spot_img

ਆਰਟੀਕਲ ‘ਬੱਚੇ ਅਤੇ ਬੱਚਿਆਂ ਦੀ ਲਿਖਤ-ਬਨਾਵਟ ‘

ਮਨੁੱਖੀ ਜੀਵਨ ਦਾ ਮੂਲ ਅਧਾਰ ਬਚਪਨ ਹੈ। ਜੀਵਨ ਦੀ ਨੀਂਹ ਬਚਪਨ ਤੋਂ ਹੀ ਸ਼ੁਰੂ ਹੁੰਦੀ ਹੈ। ਬਾਲ-ਮਨ ਇੱਕ ਕੋਰੇ ਕਾਗ਼ਜ਼ ਵਰਗਾ ਹੁੰਦਾ ਹੈ। ਬਚਪਨ ਵਿੱਚ ਬੱਚਾ ਜੋ ਕੁਝ ਵੀ ਸਿੱਖਦਾ ਹੈ ਉਹ ਸਭ ਕੁਝ ਉਸ ਦੇ ਅਚੇਤ ਮਨ ਵਿੱਚ ਉਕਰ ਜਾਂਦਾ ਹੈ। ਲਿਖਾਈ ਆਮ ਤੌਰ ਤੇ ਬੱਚਿਆਂ ਨਾਲ਼ ਜੁੜੀ ਹੋਈ ਹੈ। ਇਹ ਬਚਪਨ ਵਿੱਚ ਹੀ ਸਕੂਲਾਂ ਵਿੱਚ ਸਿਖਾਈ ਜਾਂਦੀ ਹੈ। ਭਾਸ਼ਾ ਦੇ ਚਾਰ ਮੁੱਖ ਕੌਸਲ ਹਨ- ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਇਹ ਚਾਰੋਂ ਕ੍ਰਮਵਾਰ ਚੱਲਣੇ ਚਾਹੀਦੇ ਹਨ। ਹੁਣ ਸਕੂਲਾਂ ਵਿੱਚ ਪਹਿਲਾਂ ਲਿਖਣਾ ਸਿਖਾਇਆ ਜਾਂਦਾ ਹੈ ਫਿਰ ਬੋਲਣਾ।ਹਰ ਸਕੂਲ ਦਾ ਲਿਖਾਈ ਸਿਖਾਉਣ ਦਾ ਆਪਣਾ-ਆਪਣਾ ਢੰਗ ਹੈ। ਅੱਖਰਾਂ ਦੀ ਬਣਾਵਟ ਦਾ ਢੰਗ ਤਾਂ ਹਰ ਥਾਂ ਇੱਕੋ ਜਿਹਾ ਹੀ ਦਿੱਸਦਾ ਹੈ। ਬੱਚਿਆਂ ਨੂੰ ਪਹਿਲਾਂ ਇੱਕ-ਇੱਕ ਅੱਖਰ ਲਿਖਣਾ ਸਿਖਾਇਆ ਜਾਂਦਾ ਹੈ, ਅੱਖਰ ਲਿਖਣੇ ਸਿੱਖਣ ਤੋਂ ਬਾਅਦ ਉਹ ਅੱਖਰਾਂ ਨੂੰ ਜੋੜ ਕੇ ਸ਼ਬਦ ਲਿਖਣਾ ਸਿੱਖ ਜਾਂਦੇ ਹਨ। ਇਸ ਵੇਲ਼ੇ ਹੀ ਉਹ ਅੱਖਰਾਂ ਦੀ ਦਿਸ਼ਾ, ਲੈਅ, ਅਕਾਰ ਅਤੇ ਅੱਖਰਾਂ ਨੂੰ ਜੋੜਨ ਵਾਲ਼ੀਆਂ ਰੇਖਾਵਾਂ ਨਾਲ਼ ਲਿਖਾਈ ਵਿੱਚ ਅੰਤਰ ਲੈ ਆਉਂਦੇ ਹਨ। ਇਹਨਾਂ ’ਤੇ ਅਧਿਆਪਕ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਛੋਟੇ ਬੱਚੇ ਨੂੰ ਜਦੋਂ ਲਿਖਣਾ ਸਿਖਾਇਆ ਜਾਵੇ ਤਾਂ ਉਸ ਦੀ ਸਰੀਰਕ ਅਤੇ ਬੌਧਿਕ ਸਮਰੱਥਾ ਵਿੱਚ ਇਕਸਾਰਤਾ ਹੋਣ ਦੀ ਲੋੜ ਹੈ। ਛੋਟੇ ਬੱਚਿਆਂ ਦੀ ਲਿਖਾਈ ਬਿਨਾਂ ਕਿਸੇ ਲੈਅ ਦੇ ਵੱਡੇ-ਵੱਡੇ ਅੱਖਰਾਂ ਨਾਲ਼ ਸ਼ੁਰੂ ਹੁੰਦੀ ਹੈ। ਪਰ ਅਭਿਆਸ ਨਾਲ਼ ਕੁਝ ਸਮੇਂ ਬਾਅਦ ਹਰ ਬੱਚੇ ਦੀ ਇੱਕ ਵਿਸ਼ੇਸ਼ ਤਰ੍ਹਾਂ ਦੀ ਲਿਖਤ ਬਣਾਵਟ ਬਣ ਜਾਂਦੀ ਹੈ। ਬੱਚਾ ਆਪਣੇ ਦਿਮਾਗ਼ ਵਿੱਚ ਕੁਝ ਅਦਰਸ਼-ਪਾਤਰ ਸੋਚਦਾ ਹੈ ਅਤੇ ਉਸ ਵਰਗਾ ਬਣਨਾ ਚਾਹੁੰਦਾ ਹੈ। ਉਸਦਾ ਇਹੀ ਅਦਰਸ਼-ਪਾਤਰ ਉਸ ਦੀ ਲਿਖਾਈ ਨੂੰ ਪ੍ਰਭਾਵਿਤ ਕਰਦਾ ਹੈ।

         ਬਚਪਨ ਵਿੱਚ ਬੱਚੇ ਦੁਆਰਾ ਲਿਖੀ ਗਈ ਲਿਖਤ ਤੋਂ ਉਸ ਦੇ ਭਵਿੱਖ, ਉਸ ਦੀਆਂ ਰੁਚੀਆਂ ਅਤੇ ਵਿਕਾਸ ਦੀ ਦਿਸ਼ਾ ਦਾ ਅਨੁਮਾਨ ਸਹਿਜੇ ਹੀ ਲੱਗ ਜਾਂਦਾ ਹੈ। ਜੇਕਰ ਬੱਚਾ ਲਿਖਣ ਸਮੇਂ ਬਹੁਤ ਕੱਟ-ਵੱਢ ਕਰਦਾ ਹੈ, ਫਿਰ ਲਿਖਣ ਦੀ ਕੋਸ਼ਸ਼ ਕਰਦਾ ਹੈ ਤਾਂ ਉੁੱਥੋਂ ਉਸ ਦੇ ਮਨ ਵਿੱਚਲੀ ਭਟਕਣ ਦਾ ਪਤਾ ਲੱਗਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਇਕਾਗਰਤਾ ਭੰਗ ਹੋ ਰਹੀ ਹੈ। ਉਸ ਦੀ ਵਿਸ਼ੇ ’ਤੇ ਪਕੜ ਨਹੀਂ ਬਣ ਰਹੀ। ਜੇਕਰ ਉਸ ਦੀ ਲਿਖਾਵਟ ਵਿੱਚ ਅੱਖਰ ਵੱਡੇ-ਛੋਟੇ ਅਕਾਰ ਦੇ ਹਨ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਗੱਲ ਦਾ ਦੂਜੀ ਗੱਲ ਨਾਲ਼ ਤਾਲਮੇਲ਼ ਨਹੀਂ ਬਿਠਾ ਰਿਹਾ। ਜੇਕਰ ਬੱਚਾ ਔਸਤ ਤੋਂ ਹੌਲ਼ੀ ਲਿਖਦਾ ਹੈ ਤਾਂ ਉਸ ਦੀ ਸਿੱਖਣ ਪ੍ਰੀਕਿਰਿਆ ਬਹੁਤ ਘੱਟ ਹੈ। ਉਸ ਨੂੰ ਗੱਲ ਦੋ ਜਾਂ ਤਿੰਨ ਵਾਰ ਬੋਲ ਕੇ ਸਮਝਾਉਣੀ ਪੈਂਦੀ ਹੈ। ਉਸ ਦੀ ਸੋਚਣ-ਸ਼ਕਤੀ ਘੱਟ ਹੈ, ਉਹ ਮੰਦ-ਬੁੱਧੀ ਵੀ ਹੋ ਸਕਦਾ ਹੈ ਅਤੇ ਕਿਸੇ ਦਬਾਅ ਹੇਠ ਆਇਆ ਹੋਇਆ ਵੀ ਹੋ ਸਕਦਾ ਹੈ। ਕਈ ਬੱਚੇ ਜਮਾਂਦਰੂ ਹੀ ਤੇਜ਼ ਹੁੰਦੇ ਹਨ ਅਤੇ ਕਈ ਸਿੱਧੇ ਹੁੰਦੇ ਹਨ। ਮਾਤਾ-ਪਿਤਾ ਬੱਚੇ ਦੇ ਲਿਖਣ ਦੀ ਬਣਾਵਟ ਤੋਂ ਉਸ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਦਾ ਪਤਾ ਲਗਾ ਸਕਦੇ ਹਨ। ਜੇਕਰ ਕੋਈ ਬੱਚਾ ਬਹੁਤ ਸੰਘਣਾ ਲਿਖਦਾ ਹੈ ਅਤੇ ਅੱਖਰ ਇੱਕ-ਦੂਜੇ ਨਾਲ਼ ਜੋੜ ਕੇ ਲਿਖਦਾ ਹੈ ਤਾਂ ਇਹ ਸਾਬਤ ਹੁੰਦਾ ਹੈ ਕਿ ਬੱਚਾ ਸਰੀਰਕ ਤੌਰ ਤੇ ਕਮਜ਼ੋਰ ਹੈ ਅਤੇ ਉਹ ਇਹ ਗੱਲ ਸਾਂਝੀ ਕਰਨ ਤੋਂ ਡਰਦਿਆਂ ਚੁੱਪ ਹੈ। ਲਿਖਾਵਟ ਵਿੱਚ ਲੈਅ ਦੀ ਕਮੀ ਤੋਂ ਉਸ ਦੀ ਮਾਨਸਿਕ ਸਥਿਤੀ ਦੇ ਡਾਵਾਂਡੋਲ ਹੋਣ ਦਾ ਪਤਾ ਲੱਗਦਾ ਹੈ। ਅਜਿਹੇ ਬੱਚੇ ਇਕੱਲਤਾ ਪਸੰਦ ਹੁੰਦੇ ਹਨ। ਉਹ ਦੂਸਰੇ ਬੱਚਿਆਂ ਨਾਲ਼ ਘੱਟ ਹੀ ਘੁਲ਼ਦੇ-ਮਿਲ਼ਦੇ ਹਨ। ਅਜਿਹੇ ਬੱਚਿਆਂ ਦੀ ਲਿਖਾਈ ਦਾ ਝੁਕਾਅ ਖੱਬੇ ਪਾਸੇ ਵੱਲ ਜ਼ਿਆਦਾ ਹੁੰਦਾ ਹੈ। ਜੇਕਰ ਬੱਚਾ ਲਿਖਾਈ ਬਿਲਕੁਲ ਸਿੱਧੀ ਅਤੇ ਅੱਖਰ ਚੌਰਸ ਨੁੱਕਰਾਂ ਕੱਢ ਕੇ ਲਿਖਦਾ ਹੈ ਤਾਂ ਵੀ ਇਹ ਵਿਚਾਰ ਉੱਠਦਾ ਹੈ ਕਿ ਅਜਿਹਾ ਬੱਚਾ ਇਕਾਂਤ ਪਸੰਦ ਕਰਦਾ ਹੈ। ਇਹ ਉਸ ਦੇ ਵਿਕਾਸ ਲਈ ਘਾਤਕ ਹੈ। ਜੇਕਰ ਬੱਚਾ ਲਿਖਣ ਸਮੇਂ ਅੱਖਰ ਪੂਰੇ ਨਹੀਂ ਲਿਖਦਾ ਜਾਂ ਸ਼ਬਦਾਂ ਨੂੰ ਅੱਧੇ ਛੱਡ ਜਾਂਦਾ ਹੈ ਤਾਂ ਉਸ ਦੇ ਮਨੋ-ਭਾਵ ਅਤੇ ਦ੍ਰਿਸ਼ਟੀ ਕਮਜ਼ੋਰ ਹੁੰਦੀ ਹੈ। ਉਸ ਦੀ ਪੜ੍ਹਨ-ਲਿਖਣ ਵਿੱਚ ਰੁਚੀ ਘੱਟ ਹੁੰਦੀ ਹੈ। ਅਜਿਹੇ ਬੱਚੇ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਲੋੜ ਹੈ। ਅਜਿਹਾ ਨਹੀਂ ਸਮਝਣਾ ਚਾਹੀਦਾ ਕਿ ਸਕੂਲ ਭੇਜਣ ਨਾਲ਼ ਉਹ ਹੌਲ਼ੀ-ਹੌਲ਼ੀ ਸਭ ਕੁਝ ਸਿੱਖ ਜਾਵੇਗਾ। ਅਜਿਹੇ ਬੱਚੇ ਮਾਨਸਿਕ ਤੌਰ ਤੇ ਕਮਜ਼ੋਰ ਅਤੇ ਡਰੂ-ਸੁਭਾਅ ਦੇ ਹੁੰਦੇ ਹਨ। ੳਹਨਾਂ ਦੀ ਪੜ੍ਹਨ-ਲਿਖਣ ਵਿੱਚ ਰੁਚੀ ਪੈਦਾ ਕਰਨ ਲਈ ਵਿਸ਼ੇਸ਼ ਯਤਨਾਂ ਦੀ ਲੋੜ ਹੈ।

      ਆਮ ਸਧਾਰਨ ਪਰ ਚੰਗੇਰੇ ਗੁਣਾਂ ਵਾਲ਼ੇ ਬੱਚੇ ਦੀ ਲਿਖਾਈ ਦਾ ਝੁਕਾਅ ਅੱਗੇ ਵੱਲ ਹੁੰਦਿਆਂ ਥੋੜ੍ਹਾ ਜਿਹਾ ਸੱਜੇ ਪਾਸੇ ਵੱਲ ਹੋਣਾ ਸ਼ੁੱਭ-ਸੂਚਕ ਹੈ। ਬੱਚੇ ਨੂੰ ਸਹਿਜ ਰਹਿਣਾ, ਪੜ੍ਹਨ ਅਤੇ ਖੇਡਾਂ ਵਿੱਚ ਬਰਾਬਰ ਰੁਚੀ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਬੱਚੇ ਦੀ ਲਿਖਾਈ ਤੋਂ ਉਸ ਦੀ ਮਾਨਸਿਕ ਸਥਿਤੀ ਅਤੇ ਭਵਿੱਖ ਦਾ ਅੰਦਾਜ਼ਾ ਲੱਗ ਸਹਿਜੇ ਹੀ ਲੱਗ ਜਾਂਦਾ ਹੈ। ਸੰਤੁਲਿਤ ਮਾਨਸਿਕ ਸਥਿਤੀ ਵਾਲ਼ੇ ਬੱਚੇ ਦੀ ਲਿਖਤ ਬਣਾਵਟ ਤੋਂ ਇਹਨਾਂ ਗੱਲਾਂ ਦਾ ਆਪਣੇ-ਆਪ ਹੀ ਪਤਾ ਲੱਗ ਜਾਂਦਾ ਹੈ।

                                     ਸੁਰਿੰਦਰ ਮੋਹਨ (ਸੰਪਰਕ ਨੰ: 9780021478)

RELATED ARTICLES
- Advertisment -spot_img

Most Popular

Recent Comments