spot_img
Homeਮਾਲਵਾਜਗਰਾਓਂਨਗਰ ਕੌਂਸਲ ਜਗਰਾਉਂ ਨੇ ਸ਼ਹਿਰ ਦੇ ਆਮ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ...

ਨਗਰ ਕੌਂਸਲ ਜਗਰਾਉਂ ਨੇ ਸ਼ਹਿਰ ਦੇ ਆਮ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ ਕੀਤੀ

ਜਗਰਾਉਂ 09 ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ) – ਨਗਰ ਕੌਂਸਲ ਦੇ ਹਾਊਸ ਦੀ ਆਮ ਮੀਟਿੰਗ ਹੋਈ ਜਿਸ ਵਿੱਚ ਵੱਖ—ਵੱਖ ਮੁੱਦਿਆਂ ਤੇ ਵਿਚਾਰ ਕਰਕੇ ਯੋਗ ਫੈਸਲਾ ਲਿਆ ਗਿਆ। ਮੀਟਿੰਗ ਸ਼ੁਰੂ ਹੋਣ ਤੇ ਸ੍ਰੀ ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਨਵੇਂ ਤਾਇਨਾਤ ਹੋਏ ਕਾਰਜ ਸਾਧਕ ਅਫਸਰ ਸ੍ਰੀ ਪ੍ਰਦੀਪ ਕੁਮਾਰ ਦੌਧਰੀਆ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਉਹਨਾਂ ਵਲੋਂ ਸ਼ਹਿਰ ਦੀਆਂ ਆਮ ਲੋਕਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਕਾਰਜ ਸਾਧਕ ਅਫਸਰ ਨੂੰ ਬੇਨਤੀ ਵੀ ਕੀਤੀ ਗਈ। ਕਾਰਜ ਸਾਧਕ ਅਫਸਰ ਵਲੋਂ ਕਿਹਾ ਗਿਆ ਕਿ ਜਗਰਾਉਂ ਸ਼ਹਿਰ ਉਹਨਾਂ ਦੀ ਜਨਮ ਭੂੰਮੀ ਅਤੇ ਕਰਮ ਭੂੰਮੀ ਹੈ ਇਸ ਲਈ ਉਹ ਸਾਰੇ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਨਾਲ ਸਬੰਧਤ ਸਮੱਸਿਆਵਾਂ ਦਾ ਪੂਰੀ ਲਗਨ ਨਾਲ ਹੱਲ ਕਰਨ ਲਈ ਉਪਰਾਲੇ ਕਰਨਗੇ।ਮੀਟਿੰਗ ਵਿੱਚ ਸ੍ਰੀਮਤੀ ਕਵਿਤਾ ਰਾਣੀ, ਸ੍ਰੀਮਤੀ ਰਣਜੀਤ ਕੌਰ, ਸ੍ਰੀ ਸਤੀਸ਼ ਕੁਮਾਰ, ਸ੍ਰੀ ਅਮਰਜੀਤ ਸਿੰਘ ਕੌਂਸਲਰਾਂ ਵਲੋਂ ਸਟਰੀਟ ਲਾਈਟ, ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸੀਵਰੇਜ਼ ਦੀ ਸਫਾਈ ਸਬੰਧੀ ਸਮੱਸਿਆਵਾਂ ਬਾਰੇ ਜਾਣੂੰ ਕਰਵਾਇਆ ਗਿਆ। ਪ੍ਰਧਾਨ ਜੀ ਵਲੋਂ ਹਾਊਸ ਵਿੱਚ ਦੱਸਿਆ ਗਿਆ ਕਿ ਸਟਰੀਟ ਲਾਈਟ ਦੇ ਸਾਮਾਨ ਦੀ ਖ੍ਰੀਦ ਲਈ ਇੱਕ ਦਿਨ ਪਹਿਲਾਂ ਹੀ ਟੈਂਡਰ ਖੋਲਣ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਸਾਮਾਨ ਦੀ ਸਪਲਾਈ ਲੈ ਕੇ ਸ਼ਹਿਰ ਅੰਦਰ ਸਟਰੀਟ ਲਾਈਟ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਵਾ ਦਿੱਤਾ ਜਾਵੇਗਾ। ਨਾਲਿਆਂ ਦੀ ਸਫਾਈ ਸਬੰਧੀ ਪ੍ਰਧਾਨ ਜੀ ਵਲੋਂ ਦੱਸਿਆ ਗਿਆ ਕਿ ਉਹਨਾਂ ਵਲੋਂ ਪਹਿਲਾਂ ਹੀ ਪੌਕਲੇਨ ਮਸ਼ੀਨ ਰਾਹੀਂ ਡ੍ਰੇਨ ਦੀ ਸਫਾਈ ਕਰਵਾਈ ਜਾ ਚੁੱਕੀ ਹੈ ਅਤੇ ਸ਼ਹਿਰ ਅੰਦਰ ਆਉਂਦੇ ਨਾਲਿਆਂ ਦੀ ਸਫਾਈ ਦਾ ਕੰਮ ਵੀ ਚੱਲ ਰਿਹਾ ਹੈ।ਪਿਛਲੇ ਸਮੇਂ ਦੌਰਾਨ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਹੜਤਾਲ ਕਾਰਨ ਸਫਾਈ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ ਜਿਸ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਦਰੁਸਤ ਕਰ ਲਿਆ ਜਾਵੇਗਾ। ਪੀਣ ਵਾਲੇ ਪਾਣੀ ਦੀ ਸਪਲਾਈ ਸਬੰਧੀ ਪ੍ਰਧਾਨ ਜੀ ਵਲੋਂ ਕਿਹਾ ਗਿਆ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਣ ਵਾਲੇ ਦੀ ਸਪਲਾਈ ਰੋਜਾਨਾਂ 1 ਘੰਟਾਂ ਵੱਧ ਦਿੱਤੀ ਜਾਵੇਗੀ।ਸ੍ਰੀ ਹਿਮਾਂਸ਼ੂ ਮਲਿਕ ਅਤੇ ਸ੍ਰੀ ਰਮੇਸ਼ ਕੁਮਾਰ ਕੌਂਸਲਰ ਵਲੋਂ ਉਹਨਾਂ ਦੇ ਏਰੀਏ ਵਿੱਚ ਸਫਾਈ ਦੀ ਸਮੱਸਿਆ ਅਤੇ ਸਫਾਈ ਸੇਵਕ ਨਾ ਲੱਗਿਆ ਹੋਣ ਬਾਰੇ ਕਿਹਾ ਗਿਆ ਜਿਸ ਤੇ ਪ੍ਰਧਾਨ ਜੀ ਵਲੋਂ ਇਸਦਾ ਤੁਰੰਤ ਹੱਲ ਕਰਨ ਲਈ ਸੈਨਟਰੀ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ।ਮੀਟਿੰਗ ਦੌਰਾਨ ਅਜੰਡੇ ਦੀਆਂ ਵੱਖ—ਵੱਖ ਮਦਾਂ ਜਿਵੇਂ ਕਿ ਸਫਾਈ ਸੇਵਕਾਂ/ਸੀਵਰਮੈਨਾਂ ਸਬੰਧੀ ਮੰਤਰੀ ਮੰਡਲ ਦੇ ਫੈਸਲੇ ਨੂੰ ਲਾਗੂ ਕਰਨ, ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਡਿਊਜ਼ ਦੀ ਅਦਾਇਗੀ ਕਰਨ, ਤਰਸ ਦੇ ਆਧਾਰ ਤੇ ਮ੍ਰਿਤਕ ਸ੍ਰੀ ਰਾਜ ਕੁਮਾਰ, ਸਬ ਫਾਇਰ ਅਫਸਰ ਦੇ ਬੇਟੇ ਨੂੰ ਵਿੱਦਿਅਕ ਯੋਗਤਾ ਦੇ ਆਧਾਰ ਤੇ ਨੌਕਰੀ ਦੇਣ, ਤਰਸ ਦੇ ਆਧਾਰ ਤੇ ਮ੍ਰਿਤਕ ਸ੍ਰੀ ਸੁਭਾਸ਼ ਚੰਦਰ ਸਫਾਈ ਸੇਵਕ ਦੀ ਪਤਨੀ ਨੂੰ ਨੌਕਰੀ ਦੇਣ ਸਬੰਧੀ ਪ੍ਰਵਾਨਗੀ ਦਿੱਤੀ ਗਈ।ਇਸ ਤੋਂ ਇਲਾਵਾ ਮੀਟਿੰਗ ਦੌਰਾਨ ਦੋ ਹੋਰ ਪੇਸ਼ ਹੋਏ ਮਤਿਆਂ ਦੀ ਪ੍ਰਵਾਨਗੀ ਦਿੱਤੀ ਗਈ ਜਿਸ ਵਿੱਚ ਸ਼ਹਿਰ ਅੰਦਰੋਂ ਇਕੱਠੇ ਹੁੰਦੇ ਕੂੜੇ ਕਰਕਟ ਵਿਚੋਂ ਰੀਸਾਈਕਲੇਬਲ ਅਤੇ ਨਾਨ—ਰੀਸਾਈਕਲੇਬਲ ਪਲਾਸਟਿਕ ਨੂੰ ਚੁੱਕਣ, ਛਾਂਟਣ, ਇਕੱਤਰ ਕਰਨ ਆਦਿ ਸਬੰਧੀ ਕੰਮ ਕਰਨ ਵਾਲੀ ਕੰਪਨੀ ਨਾਲ ਐਗਰੀਮੈਂਟ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਨਗਰ ਕੌਂਸਲ ਤੇ ਕੋਈ ਵਿੱਤੀ ਬੌਝ ਨਹੀਂ ਪਵੇਗਾ। ਇਸ ਤੋਂ ਇਲਾਵਾ ਵਾਰਡ ਨੰ:23 ਦੇ ਕੌਂਸਲਰ ਸ੍ਰੀਮਤੀ ਕਮਲਜੀਤ ਕੌਰ ਵਲੋਂ ਮੁਹੱਲਾ ਨਿਵਾਸੀ ਕੋਠੇ ਸ਼ੇਰ ਜੰਗ ਰੋਡ ਜਗਰਾਉਂ ਵਲੋਂ ਉਹਨਾਂ ਦੇ ਮੁਹੱਲੇ ਦਾ ਨਾਮ ਮਾਡਲ ਗਰਾਮ ਰੱਖਣ ਸਬੰਧੀ ਦਿੱਤੀ ਗਈ ਦਰਖਾਸਤ ਸਬੰਧੀ ਵੀ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਪ੍ਰਧਾਨ ਜੀ ਵਲੋਂ ਸਾਰੇ ਕੌਂਸਲਰ ਸਾਹਿਬਾਨ ਨੂੰ ਕਿਹਾ ਗਿਆ ਕਿ ਉਹਨਾਂ ਵਲੋਂ ਸਾਰੇ ਕੌਂਸਲਰਾਂ ਦੇ ਸਹਿਯੋਗ ਨਾਲ ਪਾਰਟੀਬਾਜੀ ਤੋਂ ਉਪਰ ਉੱਠ ਕੇ ਸ਼ਹਿਰ ਵਾਸੀਆਂ ਦੀ ਲੋੜ ਅਤੇ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਜਾਵੇਗਾ ਅਤੇ ਸਾਰਿਆਂ ਦਾ ਪੂਰਣ ਸਹਿਯੋਗ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਸ੍ਰੀਮਤੀ ਅਨੀਤਾ ਸੱਭਰਵਾਲ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਗੁਰਪ੍ਰੀਤ ਕੌਰ ਤੱਤਲਾ, ਜੂਨੀਅਰ ਮੀਤ ਪ੍ਰਧਾਨ ਸਮੇਤ ਸਾਰੇ ਵਾਰਡਾਂ ਦੇ ਕੌਂਸਲਰ ਸਾਹਿਬਾਨ ਹਾਜਰ ਸਨ।

RELATED ARTICLES
- Advertisment -spot_img

Most Popular

Recent Comments