ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਮਿਆਦ ਵਧਾਉਣ ਤੋਂ ਰੋਹ ਵਿੱਚ ਆਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫਤਰ ਸਾਹਮਣੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

0
238

ਫਰੀਦਕੋਟ , 8 ਜੁੂਨ ( ਧਰਮ ਪ੍ਰਵਾਨਾਂ )
ਪੰਜਾਬ ਸਰਕਾਰ ਵੱਲੋਂ ਵਾਰ ਵਾਰ ਛੇਵੇਂ ਤਨਖ਼ਾਹ ਕਮਿਸ਼ਨ ਦੀ ਮਿਆਦ ਵਿੱਚ ਵਾਧਾ ਕਰਨ, ਪਿਛਲੇ ਢਾਈ ਸਾਲ ਤੋਂ ਮਹਿੰਗਾਈ ਭੱਤੇ ਦੀਆਂ ਬਣਦੀਆਂ ਪੰਜ ਕਿਸ਼ਤਾਂ ਜਾਰੀ ਨਾ ਕਰਨ, ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਨਾ ਕਰਨ, ਦਸ-ਪੰਦਰਾਂ ਸਾਲ ਦੀ ਨੌਕਰੀ ਕਰ ਰਹੇ ਕੱਚੇ, ਠੇਕਾ/ਆਊਟਸੋਰਸਿਜ਼ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਅਤੇ 200/-ਰੁਪਏ ਜਜ਼ੀਆ ਟੈਕਸ ਵਾਪਸ ਨਾ ਲੈਣ ਤੋਂ ਟਾਲ ਮਟੋਲ ਕਰਨ ਅਤੇ ਹੋਰ ਭੱਖਦੀਆਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਰੋਹ ਵਿੱਚ ਆਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅੱਜ ਸਥਾਨਕ ਮਿਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੀਤੀ। ਇਸ ਰੋੋਸ ਰੈਲੀ/ ਅਰਥੀ ਫੂਕ ਮੁਜ਼ਾਹਰੇ ਦਾ ਸੱਦਾ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਦਿੱਤਾ ਗਿਆ ਸੀ। ਇਸ ਰੋਸ ਰੈਲੀ ਨੂੰ ਮਨਿਸਟਰੀਅਲ ਸਟਾਫ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ ਤੋਂ ਇਲਾਵਾ ਅਧਿਆਪਕ ਦੇ ਸੂਬਾਈ ਆਗੂ ਪ੍ਰੇਮ ਚਾਵਲਾ, ਪੈਨਸ਼ਨਰ ਆਗੂ ਇੰਦਰਜੀਤ ਸਿੰਘ ਖੀਵਾ, ਪੈਨਸ਼ਨਰ ਸੂਬਾਈ ਆਗੂ ਅਸ਼ੋਕ ਕੌਸ਼ਲ, ਪਸਸਫ ਦੇ ਸੂਬਾਈ ਆਗੂ ਜਤਿੰਦਰ ਕੁਮਾਰ, ਬਲਬੀਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸੁਖਵਿੰਦਰ ਸਿੰਘ ਸੁੱਖੀ ਜ਼ਿਲ੍ਹਾ ਪ੍ਰਧਾਨ ਡੀ.ਟੀ.ਐਫ, ਦੇਸ ਰਾਜ ਗੁੱਜਰ, ਸੋਮਨਾਥ ਅਰੋਡ਼ਾ, ਜਗਤਾਰ ਸਿੰਘ ਗਿੱਲ, ਹਰਪਾਲ ਸਿੰਘ ਮਚਾਕੀ, ਸਤੀਸ਼ ਕੁਮਾਰ, ਸੇਵਕ ਸਿੰਘ, ਅਮਰਜੀਤ ਸਿੰਘ ਪੰਨੂ, ਗਗਨਦੀਪ ਸਿੰਘ, ਇਕਬਾਲ ਸਿੰਘ ਮੰਘੇਡ਼ਾ, ਕੁਲਦੀਪ ਸਿੰਘ ਸਹਿਦੇਵ, ਜਸਵੀਰ ਸਿੰਘ ਮਾਨ, ਕੁਲਵਿੰਦਰ ਸਿੰਘ ਮੋੌੜ, ਸੰਤ ਸਿੰਘ, ਕਸ਼ਿਸ਼ ਧਵਨ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਲਈ ਹੁਣ ਤੱਕ ਦੀ ਸਭ ਤੋਂ ਨਖਿੱਧ ਸਰਕਾਰ ਸਾਬਤ ਹੋਈ ਹੈ। ਜਿਸਨੇ ਪਿਛਲੀ ਵਿਧਾਨ ਸਭਾ ਵੱਲੋਂ ਕਚੇ ਮੁਲਾਜ਼ਮ ਰੈਗੂਲਰ ਕਰਨ ਲਈ ਪਾਸ ਕੀਤੇ ਐਕਟ ਵਿੱਚ ਸੋਧ ਕਰਨ ਦੇ ਨਾਂ ਤੇ ਹੀ ਸਵਾ ਚਾਰ ਸਾਲ ਦਾ ਸਮਾ ਬਰਬਾਦ ਕਰਕੇ ਹਜ਼ਾਰਾਂ ਕਚੇ ਅਤੇ ਠੇਕਾ ਮੁਲਾਜ਼ਮਾਂ ਨੂੰ ‘ਜਿਊਂਦੀਆਂ ਲਾਸ਼ਾਂ’ ਵਿਚ ਤਬਦੀਲ ਕਰ ਦਿੱਤਾ ਹੈ। ਕਰੋੜਪਤੀ ਵਿਧਾਇਕਾਂ ਨੂੰ ਛੇ – ਛੇ ਪੈਨਸ਼ਨਾਂ ਦੇਣ ਵਾਲੀ ਸਰਕਾਰ 1-1-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਇੱਕ ਪੈਨਸ਼ਨ ਵੀ ਦੇਣ ਨੂੰ ਤਿਆਰ ਨਹੀਂ ਹੈ। ਆਗੂਆਂ ਨੇ ਮੁਲਾਜ਼ਮ ਵਰਗ ਨੂੰ ਸੱਦਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਐਕਸ਼ਨ ਕਰਨ ਲਈ ਤਿਆਰ ਰਹਿਣ। ਇਸ ਰੈਲੀ ਉਪਰੰਤ ਜੋਰਦਾਰ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਸਾਡ਼ਿਆ ਗਿਆ। ਇਸ ਮੌਕੇ ਤੇ ਬੋਲਦਿਆਂ ਸਾਂਝਾ ਫਰੰਟ ਦੇ ਬੁਲਾਰਿਆਂ ਵੱਲੋਂ ਡੀ.ਸੀ ਦਫਤਰ ਜੋ ਕਿ ਲੰਬੇ ਸਮੇਂ ਤੋਂ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਸਫ਼ਾਈ ਸੇਵਕ ਕਰਮਚਾਰੀ ਜੋ ਕਿ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹਨ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਮਿਤੀ 9 ਜੂਨ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਪ੍ਰੈੱਸ ਕਾਨਫ਼ਰੰਸ ਕਰਕੇ ਪਰਦਾਫਾਸ਼ ਕੀਤਾ ਜਾਵੇਗਾ ਅਤੇ ਮਿਤੀ 22 ਜੂਨ ਨੂੰ ਜਲੰਧਰ ਵਿਖੇ ਦੇਸ਼ ਭਗਤ ਹਾਲ ਵਿੱਚ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਇਸ ਮੌਕੇ ਤੇ ਬੋਲਦੇ ਹੋਏ ਅਮਰੀਕ ਸਿੰਘ ਸੰਧੂ ਸੂਬਾਈ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕੰਨ ਖੋਲ੍ਹਣ ਲਈ ਪੰਜਾਬ ਦੇ ਸਮੂਹ ਦਫ਼ਤਰਾਂ ਵਿੱਚ ਮਿਤੀ 15-6-2021ਤੋਂ 18-6-2021ਤੱਕ ਮਨਿਸਟਰੀਅਲ ਕਾਮੇ ਗੇਟ ਰੈਲੀਆਂ ਕਰਕੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਬਾਰੇ ਮੁਲਾਜ਼ਮ ਵਰਗ ਨੂੰ ਹੋਰ ਜਾਗਰੂਕ ਕਰਨਗੇ। ਜੇਕਰ ਸਰਕਾਰ ਇਨ੍ਹਾਂ ਐਕਸ਼ਨਾਂ ਉਪਰੰਤ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕਰਨ ਵਿੱਚ ਹਰਕਤ ਵਿਚ ਨਾ ਆਈ ਤਾਂ ਰਾਜ ਦਾ ਸਮੂਹ ਮਨਿਸਟਰੀਅਲ ਕਾਮਾ ਮਿਤੀ 22-6-2021 ਨੂੰ ਦਫਤਰਾਂ ਤੋਂ ਵਾਕਆਊਟ ਕਰ ਜਾਵੇਗਾ ਅਤੇ ਮਿਤੀ 23-6-2021 ਤੋਂ 27-6-2021 ਤੱਕ (ਕੇਵਲ ਕਵਿਡ-19 ਸਬੰਧੀ ਹੀ ਕੰਮ ਕੀਤੇ ਜਾਣਗੇ) ਕਲਮਛੋੜ ਹੜਤਾਲ ਤੇ ਚਲੇ ਜਾਣਗੇ। ਹੜਤਾਲ ਦੌਰਾਨ ਕੋਈ ਵੀ ਕਲੈਰੀਕਲ ਕਾਮਾ ਮੈਨੂਅਲ/ਆਨਲਾਈਨ ਕੰਮ ਨਹੀਂ ਕਰੇਗਾ। ਇਸ ਮੌਕੇ ਤੇ ਇਹ ਐਲਾਨ ਵੀ ਕੀਤਾ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਭਰ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇਗਾ।

Previous articleਕਪੂਰਥਲਾ ਜਿਲ੍ਹੇ ਵਿਚ ਵੈਕਸੀਨੇਸ਼ਨ ਡੇਢ ਲੱਖ ਨੂੰ ਟੱਪੀ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ ਸ਼੍ਰੇਣੀ ਨੂੰ ਲੱਗੀ ਵੈਕਸੀਨ
Next articleਸਰਕਾਰੀ ਪ੍ਰਾਇਮਰੀ ਸਕੂਲ ਸੰਗਰਾਹੂਰ ਦੇ ਵਿਦਿਆਰਥੀਆਂ ਨੇ ਤਿੰਨ ਰੋਜ਼ਾ ਆੱਨਲਾਇਨ ਸਮਰ ਕੈਂਪ ਲਗਾਇਆ।

LEAVE A REPLY

Please enter your comment!
Please enter your name here