ਅਫ਼ਸਰਾਂ ਦੀ ਲਾਪ੍ਰਵਾਹੀ ਕਾਰਨ ਟਰੀਟਮੈਂਟ ਪਲਾਂਟਾਂ ‘ਤੇ ਲੱਗੇ ਕਰੋੜਾਂ ਰੁਪਏ ਹੋ ਰਹੇ ਨੇ ਮਿੱਟੀ

0
228

ਸੁਲਤਾਨਪੁਰ ਲੋਧੀ 9 ਜੁਲਾਈ, (ਪਰਮਜੀਤ ਡਡਵਿੰਡੀ)
ਨੈਸ਼ਨਲ ਗ੍ਰੀਨ ਟ੍ਰਿਿਬਊਨਲ ਦੀ ਨਿਗਰਾਨ ਕਮੇਟੀ ਨੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਿੱਚ ਜਿਲਾ ਮੋਗਾ ਸਮੇਤ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ, ਧਰਮਕੋਟ, ਫਤਿਹਗੜ੍ਹ ਪੰਜਤੂਰ ਅਤੇ ਕੋਟ ਈਸੇ ਖਾਂ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕੀਤਾ।ਮੋਗੇ ਦੇ ਟਰੀਟਮੈਂਟ ਪਲਾਂਟ ਵਿੱਚ 27 ਐਮ ਐਲ ਡੀ ਪਾਣੀ ਸੋਧਿਆ ਜਾ ਰਿਹਾ ਸੀ ਤੇ 4 ਐਮ ਐਲ ਡੀ ਪਾਣੀ ਅਣਸੋਧਿਆ ਹੀ ਛੱਡਿਆ ਜਾ ਰਿਹਾ ਸੀ।ਮੋਗੇ ਦੇ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਵਰਤਣ ਵਾਸਤੇ ਅਜੇ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ।
ਇਸ ਦੌਰੇ ਦੌਰਾਨ ਨਿਗਰਾਨ ਕਮੇਟੀ ਦੇ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਐਸ ਸੀ ਅਗਰਵਾਲ, ਬਾਬੂ ਰਾਮ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਰਮਨਦੀਪ ਸਿੰਘ, ਰਾਜੀਵ ਗੋਇਲ, ਏ ਡੀ ਸੀ ਸੁਰਿੰਦਰ ਸਿੰਘ, ਸੀਵਰੇਜ, ਜਲ ਸਪਲਾਈ, ਸੈਨੀਟੇਸ਼ਨ ਤੇ ਲੋਕਲ ਬਾਡੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਜਦ ਬਾਘਾ ਪੁਰਾਣਾ ਵਿਖੇ ਨਿਗਰਾਨ ਕਮੇਟੀ ਪਹੁੰਚੀ ਤਾਂ ਦੇਖਿਆ ਕਿ ਕਰੋੜਾਂ ਦੀ ਲਾਗਤ ਨਾਲ ਬਣੇ ਐਸ ਟੀ ਪੀ ਨਾਲ ਅਜੇ ਤੱਕ ਘਰਾਂ ਦਾ ਸੀਵਰੇਜ ਹੀ ਨਹੀਂ ਜੋੜਿਆ ਗਿਆ।ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਟਰੀਟਮੈਂਟ ਪਲਾਂਟ ‘ਤੇ ਲਾਏ ਕਰੋੜਾਂ ਰੁਪਏ ਵੀ ਮਿੱਟੀ ਸਾਬਤ ਹੋ ਰਹੇ ਹਨ।ਸ਼ਹਿਰ ਦਾ ਗੰਦਾ ਤੇ ਜ਼ਹਿਰੀਲਾ ਪਾਣੀ ਗੈਰ ਕਾਨੂੰਨੀ ਤੌਰ ‘ਤੇ ਕਾਲੇਕੇ ਡਰੇਨ ਵਿੱਚ ਅਣਸੋਧਿਆ ਹੀ ਸਿੱਟਿਆ ਜਾ ਰਿਹਾ ਹੈ।
ਨਿਹਾਲ ਸਿੰਘ ਵਾਲਾ ਵਿੱਚ ਵੀ ਗੰਦੇ ਪਾਣੀਆਂ ਦੀ ਸਮੱਸਿਆ ਜਿਊਂ ਦੀ ਤਿਉਂ ਹੈ।ਜਦ 4 ਮਾਰਚ 2021 ਨੂੰ ਮੀਟਿੰਗ ਹੋਈ ਸੀ ਨਿਗਰਾਨ ਕਮੇਟੀ ਦੀ ਤਾਂ ਨਿਹਾਲ ਸਿੰਘ ਵਾਲਾ ਦਾ ਗੰਦਾ ਪਾਣੀ ਸੀਚੇਵਾਲ ਮਾਡਲ ਅਨੁਸਾਰ 30 ਜੂਨ 2021 ਤੱਕ ਸੰਭਾਲਣ ਦਾ ਪ੍ਰਬੰਧ ਕਰ ਲੈਣ ਲਈ ਕਿਹਾ ਗਿਆ ਸੀ।ਪਰ ਹਾਲਾਤ ਦੌਰੇ ਦੌਰਾਨ ਸੰਜੀਦਗੀ ਵਾਲੇ ਨਹੀਂ ਸਨ।
ਬੱਧਨੀ ਕਲਾਂ, ਫਤਿਹਗੜ੍ਹ ਪੰਜਤੂਰ ਤੇ ਕੋਟ ਈਸੇ ਖਾਂ ਵਿੱਚ ਵੀ ਟਰੀਟਮੈਂਟ ਪਲਾਂਟ ਲਗਾਉਣ ਲਈ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਾਲੇ ਕੋਈ ਵੀ ਕੰਮ ਨਹੀਂ ਹੋਇਆ। ਗੰਦੇ ਪਾਣੀਆਂ ਦੀ ਸਮੱਸਿਆਂ ਇਲਾਕੇ ਲਈ ਸਿਰਦਰਦ ਬਣੀ ਹੋਈ ਹੈ।
ਧਰਮਕੋਟ ਵਿੱਚ ਕੁਝ ਮਹੋਲ ਸਾਜਗਾਰ ਲੱਗਿਆ।ਇਥੇ ਲੱਗੇ 4 ਐਮ ਐਲ ਡੀ ਦੇ ਟਰੀਟਮੈਂਟ ਪਲਾਂਟ ਦਾ ਸੋਧਿਆ ਗੰਦਾ ਪਾਣੀ ਲੋਕਾਂ ਦੇ ਦੱਸਣ ਮੁਤਾਬਕ ਖੇਤੀ ਲਈ ਵਰਤਿਆ ਜਾ ਰਿਹਾ ਹੈ।400 ਏਕੜ ਦੇ ਕਰੀਬ ਖੇਤਾਂ ਨੂੰ ਪਾਣੀ ਲੱਗ ਰਿਹਾ ਹੈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਕਿਹਾ ਕਿ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਉਦਯੋਗਿਕ ਘਰਾਣੇ ਲਾਪ੍ਰਵਾਹੀ ਵਰਤ ਕੇ ਵਾਤਾਵਰਣ ਪ੍ਰਦੂਸ਼ਿਤ ਕਰ ਰਹੇ ਹਨ ਉਹ ਮਨੁੱਖਤਾ ਤੇ ਕਾਦਰ ਦੀ ਕੁਦਰਤ ਦੇ ਦੁਸ਼ਮਣ ਹਨ।ਉਨ੍ਹਾਂ ਕਿਹਾ ਕਿ ਜੋ ਸਰਬੱਤ ਦਾ ਭਲਾ ਲੋਚਦੇ ਹਨ, ਮਨੁੱਖਤਾ ਨੂੰ ਦਾਤਾਂ ਵੰਡਦੇ ਹਨ ਉਹ ਦੇਵਤਾ ਹਨ ਤੇ ਜੋ ਮਨੁੱਖਤਾ ਦਾ ਘਾਣ ਕਰ ਰਹੇ ਹਨ, ਹਵਾ ਪਾਣੀ ਤੇ ਧਰਤੀ ਨੂੰ ਜਹਿਰੀਲਾ ਕਰ ਰਹੇ ਹਨ ਉਹ ਰਾਖਸ਼ਸ ਹਨ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪਾਣੀ ਗੰਦਲੇ ਕਰ ਹੀ ਚੁੱਕੇ ਹਾਂ ਤਾਂ ਉਨ੍ਹਾਂ ਨੂੰ ਸੋਧਣ ਲਈ ਸਾਨੂੰ ਐਸ ਟੀ ਪੀ ਲਗਾਉਣੇ ਤੇ ਚਲਾਉਣੇ ਚਾਹੀਦੇ ਸਨ ਪਰ ਅਫਸੋਸ ਅਸੀਂ ਪੰਜਾਂ ਪਾਣੀਆਂ ਦੀ ਧਰਤੀ ‘ਤੇ ਲੋਕਾਂ ਨੂੰ ਮਹਿੰਗੇ ਭਾਅ ਦੇ ਆਰ ੳ ਲਾਉਣ ਲਈ ਮਜਬੂਰ ਕਰ ਦਿੱਤਾ।

Previous articleਹਲਕਾ ਵਿਧਾਇਕ ਕਾਦੀਆ ਨੇ ਚਰਚ ਦਾ ਉਦਘਾਟਨ ਕੀਤਾ
Next articleਪੰਛੀਆਂ ਲਈ ਪੀਣ ਵਾਲਾ ਪਾਣੀ ਰੱਖਣ ਦੇ ਲਈ 50 ਮਿੱਟੀ ਦੇ ਕਟੋਰੇ ਵੰਡੇ ।

LEAVE A REPLY

Please enter your comment!
Please enter your name here