ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਖੁਦ ਟ੍ਰੈਕਟਰ ਚਲਾ ਕੇ ਲਿਆ ਝੋਨੇ ਦੀ ਸਿੱਧੀ ਬਿਜਾਈ ਦਾ ਟ੍ਰਾਇਲ *ਝੋਨੇ ਦੀ ਸਿੱਧੀ ਬਿਜਾਈ ਨਾਲ ਲੇਬਰ ਦੀ ਸਮੱਸਿਆ ਦਾ ਹੱਲ ਅਤੇ ਪਾਣੀ ਦੀ ਬੱਚਤ ਯਕੀਨੀ: ਸੇਤੀਆ 1 ਜੂਨ ਤੋਂ 15 ਜੂਨ ਤੱਕ ਹੈ ਝੋਨੇ ਦੀ ਸਿੱਧੀ ਬਿਜਾਈ ਦਾ ਢੁੱਕਵਾਂ ਸਮਾਂ

0
222

ਫਰੀਦਕੋਟ ,6 ਜੂਨ : ਧਰਮ ਪ੍ਰਵਾਨਾਂ
ਝੋਨੇ ਦੀ ਸਿੱਧੀ ਬਿਜਾਈ ਨਾਲ ਜਿੱਥੇ ਕੁਦਰਤ ਦੇ ਵੱਡਮੁੱਲੇ ਸਰੋਤ ਪਾਣੀ ਦੀ ਬੱਚਤ ਹੋਵੇਗੀ, ਉੱਥੇ ਹੀ ਕਿਸਾਨਾਂ ਨੂੰ ਪਨੀਰੀ ਰਾਹੀਂ ਝੋਨੇ ਲਵਾਈ ਮੌਕੇ ਆਉਣ ਵਾਲੀ ਲੇਬਰ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਆਤਮਾ ਫਰੀਦਕੋਟ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਜਿਲ੍ਹੇ ਦੇ ਪਿੰਡ ਚਾਹਲ ਵਿਖੇ ਕਿਸਾਨਾਂ ਗੁਰਵਿੰਦਰ ਸਿੰਘ ਅਤੇ ਹਰਮੀਤ ਸਿੰਘ ਦੇ ਖੇਤਾਂ ਵਿਚ ਕਿਸਾਨਾ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ੳੁਤਸ਼ਾਹਿਤ ਕਰਨ ਤੋਂ ਪਹਿਲਾਂ ਖੁਦ ਟ੍ਰੈਕਟਰ ਚਲਾ ਕੇ ਸਿੱਧੀ ਬਿਜਾਈ ਦੀ ਪਰਖ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿਹਾ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਆਪਣੇ ਕੁਦਰਤੀ ਸੋਮਿਆਂ ਦੀ ਸੰਭਾਲ ਵੱਲ ਇਹ ਵੱਡਾ ਕਦਮ ਸਾਬਤ ਹੋਵੇਗਾ।
ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਇਸ ਤਕਨੀਕ ਨਾਲ ਜਿਥੇ ਇੱਕ ਪਾਸੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਉੱਥੇ ਹੀ ਕੋਵਿਡ ਦੇ ਅੋਖੇ ਸਮੇ ਵਿੱਚ ਕਿਸਾਨਾਂ ਉਤੇ ਆਰਥਿਕ ਬੋਝ ਵੀ ਘੱਟ ਪਵੇਗਾ ਕਿਉਕਿ ਲਵਾਈ ਮੌਕੇ ਲੇਬਰ ’ਤੇ ਆਉਣ ਵਾਲਾ ਸਿੱਧਾ ਖਰਚਾ ਤਾਂ ਬਚੇਗਾ ਤੇ ਨਾਲ ਹੀ ਖੇਤਾਂ ਨੂੰ ਪਾਣੀ ਨਾਲ ਭਰ ਕੇ ਵਾਹੁਣ ਦਾ ਖਰਚਾ ਵੀ ਬਚੇਗਾ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਵਰਤੋਂ ਪ੍ਰਤੀ ਸੁਹਿਰਦ ਹੋ ਕੇ ਸੋਚਣ ਦੀ ਲੋੜ ਹੈ ਕਿਉਕਿ ਇਨਾਂ ਦੀ ਅੰਨੇਵਾਹ ਦੁਰਵਰਤੋਂ ਨੇ ਕੁਦਰਤੀ ਸਰੋਤਾਂ ਦਾ ਵੱਡਾ ਨੁਕਸਾਨ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ਸਾਰੇ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ ਤਾਂ ਧਰਤੀ ਹੇਠਲੇ ਪਾਣੀ ਦੇ ਉੱਪਰ ਆਉਣ ਦੀ ਵੀ ਸੰਭਾਵਨਾ ਹੈ ਕਿਉਕਿ ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਪਾਣੀ ਰਵਾਇਤੀ ਤਰੀਕੇ ਨਾਲੋਂ ਜ਼ਿਆਦਾ ਸਿੰਜਦਾ ਹੈ ਤੇ ਪਾਣੀ ਦੀ ਲੋੜ ਵੀ ਘੱਟ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ ਕਿਸਾਨਾਂ ਵੱਲੋ ਕਰੀਬ 12500 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਢੁੱਕਵਾਂ ਸਮਾਂ 01 ਜੂਨ ਤੋ 15 ਜੂਨ ਤੱਕ ਹੈ ਅਤੇ ਬਾਸਮਤੀ ਕਿਸਮਾਂ ਦੀ ਬਿਜਾਈ ਦਾ ਢੁੱਕਵਾਂ ਸਮਾਂ 16 ਜੂਨ ਤੋਂ 30 ਜੂਨ ਤੱਕ ਹੈ।ਕਿ ਝੋਨੇ ਦੀ ਸਿੱਧੀ ਬਿਜਾਈ ਕੇਵਲ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਹੀ ਕੀਤੀ ਜਾਵੇ ਅਤੇ ਹਲਕੀਆਂ ਜ਼ਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਨਾ ਕੀਤੀ ਜਾਵੇ।
ਪੀ.ਡੀ ਆਤਮਾਂ ਡਾ. ਅਮਨਦੀਪ ਕੇਸ਼ਵ ਨੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦੇ ਹੋਏ ਸਲਾਹ ਦਿੱਤੀ ਕਿ ਉਹ ਝੋਨੇ ਦੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀ.ਆਰ.121, ਪੀ.ਆਰ. 122, ਪੀ.ਆਰ. 124, ਪੀ.ਆਰ. 126, ਪੀ.ਆਰ. 127, ਪੀ.ਆਰ. 128, ਪੀ.ਆਰ. 129 ਅਤੇ ਪੀ.ਆਰ. 114 ਆਦਿ ਦੀ ਬਿਜਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਝੋਨੇ ਦੇ 8 ਕਿਲੋਗ੍ਰਾਮ ਬੀਜ ਨੂੰ 8 ਤੋਂ 10 ਘੰਟੇ ਪਾਣੀ ਵਿਚ ਭਿਉ ਕੇ ਗਿੱਲੀਆਂ ਬੋਰੀਆਂ ਉਤੇ ਵਿਛਾਉਣ ਉਪਰੰਤ ਬੀਜ ਸੋਧ ਲਈ 24 ਗ੍ਰਾਮ ਸਪਰਿੰਟ 75 ਡਬਲਯੂ.ਐਸ ਦਵਾਈ ਨੂੰ 80100 ਮਿਲੀਲਿਟਰ ਪਾਣੀ ਵਿੱਚ ਘੋਲਕੇ ਬੀਜ ਨੂੰ ਚੰਗੀ ਤਰਾਂ ਮਲ ਦਿਉ। ਇਸ ਉਪਰੰਤ ਬੀਜ ਨੂੰ ਛਾਂ ਵਿੱਚ ਸੁਕਾ ਕੇ ਬਿਜਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਉਪਰੰਤ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਗਾਇਆ ਜਾਵੇ ਤਾਂ ਜੋ ਝੋਨੇ ਦੇ ਬੂਟੇ ਦੀ ਜੜ ਆਪਣੀ ਤਾਕਤ ਬਣਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਉਪਰੰਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਿਫਾਰਸ਼ਸੁਦਾ ਵੀਡੀਸਾਈਡ ਜਿਵੇਂ ਕਿ ਪੈਡੀਮੈਥਲੀਨ 50%, ਬਿਸਪਾਇਰੀਬੈਕ 10 ਐਸ.ਸੀ. ਅਜਿਮਸਲਫੂਰਾਨ 50 ਡੀ.ਐਫ ਆਦਿ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਹੀ ਵਰਤੋ ਕਰਨ। ਪਿੰਡ ਚਾਹਲ ਦੇ ਕਿਸਾਨਾਂ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਹ ਇਸ ਵਾਰ ਆਪਣੀ ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ।
ਇਸ ਮੌਕੇ ਡਾ. ਭੁਪੇਸ਼ ਜੋਸ਼ੀ ਤੇ ਡਾ. ਰਵਿੰਦਰਪਾਲ ਸਿੰਘ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਤੇ ਪਿੰਡ ਦੇ ਕਿਸਾਨ ਹਾਜ਼ਰ ਸਨ।

Previous articleਅੱਜ ਸੰਦੀਪ ਸਿੰਘ ਸੰਨੀ ਬਰਾੜ ਨਗਰ ਕੌਂਸਲ ਫਰੀਦਕੋਟ ਵਿਖੇ ਪਹੁੰਚ ਕੇ ਪੰਜਾਬ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਸੁਣੀਆਂ
Next articleਮੱਧ ਪ੍ਰਦੇਸ਼ ਦੀ ਮੌਜੂਦਾ ਸਰਕਾਰ ਵੱਲੋਂ ਪੱਛੜੇ ਵਰਗਾਂ ਨੂੰ ਸੰਵਿਧਾਨਿਕ ਸ਼ਕਤੀਆਂ ਦੇਣ ਦਾ ਸੁਆਗਤ : ਟਿੰਕੂ ਪ੍ਰਜਾਪਤੀ ਆਖਿਆ! ਪੰਜਾਬ ਸਰਕਾਰ ਵੀ ਪੱਛੜਾ ਵਰਗ ਆਯੋਗ ਦੀ ਸਾਰ ਲੈ ਕੇ ਕਰੇ ਮਜਬੂਤ

LEAVE A REPLY

Please enter your comment!
Please enter your name here