ਨਗਰ ਨਿਗਮ ਬਟਾਲਾ ਨੇ ਟ੍ਰੇਨਿੰਗ ਪ੍ਰੋਗਰਾਮ ਲਗਾ ਕੇ ਰੇਹੜੀ ਵਾਲਿਆਂ ਨੂੰ ਸਫ਼ਾਈ ਰੱਖਣ ਦੇ ਗੁਰ ਸਿਖਾਏ

0
290

ਬਟਾਲਾ, 27 ਜੁਲਾਈ (ਸਲਾਮ ਤਾਰੀ ) – ਰੇਹੜੀ ਵਾਲਿਆਂ ਨੂੰ ਸਾਫ਼-ਸਫ਼ਾਈ ਰੱਖਣ ਬਾਰੇ ਅੱਜ ਨਗਰ ਨਿਗਮ ਬਟਾਲਾ ਵੱਲੋਂ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਲਗਾਇਆ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਦੀ ਪ੍ਰਧਾਨਗੀ ਮੇਅਰ ਨਗਰ ਨਿਗਮ ਬਟਾਲਾ ਸ. ਸੁਖਦੀਪ ਸਿੰਘ ਤੇਜਾ ਅਤੇ ਕਮਿਸ਼ਨਰ ਨਗਰ ਨਿਗਮ ਸ. ਬਲਵਿੰਦਰ ਸਿੰਘ ਵੱਲੋਂ ਕੀਤੀ ਗਈ।

ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੈਡਮ ਮਨਦੀਪ ਕੌਰ ਨੇ ਬਟਾਲਾ ਸ਼ਹਿਰ ਦੇ ਰੇਹੜੀ ਵਾਲਿਆਂ ਨੂੰ ਸਫ਼ਾਈ ਰੱਖਣ ਦੇ ਗੁਰ ਦੱਸੇ। ਉਨ੍ਹਾਂ ਕਿਹਾ ਕਿ ਜੇਕਰ ਰੇਹੜੀ ਵਾਲੇ ਆਪਣੀ ਅਤੇ ਵੇਚੇ ਜਾ ਰਹੇ ਸਮਾਨ ਦੀ ਸਾਫ਼ ਸਫ਼ਾਈ ਦਾ ਧਿਆਨ ਰੱਖਣਗੇ ਤਾਂ ਉਨ੍ਹਾਂ ਦੀ ਸੇਲ ਵੱਧਣ ਦੇ ਨਾਲ ਲੋਕ ਵੀ ਬਿਮਾਰੀਆਂ ਤੋਂ ਬਚ ਸਕਣਗੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਸਾਫ਼-ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਰੇਹੜੀਆਂ ਵਾਲਿਆਂ ਨੂੰ ਖਾਣਾ ਬਣਾਉਣ ਲਈ ਸ਼ੁੱਧ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਕੱਚੇ/ਪੱਕੇ ਹੋਏ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਦਾ ਪ੍ਰਬੰਧ ਅਤੇ ਭੰਡਾਰਨ ਵੱਖ-ਵੱਖ ਕਰਨਾ ਚਾਹੀਦਾ ਹੈ। ਰੇਹੜੀ ਵਾਲਿਆਂ ਨੂੰ ਆਪਣੀ ਖੁਦ ਦੀ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਾਫ਼-ਸੁਥਰੇ ਕੱਪੜੇ ਪਾਉਣ ਦੇ ਨਾਲ ਆਪਣੇ ਨੂੰਹਾਂ ਨੂੰ ਕੱਟ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਥਾਂ ਨੂੰ ਸਾਫ਼ ਰੱਖਣਾ ਬਹੁਤ ਜਰੂਰੀ ਹੈ।

ਮਨਦੀਪ ਕੌਰ ਨੇ ਕਿਹਾ ਕਿ ਜੇਕਰ ਰੇਹੜੀ ਵਾਲਾ ਵਿਅਕਤੀ ਬਿਮਾਰ ਹੈ ਤਾਂ ਉਸਨੂੰ ਅਹਤਿਆਤ ਵਰਤਦਿਆਂ ਖਾਣਾ ਬਣਾਉਣ ਅਤੇ ਪਰੋਸਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖਾਣਾ ਬਣਾਉਣ ਦੀ ਥਾਂ ਅਤੇ ਬਰਤਨ ਸਾਫ਼ ਕਰਨ ਲਈ ਵੱਖ-ਵੱਖ ਕਪੜੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬਚੇ ਹੋਏ ਖਰਾਬ ਭੋਜਨ ਲਈ ਵੱਖਰੇ ਤੌਰ ’ਤੇ ਢੱਕੇ ਹੋਏ ਕੂੜੇਦਾਨ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੁਝ ਸਾਵਧਾਨੀਆਂ ਵਰਤ ਕੇ ਰੇਹੜੀ ਵਾਲੇ ਖੁਦ ਅਤੇ ਆਪਣੇ ਗ੍ਰਹਾਕਾਂ ਨੂੰ ਬਿਮਾਰੀਆਂ ਤੋਂ ਬਚਾਅ ਸਕਦੇ ਹਨ। ਇਸ ਮੌਕੇ ਰੇਹੜੀ ਵਾਲਿਆਂ ਨੂੰ ਟ੍ਰੇਨਿੰਗ ਸਰਟੀਫਿਕੇਟ, ਫੂਡ ਸੇਫਟੀ ਕਿੱਟ, ਮਾਸਕ, ਕੈਪ ਆਦਿ ਮੁਫ਼ਤ ਦਿੱਤੀਆਂ ਗਈਆਂ।

ਇਸ ਮੌਕੇ ਮੇਅਰ ਸ. ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਵੱਲੋਂ ਰੇਹੜੀ ਵਾਲਿਆਂ ਨੂੰ ਸਫ਼ਾਈ ਸਬੰਧੀ ਜਾਗਰੂਕ ਕਰਨ ਲਈ ਲਗਾਇਆ ਗਿਆ ਇਹ ਟ੍ਰੇਨਿੰਗ ਪ੍ਰੋਗਰਾਮ ਬਹੁਤ ਲਾਹੇਵੰਦਾ ਹੈ ਅਤੇ ਇਸ ਤੋਂ ਸਿੱਖ ਕੇ ਰੇਹੜੀਆਂ ਵਾਲੇ ਇਸ ’ਤੇ ਵਿਹਾਰਕ ਤੌਰ ਅਮਲ ਕਰਨਗੇ।

ਇਸ ਦੌਰਾਨ ਕਮਿਸ਼ਨਰ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਰੇਹੜੀ ਵਾਲਿਆਂ ਨੂੰ ਸਫ਼ਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਟਾਲਾ ਸ਼ਹਿਰ ਵਿੱਚ ਇਹ ਟ੍ਰੇਨਿੰਗ ਪ੍ਰੋਗਰਾਮ ਤਿੰਨ ਦਿਨ ਚਲਾਇਆ ਜਾਵੇਗਾ, ਜਿਸ ਵਿੱਚ ਹਰ ਰੇਹੜੀ ਵਾਲੇ ਨੂੰ ਭਾਗ ਲੈਣਾ ਚਾਹੀਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਪਰਡੈਂਟ ਨਿਰਮਲ ਸਿੰਘ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਦਵਿੰਦਰ ਸਿੰਘ, ਹਰਪਾਲ ਸਿੰਘ ਖਾਲਸਾ, ਵਿਜੇ ਕੁਮਾਰ, ਰਮੇਸ਼ ਬੂਰਾ ਵੀ ਮੌਜੂਦ ਸਨ।

Previous articleਪੰਜਾਬ ਵਿੱਚ ਕੋਵਿਡ ਵੈਕਸੀਨ ਲਈ ਸਿਹਤ ਵਿਭਾਗ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ – ਚੇਅਰਮੈਨ ਚੀਮਾ
Next articleਮੈਡੀਕਲ ਕੈਂਪ ਵਿਚ 60 ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ
Editor-in-chief at Salam News Punjab

LEAVE A REPLY

Please enter your comment!
Please enter your name here