spot_img
Homeਮਾਝਾਗੁਰਦਾਸਪੁਰਪੰਜਾਬ ਸਰਕਾਰ ਵਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਵਿਸ਼ੇਸ ਉਪਰਾਲੇ-ਕੈਬਨਿਟ ਮੰਤਰੀ...

ਪੰਜਾਬ ਸਰਕਾਰ ਵਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਵਿਸ਼ੇਸ ਉਪਰਾਲੇ-ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ

ਗੁਰਦਾਸਪੁਰ, 13 ਅਗਸਤ (ਸਲਾਮ ਤਾਰੀ ) ਸ੍ਰੀਮਤੀ ਅਰੁਣਾ ਚੋਧਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ਅਤੇ ਔਰਤਾਂ ਨੂੰ ਸਮਾਜ ਵਿਚ ਅੱਗੇ ਵੱਧਣ ਦੇ ਵਧੇਰੇ ਮੌਕੇ ਮੁਹੱਈਆ ਕਰਵਾਏ ਗਏ ਹਨ। ਸ੍ਰੀਮਤੀ ਚੋਧਰੀ ਅੱਜ ਦੀਨਾਨਗਰ ਵਿਖੇ ਮਨਾਏ ਗਏ ਰਾਜ ਪੱਧਰੀ ਮੇਲਾ-ਤੀਆਂ ਤੀਜ ਦੀਆਂ’ ਵਿਚ ਮੁੱਖ ਮਹਿਮਾਨ ਵਜੋ ਪਹੁੰਚੇ ਸਨ। ਇਸ ਮੌਕੇ ਵਿਪੁਲ ਉੱਜਵਲ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ, ਸ੍ਰੀ ਅਸ਼ੋਕ ਚੋਧਰੀ ਸੀਨੀਅਰ ਕਾਂਗਰਸੀ ਨੇਤਾ, ਗੁਰਜਿੰਦਰ ਸਿੰਘ ਮੌੜ ਜੁਆਇੰਟ ਡਾਇਰੈਕਟਰ, ਸ੍ਰੀਮਤੀ ਸਰਬਜੀਤ ਕੋਰ ਪਾਹੜਾ ਧਰਮਪਤਨੀ ਹਲਕਾ ਵਿਧਾਇਕ ਗੁਰਦਾਸਪੁਰ, ਸ੍ਰੀਮਤੀ ਸ਼ਾਹਲਾ ਕਾਦਰੀ ਧਰਮਪਤਨੀ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀਮਤੀ ਡਾ. ਹਰਨੀਤ ਕੋਰ ਭਾਟੀਆ ਧਰਮ ਪਤਨੀ ਐਸ.ਐਸ.ਪੀ ਗੁਰਦਾਸਪੁਰ, ਸ੍ਰੀਮਤੀ ਇਨਾਇਤ ਐਸ.ਡੀ.ਐਮ ਦੀਨਾਨਗਰ, ਅੰਮ੍ਰਿਤਬੀਰ ਕੋਰ ਵਾਲੀਆ ਵਾਈਸ ਚੇਅਰਪਰਸਨ ਮਹਿਲਾ ਕਮਿਸ਼ਨ, ਸ੍ਰੀਮਤੀ ਸਤਿੰਦਰ ਕੋਰ ਧਰਮਪਤਨੀ ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ, ਅਭਿਨਵ ਚੋਧਰੀ, ਅਮਰਜੀਤ ਸਿੰਘ ਭੁੱਲਰ ਜ਼ਿਲਾ ਪ੍ਰੋਗਰਾਮ ਅਫਸਰ, ਰਜਿੰਦਰ ਸਿੰਘ ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਮਨਜਿੰਦਰ ਸਿੰਘ ਜਿਲਾ ਪ੍ਰੋਗਰਾਮ ਅਫਸਰ ਸ੍ਰੀ ਅੰਮ੍ਰਿਤਸਰ, ਹਰਵਿੰਦਰ ਸਿੰਘ ਭੱਟੀ ਚੇਅਰਮੈਨ ਬਲਾਕ ਸੰਮਤੀ ਦੀਨਾਨਗਰ, ਨੀਟੂ ਚੌਹਾਨ ਪ੍ਰਧਾਨ ਨਗਰ ਕੌਂਸਲ, ਬਲਜਿੰਦਰ ਕੋਰ ਸਰਪੰਚ ਧੁੱਪਸੜੀ ਅਤੇ ਸਮੂਹ ਸੀ.ਡੀਪੀ.ਓਜ਼ ਆਦਿ ਮੌਜੂਦ ਸਨ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀਮਤੀ ਚੋਧਰੀ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਖੁਸ਼ੀਆਂ ਤੇ ਚਾਵਾਂ ਵਾਲਾ ਤਿਉਹਾ ਹੈ ਅਤੇ ਇਹ ਦਿਨ ਔਰਤਾਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਰੱਖਦਾ ਹੈ। ਉਨਾਂ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਔਰਤਾਂ ਦੇ ਸਸ਼ਕਤੀਕਰਨ ਲਈ ਠੋਸ ਉਪਰਾਲੇ ਕੀਤੇ ਗਏ ਹਨ ਅਤੇ ਇਸ ਤੋਂ ਪਹਿਲਾਂ ਧੀਆਂ ਦੀ ਲੋਹੜੀ ਵੀ ਮਨਾਈ ਗਈ ਸੀ ਤੇ ਮੁੱਖ ਮੰਤਰੀ ਪੰਜਾਬ ਦੇ ਹਸਤਾਖਰਾਂ ਵਾਲੇ ਸਰਟੀਫਿਕੇਟ ਨਵਜੰਮੀਆਂ ਧੀਆਂ ਨੂੰ ਦਿੱਤੇ ਗਏ ਸਨ।

ਉਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਸਰਕਾਰੀ ਨੌਕਰੀਆਂ ਵਿਚ ਔਰਤਾਂ ਲਈ 33 ਫੀਸਦ ਰਾਖਵਾਂਕਰਨ, ਸਥਾਨਕ ਅਤੇ ਪੰਚਾਇਤੀ ਚੋਣਾਂ ਵਿਚ 50 ਫੀਸਦ ਰਾਖਵਾਂਕਰਨ, ਔਰਤਾਂ ਲਈ ਮੁਫਤ ਬੱਸ ਸਹੂਲਤ, ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੇਡ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਨੂੰ ਵਿੱਤੀ ਮਦਦ, ਬੁਢਾਪਾ, ਵਿਧਵਾ ਪੈਨਸ਼ਨ ਡਬਲ ਕੀਤੀ ਗਈ ਅਤੇ ਆਸ਼ਰਿਤ ਵਿੱਤੀ ਸਹਾਇਤਾ ਵਿਚ ਵਾਧਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 1 ਜੁਲਾਈ ਤੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਕੀਤੀ ਗਈ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਅਦਾਇਗੀ ਅਗਸਤ ਮਹੀਨੇ ਤੋਂ ਕਰਨ ਲਈ ਵੰਡ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਯੋਗ ਪਾਏ ਗਏ 26 ਲੱਖ 21 ਹਜਾਰ 201 ਲਾਭਪਾਤਰੀਆਂ ਨੂੰ ਪੈਨਸ਼ਨਾਂ ਦੀ ਵੰਡ ਕਰਨ ਲਈ ਸੂਬਾ ਸਰਕਾਰ ਨੇ ਇਸ ਵਿੱਤੀ ਵਰ੍ਹੇ ਦੌਰਾਨ 4000 ਕਰੋੜ ਰੁਪਏ ਦਾ ਬਜਟ ਰਾਖਵਾਂ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮਾਜਿਕ ਸੁਰੱਖਿਆ ਮਾਸਿਕ ਪੈਨਸਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦੀ ਮਨਜੂਰੀ ਪਿੱਛੋਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸਨ ਜਾਰੀ ਕਰਦਿਆਂ 1 ਜੁਲਾਈ ਤੋਂ ਇਹ ਵਾਧਾ ਲਾਗੂ ਕਰ ਦਿੱਤਾ ਗਿਆ ਸੀ, ਜਿਸ ਦੀ ਅਦਾਇਗੀ ਸਬੰਧੀ ਪ੍ਰਕਿਰਿਆ ਅਗਸਤ ਮਹੀਨੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।

ਜਿਕਰਯੋਗ ਹੈ ਕਿ ਮਾਸਿਕ ਪੈਨਸਨ 750 ਰੁਪਏ ਤੋਂ ਵਧਾ ਕੇ 1500 ਰੁਪਏ (ਦੁੱਗਣੀ) ਕਰਨ ਦੇ ਮੱਦੇਨਜਰ 2021-22 ਦੌਰਾਨ 4,000 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਸਾਲ 2020-21 ਦੇ 2,320 ਕਰੋੜ ਰੁਪਏ ਦੇ ਬਜਟਰੀ ਖਰਚਿਆਂ ਦੇ ਮੁਕਾਬਲੇ 72 ਫੀਸਦੀ ਵਾਧਾ ਦਰਸਾਉਂਦਾ ਹੈ। ਉਨਾਂ ਦੱਸਿਆ ਕਿ ਸੂਬੇ ਦੇ ਸਮੂਹ ਜਿਲਿ੍ਹਆਂ ਦੇ 17,64,909 ਬਜੁਰਗਾਂ, 4,90,539 ਵਿਧਵਾਵਾਂ ਅਤੇ ਬੇਸਹਾਰਾ ਔਰਤਾਂ, 2,09,110 ਦਿਵਿਆਂਗ ਵਿਅਕਤੀਆਂ ਅਤੇ 1,56,643 ਆਸ਼ਰਿਤ ਬੱਚਿਆਂ ਨੂੰ ਦੁੱਗਣੀ ਪੈਨਸ਼ਨ ਦਾ ਲਾਭ ਮਿਲੇਗਾ।

ਇਸ ਮੌਕੇ ਡਾਇਰੈਕਟਰ ਸ੍ਰੀ ਵਿਪੁੱਲ ਉਜਵਲ ਨੇ ਕਿਹਾ ਕਿ ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵਿਚ ਜਿਕਰਯੋਗ ਉਪਰਾਲੇ ਕੀਤੇ ਗਏ ਹਨ, ਜਿਸ ਨਾਲ ਔਰਤਾਂ ਦੇ ਮਾਣ-ਸਨਮਾਨ ਵਿਚ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ ਅੱਜ ਦੀਨਾਨਗਰ ਵਿਖੇ ਕਰਵਾਏ ਗਏ ‘ਰਾਜ ਪੱਧਰੀ ਮੇਲਾ-ਤੀਆਂ ਤੀਜ ਦੀਆਂ’ ਤਹਿਤ ਸੂਬਾ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਕੀਮਾਂ ਸਬੰਧੀ ਔਰਤਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਲੜੀਵਾਰ ਸਮਾਗਮ ਕਰਵਾਏ ਜਾਣਗੇ, ਜਿਸ ਦੀ ਅੱਜ ਦੀਨਾਨਗਰ ਤੋਂ ਸ਼ੁਰੂਆਤ ਕੀਤੀ ਗਈ ਹੈ।

ਇਸ ਮੌਕੇ ਸ੍ਰੀਮਤੀ ਸ਼ਾਹਲਾ ਕਾਦਰੀ ਧਰਮਪਤਨੀ ਗੁਰਦਾਸਪੁਰ ਅਤੇ ਡਾ. ਹਰਨੀਤ ਕੋਰ ਭਾਟੀਆ ਧਰਮਪਤਨੀ ਐਸ.ਐਸ.ਪੀ ਗੁਰਦਾਸਪੁਰ ਅਤੇ ਐਸ.ਡੀ.ਐਮ ਦੀਨਾਨਗਰ ਵਲੋਂ ਤੀਆਂ ਦੇ ਤਿਉਹਾਰ ਦੀ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਗਈ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਦਾ ਸਮਾਗਮ ਵਿਚ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨਾਂ ਨੇ ਵੱਖ-ਵੱਖ ਸਟਾਲਾਂ ਵਿੱਚ ਜਾ ਕੇ ਘਰੇਲੂ ਖਾਣੇ ਦਾ ਆਨੰਦ ਵੀ ਮਾਣਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਸਮੇਤ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਸਮਾਗਮ ਦੀ ਸਮਾਪਤ ਗਿੱਧੇ ਨਾਲ ਹੋਈ, ਜਿਸ ਵਿਚ ਸਾਰਿਆਂ ਨੇ ਹਿੱਸਾ ਲਿਆ ਤੇ ਸਮਾਗਮ ਯਾਦਗਾਰੀ ਹੋ ਨਿਬੱੜਿਆ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments