spot_img
Homeਮਾਝਾਗੁਰਦਾਸਪੁਰਵਿੱਦਿਆ ਦੀ ਮਸ਼ਾਲ ਜਗਾ ਕੇ ਜ਼ਿੰਦਗੀਆਂ ਵਿੱਚ ਉਜਾਲਾ ਭਰ ਰਹੇ ਹਨ ਕੁਲਦੀਪ...

ਵਿੱਦਿਆ ਦੀ ਮਸ਼ਾਲ ਜਗਾ ਕੇ ਜ਼ਿੰਦਗੀਆਂ ਵਿੱਚ ਉਜਾਲਾ ਭਰ ਰਹੇ ਹਨ ਕੁਲਦੀਪ ਰਾਜ ਸ਼ਰਮਾ

ਬਟਾਲਾ, 18 ਅਗਸਤ (ਸਲਾਮ ਤਾਰੀ ) – ਬਟਾਲਾ ਸ਼ਹਿਰ ਦੇ 78 ਸਾਲਾ ਬਜ਼ੁਰਗ ਸੇਵਾ ਮੁਕਤ ਮਾਸਟਰ ਕੁਲਦੀਪ ਰਾਜ ਸ਼ਰਮਾਂ ਭਾਂਵੇ ਪਹਿਲੀ ਨਜ਼ਰੇ ਤੁਹਾਨੂੰ ਸਧਾਰਨ ਮਨੁੱਖ ਪਰਤੀਤ ਹੋਣ ਪਰ ਜਦੋਂ ਤੁਸੀਂ ਇਨਾਂ ਦੀ ਸਮਾਜ ਪ੍ਰਤੀ ਦੇਣ ਨੂੰ ਦੇਖਦੇ ਹੋ ਤਾਂ ਇਨਾਂ ਅੱਗੇ ਸਤਿਕਾਰ ਵਿੱਚ ਤੁਹਾਡਾ ਸਿਰ ਆਪ-ਮੁਹਾਰੇ ਝੁਕ ਜਾਂਦਾ ਹੈ। ਮਾਸਟਰ ਕੁਲਦੀਪ ਰਾਜ ਬਜ਼ੁਰਗਾਂ, ਅਨਾਥਾਂ, ਵਿਧਵਾਵਾਂ, ਬੇਸਹਾਰਿਆਂ ਅਤੇ ਗਰੀਬਾਂ ਦੀ ਉਹ ਮਹਾਨ ਸੇਵਾ ਕਰ ਰਹੇ ਹਨ ਜਿਸ ਨੂੰ ਹਰ ਧਰਮ ਵਿੱਚ ਸਭ ਤੋਂ ਉੱਤਮ ਦੱਸਿਆ ਗਿਆ ਹੈ। ਮਾਸਟਰ ਕੁਲਦੀਪ ਸ਼ਰਮਾਂ ਬਟਾਲਾ ਸ਼ਹਿਰ ਵਿੱਚ ਸਟੂਡੈਂਟ ਵੈਲਫੇਅਰ ਸੁਸਾਇਟੀ (ਰਜਿ:) ਚਲਾ ਰਹੇ ਹਨ ਜਿਸ ਰਾਹੀਂ ਉਨਾਂ ਨੇ ਹੁਣ ਤੱਕ ਹਾਜ਼ਰਾਂ ਵਿਦਿਆਰਥੀਆਂ ਦੀ ਆਰਥਿਕ ਸਹਾਇਤਾ ਕਰਕੇ ਉਨਾਂ ਨੂੰ ਵਿਦਿਆ ਦਾ ਦਾਨ ਦਿਵਾਇਆ ਹੈ। ਮਾਸਟਰ ਜੀ ਦੀ ਮਿਹਨਤ ਦਾ ਫ਼ਲ ਹੈ ਕਿ ਉਨਾਂ ਦੀ ਮਦਦ ਨਾਲ ਪੜੇ 47 ਵਿਦਿਆਰਥੀ ਕਲਾਸ-1 ਸਰਕਾਰੀ ਅਫ਼ਸਰ ਬਣ ਕੇ ਉੱਚ ਅਹੁਦਿਆਂ ’ਤੇ ਤਾਇਨਾਤ ਹਨ ਅਤੇ ਦੇਸ਼ ਦੀ ਸੇਵਾ ਕਰ ਰਹੇ ਹਨ।

ਪਾਕਿਸਤਾਨ ਦੇ ਜ਼ਿਲਾ ਸਿਆਲਕੋਟ ਵਿੱਚ 1943 ਵਿੱਚ ਜਨਮੇ ਮਾਸਟਰ ਕੁਲਦੀਪ ਰਾਜ ਸ਼ਰਮਾਂ ਅਜੇ 4 ਸਾਲਾਂ ਦੇ ਹੀ ਸਨ ਕਿ ਦੇਸ਼ ਦਾ ਬਟਵਾਰਾ ਹੋ ਗਿਆ। 1947 ਵਿੱਚ ਆਪਣੇ ਪਰਿਵਾਰ ਸਮੇਤ ਬਟਾਲਾ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਆ ਕੇ ਵੱਸੇ। ਕੁਲਦੀਪ ਰਾਜ ਸ਼ਰਮਾਂ ਨੇ ਇਥੇ ਹੀ ਤਾਲੀਮ ਹਾਸਲ ਕੀਤੀ ਅਤੇ 1964 ਵਿੱਚ ਅਧਿਆਪਕ ਵਜੋਂ ਸਿੱਖਿਆ ਵਿਭਾਗ ਵਿੱਚ ਭਰਤੀ ਹੋ ਗਏ।

ਗੱਲ 1977 ਦੀ ਹੈ ਮਾਸਟਰ ਕੁਲਦੀਪ ਰਾਜ ਪਿੰਡ ਮਸਾਣੀਆ ਵਿਖੇ ਪੜ੍ਹਾ ਰਹੇ ਸਨ ਕਿ ਇੱਕ ਗਰੀਬ ਔਰਤ ਆਪਣੇ ਪੁੱਤਰ ਨੂੰ ਸਕੂਲ ਲੈ ਕੇ ਆਈ। ਉਸ ਔਰਤ ਨੇ ਕਿਹਾ ਕਿ ਉਹ ਬਹੁਤ ਗਰੀਬ ਹੈ ਆਪਣੇ ਪੁੱਤਰ ਨੂੰ ਵਰਦੀ ਅਤੇ ਕਿਤਾਬਾਂ ਨਹੀਂ ਲੈ ਕੇ ਦੇ ਸਕਦੀ। ਔਰਤ ਦੀ ਗੱਲ ਸੁਣ ਮਾਸਟਰ ਕੁਲਦੀਪ ਰਾਜ ਨੇ ਉਸ ਔਰਤ ਨੂੰ ਭਰੋਸਾ ਦਿੱਤਾ ਕਿ ਤੁਸੀਂ ਬੱਚੇ ਨੂੰ ਸਕੂਲ ਭੇਜੋ, ਕਿਤਾਬਾਂ ਅਤੇ ਵਰਦੀ ਦਾ ਇੰਤਜ਼ਾਮ ਉਹ ਖੁਦ ਕਰ ਦੇਣਗੇ। ਉਸ ਦਿਨ ਆਏ ਸੇਵਾ ਦੇ ਸੰਕਲਪ ਨੇ ਕੁਲਦੀਪ ਸ਼ਰਮਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਦਿੱਤਾ। ਉਨਾਂ ਨੇ ਸਟੂਡੈਂਟ ਵੈਲਫੇਅਰ ਸੁਸਾਇਟੀ ਦਾ ਗਠਨ ਕਰਕੇ ਗਰੀਬ ਵਿਦਿਆਰਥੀਆਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਕੋਈ ਵੀ ਪੜ੍ਹਨ ਦਾ ਚਾਹਵਾਨ ਵਿਦਿਆਰਥੀ ਜੋ ਸਿਰਫ ਪੈਸਿਆਂ ਕਾਰਨ ਪੜ੍ਹ ਨਹੀਂ ਸਕਦਾ ਸੀ, ਉਨਾਂ ਨੂੰ ਮਾਸਟਰ ਜੀ ਨੇ ਖੂਬ ਉਤਸ਼ਾਹਤ ਕੀਤਾ ਅਤੇ ਉਨਾਂ ਦੀ ਹਰ ਤਰਾਂ ਨਾਲ ਮਦਦ ਕੀਤੀ। ਕੁਲਦੀਪ ਸ਼ਰਮਾਂ ਦੀ ਇਸ ਕੋਸ਼ਿਸ਼ ਸਦਕਾ 47 ਵਿਦਿਆਰਥੀ ਪੜ੍ਹ ਲਿਖ ਕੇ ਕਲਾਸ 1 ਅਫ਼ਸਰ ਬਣ ਗਏ ਹਨ ਜਿਨਾਂ ਵਿੱਚ ਜੱਜ, ਪੀ.ਸੀ.ਐੱਸ. ਅਫ਼ਸਰ, ਇੰਜੀਨੀਅਰ, ਵਕੀਲ, ਪ੍ਰੋਫੈਸਰ ਸ਼ਾਮਲ ਹਨ।

ਮਾਸਟਰ ਕੁਲਦੀਪ ਰਾਜ ਸ਼ਰਮਾਂ ਇੱਕਲੇ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਲਈ ਉਤਸ਼ਾਹਤ ਨਹੀਂ ਕਰਦੇ ਸਗੋਂ ਨਾਲ ਦੀ ਨਾਲ ਉਹ ਬਟਾਲਾ ਦੇ ਬਿਰਦ ਆਸ਼ਰਮ ਵਿੱਚ ਬਜ਼ੁਰਗਾਂ ਦੀ ਸੇਵਾ ਵੀ ਕਰ ਰਹੇ ਹਨ। ਇਸਤੋਂ ਇਲਾਵਾ ਉਨਾਂ ਵਲੋਂ ਵਿਧਵਾਵਾਂ, ਅਨਾਥਾਂ ਅਤੇ ਬੇਸਹਾਰਿਆਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਹੁਣ ਤੱਕ ਕੁਲਦੀਪ ਰਾਜ ਸ਼ਰਮਾਂ 1,39,774 ਲੋੜਵੰਦ ਵਿਅਕਤੀਆਂ ਦੀ ਵੱਖ-ਵੱਖ ਤਰਾਂ ਦੀ ਸਹਾਇਤਾ ਕਰ ਚੁੱਕੇ ਹਨ। ਉਨਾਂ ਦੀ ਸੰਸਥਾ ਵਲੋਂ ਹਰ ਮਹੀਨੇ ਸੰਗਰਾਂਦ ਉੱਪਰ ਇੱਕ ਵਿਸ਼ੇਸ਼ ਸਮਾਗਮ ਕੀਤਾ ਜਾਂਦਾ ਹੈ ਜਿਸ ਵਿੱਚ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਹਜ਼ਾਰਾਂ ਰੁਪਏ ਫੀਸ, ਕਾਪੀਆਂ, ਕਿਤਾਬਾਂ ਅਤੇ ਵਰਦੀਆਂ, 20 ਵਿਧਾਵਾਵਾਂ ਨੂੰ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦੀ ਪੈਨਸ਼ਨ, ਗਰੀਬਾਂ ਨੂੰ ਰਾਸ਼ਨ ਅਤੇ ਹੋਰ ਲੋੜ ਦਾ ਸਮਾਨ ਮੁਫ਼ਤ ਦਿੱਤਾ ਜਾਂਦਾ ਹੈ। ਹਰ ਮਹੀਨੇ ਕਰੀਬ 1 ਲੱਖ ਰੁਪਏ ਲੋੜਵੰਦਾਂ ਉੱਪਰ ਖਰਚੇ ਜਾਂਦੇ ਹਨ। ਇਹ ਸਭ ਕੁਝ ਲੋਕਾਂ ਦੇ ਦਾਨ ਅਤੇ ਸਹਿਯੋਗ ਨਾਲ ਚੱਲ ਰਿਹਾ ਹੈ।

ਮਾਸਟਰ ਕੁਲਦੀਪ ਰਾਜ ਸ਼ਰਮਾਂ ਦਾ ਉਦੇਸ਼ ਮਾਨਵਤਾ ਦੀ ਸੇਵਾ ਹੈ ਅਤੇ ਉਹ ਆਪਣੇ ਇਸ ਨੇਕ ਕਾਰਜ ਨੂੰ ਧਰਮ ਅਤੇ ਜਾਤੀ ਤੋਂ ਉੱਪਰ ਉੱਠ ਕੇ ਕਰ ਰਹੇ ਹਨ। ਭਾਂਵੇ ਕਿ 78 ਸਾਲ ਦੀ ਉਮਰ ਹੋਣ ਕਾਰਨ ਉਹ ਆਪ ਵੀ ਕਾਫੀ ਬਜ਼ੁਰਗ ਹੋ ਗਏ ਹਨ ਪਰ ਲੋਕ ਸੇਵਾ ਦੀ ਚਾਟ ਅਤੇ ਆਪਣੇ ਸਿਰੜ ਕਾਰਨ ਉਹ ਅਜੇ ਵੀ ਜਵਾਨਾਂ ਵਾਂਗ ਲੋਕ ਸੇਵਾ ਵਿੱਚ ਲੱਗੇ ਹੋਏ ਹਨ। ਉਨਾਂ ਦਾ ਕਹਿਣਾ ਹੈ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਹੈ ਅਤੇ ਜੇਕਰ ਉਹ ਕਿਸੇ ਦੇ ਕੰਮ ਆ ਸਕਦੇ ਹਨ ਤਾਂ ਇਸਤੋਂ ਵੱਡੀ ਉਨਾਂ ਲਈ ਹੋਰ ਕੋਈ ਗੱਲ ਨਹੀਂ ਹੈ। ਉਨਾਂ ਕਿਹਾ ਕਿ ਜੇਕਰ ਕੋਈ ਲੋੜਵੰਦ ਹੁਸ਼ਿਆਰ ਵਿਦਿਆਰਥੀ ਸਿਰਫ ਪੈਸੇ ਕਾਰਨ ਹੀ ਨਹੀਂ ਪੜ ਪਾ ਰਿਹਾ ਤਾਂ ਉਨਾਂ ਨਾਲ ਸੰਪਰਕ ਕਰ ਸਕਦਾ ਹੈ।

ਮਾਸਟਰ ਕੁਲਦੀਪ ਰਾਜ ਸ਼ਰਮਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜ ਪੱਧਰੀ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments