ਸ਼ਹਿਰੀ ਖੇਤਰਾਂ ਤੋਂ ਡੇਂਗੂ ਦੇ 80 ਫ਼ੀਸਦ ਮਾਮਲੇ ਸਾਹਮਣੇ ਆਏ : ਚੇਅਰਮੈਨ ਚੀਮਾ

0
272

ਬਟਾਲਾ, 23 ਜੁਲਾਈ (ਸਲਾਮ ਤਾਰੀ ) – ਸ਼ਹਿਰੀ ਖੇਤਰਾਂ ਤੋਂ ਡੇਂਗੂ ਦੇ 80 ਫ਼ੀਸਦ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਟੇਟ ਟਾਸਕ ਫੋਰਸ ਦੇ ਸਾਰੇ ਸਬੰਧਤ ਵਿਭਾਗਾਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਹੋਰ ਵੈਕਟਰ ਤੇ ਪਾਣੀ ਤੋਂ ਪੈਦਾ ਹੋਣ ਵਾਲਿਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਰੋਕਥਾਮ ਉਪਾਵਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸਟੇਟ ਟਾਸਕ ਫੋਰਸ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੀ ਭੂਮਿਕਾ ਸ਼ਹਿਰੀ ਖੇਤਰਾਂ ਵਿੱਚ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਲਈ ਕੀਟਨਾਸ਼ਕਾਂ ਅਤੇ ਲਾਰਵੀਸਾਈਡਾਂ ਦੇ ਛੜਕਾਅ ਨੂੰ ਯਕੀਨੀ ਬਣਾਉਣਾ ਹੈ। ਇਸੇ ਤਰਾਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੇਂਡੂ ਖੇਤਰਾਂ ਦੇ ਛੱਪੜਾਂ ਵਿੱਚ ਲਾਰਵੀਸਾਈਡਾਂ ਦਾ ਛੜਕਾਅ ਕਰਕੇ ਅਤੇ ਲਾਰਵਾਨਾਸੀ ਮੱਛੀਆਂ ਛੱਡ ਕੇ ਮੱਛਰ ਪੈਦਾ ਹੋਣ ਦੀ ਰੋਕਥਾਮ ਵਿੱਚ ਸਹਾਇਤਾ ਕਰ ਸਕਦਾ ਹੈ। ਪਿੰਡ ਦੀਆਂ ਸਿਹਤ ਅਤੇ ਸੈਨੀਟੇਸ਼ਨ ਕਮੇਟੀਆਂ ਰਾਹੀਂ ਜਾਗਰੂਕਤਾ ਪੈਦਾ ਕਰਨਾ ਵੈਕਟਰ ਬੋਰਨ ਡਿਸਿਜੀਜ਼ ਦੀ ਰੋਕਥਾਮ ਵਿੱਚ ਸਹਾਈ ਹੋ ਸਕਦਾ ਹੈ।

ਉਨਾਂ ਕਿਹਾ ਕਿ ਟਰਾਂਸਪੋਰਟ ਅਤੇ ਰੋਡਵੇਜ਼ ਵਿਭਾਗ ਇਹ ਸੁਨਿਸ਼ਚਿਤ ਕਰ ਸਕਦਾ ਹੈ ਕਿ ਸੁੱਟੇ ਗਏ ਟਾਇਰਾਂ ਦਾ ਨਿਪਟਾਰਾ ਕੀਤਾ ਜਾਵੇ ਜਾਂ ਉਨਾਂ ਨੂੰ ਸਹੀ ਢੰਗ ਨਾਲ ਸਟੋਰ ਕੀਤਾ ਜਾਵੇ, ਤਾਂ ਜੋ ਇਹ ਟਾਇਰ ਮੱਛਰਾਂ ਦੇ ਪ੍ਰਜਨਨ ਵਾਲੀ ਥਾਂ ਨਾ ਬਣਨ। ਉਨਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਜ਼ਿਲਾ ਹੈਚਰੀਜ਼ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕਰ ਸਕਦਾ ਹੈ ਜਿਥੇ ਗੈਂਮਬੂਸੀਆ ਦਾ ਪ੍ਰਜਨਨ ਕੀਤਾ ਜਾਂਦਾ ਹੈ।

ਜਾਗਰੂਕਤਾ ਫੈਲਾਉਣ ਲਈ ਸਿੱਖਿਆ ਵਿਭਾਗ ਦੀ ਮਹੱਤਵਪੂਰਣ ਭੂਮਿਕਾ ਬਾਰੇ ਚੇਅਰਮੈਨ ਚੀਮਾ ਨੇ ਕਿਹਾ ਕਿ ਚਿਕਨਪੌਕਸ, ਖਸਰਾ, ਕਨੇਡੂ ਆਦਿ ਵਰਗੀਆਂ ਛੂਤ ਦੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਬੁਖ਼ਾਰ, ਧੱਫੜ ਜਾਂ ਅਜਿਹੇ ਕਿਸੇ ਹੋਰ ਲੱਛਣਾਂ ਵਾਲੀ ਬਿਮਾਰੀ ਤੋਂ ਪ੍ਰਭਾਵਿਤ ਬੱਚਿਆਂ ਬਾਰੇ ਛੇਤੀ ਸੂਚਿਤ ਕਰਕੇ ਅਤੇ ਵੈਕਟਰ ਬੋਰਨ ਡਿਸਿਜਿਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਿੱਚ, ਸਕੂਲੀ ਬੱਚੇ ਆਪਣਾ ਯੋਗਦਾਨ ਦੇ ਸਕਦੇ ਹਨ। ਉਹਨਾਂ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨਾਲ ਸਾਂਝੇ ਕੀਤੇ ਜਾਣੇ ਚਾਹੀਦੇ ਹਨ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਸੂਬੇ ਵਿੱਚ ਸਾਲ 2020 ਵਿੱਚ ਡੇਂਗੂ ਦੇ 8345 ਕੇਸ ਆਏ ਸਨ ਅਤੇ 22 ਮੌਤਾਂ ਹੋਈਆਂ ਸਨ ਅਤੇ ਮੌਜੂਦਾ ਸਾਲ ਦੌਰਾਨ 20 ਜੁਲਾਈ ਤੱਕ ਡੇਂਗੂ ਦੇ ਕੁੱਲ 72 ਮਾਮਲੇ ਸਾਹਮਣੇ ਆ ਚੁੱਕੇ ਹਨ। ਉਨਾਂ ਕਿਹਾ ਕਿ ਏਕੀਕਿ੍ਰਤ ਰੋਗ ਨਿਗਰਾਨ ਪ੍ਰੋਗਰਾਮ ਦੇ ਠੋਸ ਯਤਨਾਂ ਸਦਕਾ ਅੱਜ ਤੱਕ ਡੇਂਗੂ ਕਾਰਨ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ ਅਤੇ ਪਿਛਲੇ 2 ਸਾਲ ਤੋਂ ਸੂਬੇ ਵਿੱਚ ਕੋਈ ਵੀ ਚਿਕਨਗੁਨੀਆ ਦਾ ਕੇਸ ਸਾਹਮਣੇ ਨਹੀਂ ਆਇਆ ਹੈ।

ਸ. ਚੀਮਾ ਨੇ ਮਲੇਰੀਆ ਦੇ ਖਾਤਮੇ ਦੀ ਮੁਹਿੰਮ ਸਬੰਧੀ ਅੰਕੜਿਆਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਪਿਛਲੇ 5 ਸਾਲਾਂ ਤੋਂ ਪੰਜਾਬ ਵਿੱਚ ਮਲੇਰੀਆ ਕਾਰਨ ਕਿਸੇ ਦੀ ਮੌਤ ਨਹੀਂ ਹੋਈ ਹੈ। ਉਨਾਂ ਕਿਹਾ ਕਿ ਮਲੇਰੀਆ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ ਅਤੇ ਸਾਲ 2020 ਵਿੱਚ ਸਿਰਫ 109 ਮਾਮਲੇ ਸਾਹਮਣੇ ਆਏ ਹਨ। ਉਹਨਾਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਅਜਿਹਾ ਪਹਿਲਾ ਰਾਜ ਹੈ ਜਿਸ ਨੇ ਮਲੇਰੀਆ ਦੇ ਇਲਾਜ ਕਾਰਡ ਦੀ ਸ਼ੁਰੂਆਤ ਕੀਤੀ ਤਾਂ ਜੋ ਮੁਕੰਮਲ ਇਲਾਜ ਦੀ ਨਿਗਰਾਨੀ ਕੀਤੀ ਜਾ ਸਕੇ।

Previous articleਲੋਕ ਕੋਵਿਡ ਬਿਮਾਰੀ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਨ-ਸਿਵਲ ਸਰਜਨ
Next articleਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਪੌਦੇ ਲਗਾਏ ਗਏ
Editor-in-chief at Salam News Punjab

LEAVE A REPLY

Please enter your comment!
Please enter your name here