਕੇ ਖੇਤ ਤਿਆਰ ਕੀਤਾ ਜਾ ਸਕਦਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ ਬਲਕਿ ਉੱਪਰ ਦੱਸੀਆਂ ਤਕਨੀਕਾਂ ਨੂੰ ਅਪਣਾਅ ਕੇ ਅਗਲੀਆਂ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments