ਕਪੂਰਥਲਾ, 6 ਜੁਲਾਈ। ( ਮੀਨਾ ਗੋਗਨਾ )
ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਧਰਮਿੰਦਰ ਸ਼ਰਮਾ, ਆਈ.ਐਫ.ਐਸ. ਵਲੋਂ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਕਪੂਰਥਲਾ ਜਿਲ੍ਹੇ ਵਿਚ ਚੱਲ ਰਹੇ ਕੰਮਾਂ ਦਾ ਮੁਲਾਂਕਣ ਕਰਨ ਦੌਰਾਨ ਕਿਸਾਨਾਂ ਨੂੰ ਤੁਪਕਾ ਸਿੰਚਾਈ ਵੱਲ ਵੱਧ ਤੋਂ ਵੱਧ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਜਮੀਨ ਹੇਠਲੇ ਪਾਣੀ ਨੂੰ ਤੇਜੀ ਨਾਲ ਡਿੱਗਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸਾਨ ਬਾਗ ਅਤੇ ਸਬਜੀਆਂ ਦੀ ਕਾਸ਼ਤ ਲਈ ਤੁਪਕਾ ਸਿੰਚਾਈ ਸਿਸਟਮ ਲਗਾਉਣ ਅਤੇ ਸਰਕਾਰ ਵੱਲੋਂ ਮਿਲ ਰਹੀ 80% ਤੋਂ 90% ਤੱਕ ਦੀ ਸਬਸਿਡੀ ਦਾ ਲਾਭ ਲੈਣ। ਪੰਜਾਬ ਸਰਕਾਰ ਵਲੋਂ ਭੂਮੀ ਤੇ ਜਲ ਸੰਭਾਲ ਵਿਭਾਗ ਰਾਹੀਂ ਆਰ.ਕੇ.ਵੀ.ਵਾਈ ਅਧੀਨ ਜ਼ਮੀਨ ਦੋਜ ਪਾਈਪਾਂ, ਪ੍ਰਧਾਨ ਮੰਤਰੀ ਕਿ੍ਰਸੀ ਸਿੰਚਾਈ ਯੋਜਨਾ ਅਧੀਨ
ਮਾਈਕਰੋ ਸਪਰਿੰਕਲਰ/ਡਰਿਪ ਇਰੀਗੇਸ਼ਨ ਅਤੇ ਰੇਨ ਗੰਨ ਸਿੰਚਾਈ ਯੋਜਨਾਵਾਂ ਚੱਲ ਰਹੀਆਂ ਹਨ।
ਅੱਜ ਉਨ੍ਹਾਂ ਦੇ ਦੌਰੇ ਮੌਕੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮਹਿੰਦਰ ਸਿੰਘ ਸੈਣੀ ਭੂਮੀ ਪਾਲ ਜਲੰਧਰ, ਦਿਲਾਵਰ ਸਿੰਘ, ਮੰਡਲ ਭੂਮੀ ਰੱਖਿਆ ਅਫਸਰ, ਜਲੰਧਰ ਮਨਪ੍ਰੀਤ ਸਿੰਘ ਉਪ ਮੰਡਲ ਭੂਮੀ ਰੱਖਿਆ ਅਫਸਰ ਕਪੂਰਥਲਾ, ਸੁਸੀਲ ਕੁਮਾਰ ਭੂਮੀ ਰੱਖਿਆ ਅਫਸਰ ਕਪੂਰਥਲਾ ਵੀ ਹਾਜ਼ਰ ਸਨ।
ਉਹਨਾਂ ਵੱਲੋਂ ਪਿੰਡ ਡੈਣਵਿੰਡ ਵਿਖੇ ਬਾਗ ਵਿੱਚ ਲਗੇ ਤੁਪਕਾ ਸਿੰਚਾਈ ਸਿਸਟਮ ਨੂੰ ਵੇਖਿਆ ਗਿਆ ਜਿਸ ਵਿੱਚ ਕਿਸਾਨ ਵੱਲੋਂ ਰਵਾਇਤੀ ਫਸਲੀ ਚੱਕਰ ਤੋਂ ਹਟਕੇ ਫਲਦਾਰ ਬੂਟੇ ਲਗਾਏ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਬਾਗ ਲਗਾਉਣ, ਸਬਜੀਆਂ , ਦਾਲਾਂ ਦੀ ਕਾਸ਼ਤ ਵੱਲ ਵਧੇਰੇ ਤਵੱਜ਼ੋਂ ਦੇਣ।
ਇਸ ਮੌਕੇ ਭੂਮੀ ਪਾਲ ਜਲੰਧਰ ਨੇ ਦੱਸਿਆ ਕਿ ਬਾਗਾਂ ਵਿੱਚ ਇਸ ਤੁਪਕਾ ਸਿੰਚਾਈ ਸਿਸਟਮ ਨਾਲ 40 ਫੀਸਦੀ ਤੋਂ 60 ਫੀਸਦੀ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ 10 ਤੋਂ 20 ਫੀਸਦੀ ਫਸਲ ਦਾ ਝਾੜ ਵੀ ਵੱਧ ਹੁੰਦਾ ਹੈ ।
ਉਨਾਂ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਕਪੂਰਥਲਾ ਤੋਂ ਸੋਧੇ ਗੋਏ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਣ ਵਾਸਤੇ ਪਿਛਲੇ ਸਮੇਂ ਮੁਕੰਮਲ ਹੋਏ ਪ੍ਰੋਜੈਕਟ ਦਾ ਮੁਆਇਨਾ ਕੀਤਾ ।
ਇਸ ਮੌਕੇ ਖੇਤਰੀ ਖੋਜ ਸਟੇਸ਼ਨ ਕਪੂਰਥਲਾ ਦੇ ਡਾਇਰੈਕਟਰ ਡਾ: ਪਰਮਜੀਤ ਸਿੰਘ ਅਤੇ ਉਹਨਾਂ ਦਾ ਸਟਾਫ ਅਤੇ ਇਸ ਪ੍ਰੋਜੈਕਟ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ । ਇਸ ਟਰੀਟਮੈਂਟ ਪਲਾਂਟ ਨਾਲ 200 ਏਕੜ ਰਕਬਾ ਸਿੰਚਾਈ ਤਹਿਤ ਆਇਆ ਹੈ।
ਕੈਪਸ਼ਨ-ਕਪੂਰਥਲਾ ਵਿਖੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਮੌਕੇ ਸਕੱਤਰ ਖੇਤੀਬਾੜੀ ਸ਼੍ਰੀ ਧਰਮਿੰਦਰ ਸ਼ਰਮਾ ਤੇ ਹੋਰ।