spot_img
Homeਮਾਝਾਗੁਰਦਾਸਪੁਰਐੱਸ.ਐੱਸ.ਪੀ. ਬਟਾਲਾ ਅਸ਼ਵਨੀ ਕਪੂਰ ਨੇ ਵਿਆਹ ਪੁਰਬ ਦੀਆਂ ਤਿਆਰੀਆਂ ਦਾ ਲਿਆ ਜਾਇਜਾ

ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਕਪੂਰ ਨੇ ਵਿਆਹ ਪੁਰਬ ਦੀਆਂ ਤਿਆਰੀਆਂ ਦਾ ਲਿਆ ਜਾਇਜਾ

ਬਟਾਲਾ, 7 ਸਤੰਬਰ (ਮੁਨੀਰਾ ਸਲਾਮ ਤਾਰੀ) – ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਤਿਆਰੀਆਂ ਦਾ ਜਾਇਜਾ ਲੈਣ ਲਈ ਐੱਸ.ਐੱਸ.ਪੀ. ਬਟਾਲਾ ਸ੍ਰੀ ਅਸ਼ਵਨੀ ਕਪੂਰ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਸ਼ਹਿਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਵੀ ਹੋਏ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਜਥੇਦਾਰ ਜੱਸਲ ਵੱਲੋਂ ਐੱਸ.ਐੱਸ.ਪੀ. ਬਟਾਲਾ ਨੂੰ ਸਿਰਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ. ਸ. ਗੁਰਪ੍ਰੀਤ ਸਿੰਘ ਗਿੱਲ, ਡੀ.ਐੱਸ.ਪੀ. ਲਲਿਤ ਸ਼ਰਮਾਂ, ਡੀ.ਐੱਸ.ਪੀ. ਹਰਿੰਦਰ ਸਿੰਘ ਗਿੱਲ ਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

ਐੱਸ.ਐੱਸ.ਪੀ. ਬਟਾਲਾ ਸ੍ਰੀ ਅਸ਼ਵਨੀ ਕਪੂਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਵਿਆਹ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਅਤੇ ਪੁਲਿਸ ਵਿਭਾਗ ਵੱਲੋਂ ਇਸ ਮੌਕੇ ਸੰਗਤਾਂ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਦੇ ਮੱਦੇਨਜ਼ਰ ਪੂਰੇ ਬਟਾਲਾ ਸ਼ਹਿਰ ਵਿੱਚ ਹੁਣ ਤੋਂ ਹੀ ਸੁਰੱਖਿਆ ਦੇ ਖਾਸ ਇੰਤਜ਼ਾਮ ਕਰ ਦਿੱਤੇ ਗਏ ਹਨ ਅਤੇ ਵਿਆਹ ਪੁਰਬ ਵਾਲੇ ਦਿਨ ਹੋਰ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਵੱਧ ਆਮਦ ਨੂੰ ਮੁੱਖ ਰੱਖਦੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ਦੇ ਨੇੜੇ ਗਲੀ ਤੇ ਬਜ਼ਾਰਾਂ ਵਿੱਚ ਵਾਹਨਾਂ ਦੇ ਦਾਖਲੇ ’ਤੇ ਰੋਕ ਲਗਾਈ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਅਤੇ ਸ਼ਰਾਰਤੀ ਅਨਸਰਾਂ ਉਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਐੱਸ.ਐੱਸ.ਪੀ. ਬਟਾਲਾ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵਿਆਹ ਪੁਰਬ ਦੇ ਪਾਵਨ ਦਿਹਾੜੇ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਅਤੇ ਨਾਲ ਹੀ ਰਾਜ ਸਰਕਾਰ ਵੱਲੋਂ ਜਾਰੀ ਕੋਵਿਡ-19 ਸਲਾਹਕਾਰੀਆਂ ਦੀ ਪਾਲਣਾ ਵੀ ਕਰਨ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਦੱਸਿਆ ਕਿ 12 ਸਤੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ ਤੋਂ ਪੰਜ ਪਿਆਰਿਆਂ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੇ ਰੂਪ ਵਿੱਚ ਬਾਬਾ ਜੀ ਦੀ ਬਰਾਤ ਸਵੇਰੇ ਚੱਲ ਕੇ ਸ਼ਾਮ ਨੂੰ ਬਟਾਲਾ ਸ਼ਹਿਰ ਵਿਖੇ ਪਹੁੰਚੇਗੀ ਅਤੇ ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ ਵਿਖੇ ਰਾਤ ਦਾ ਠਹਿਰਾਓ ਹੋਵੇਗਾ। ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਸਾਰਾ ਦਿਨ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਈ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪਹੁੰਚੇਗਾ ਅਤੇ ਅਖੀਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ।

RELATED ARTICLES
- Advertisment -spot_img

Most Popular

Recent Comments