ਬਟਾਲਾ, 22 ਦਸੰਬਰ ( ਮੁਨੀਰਾ ਸਲਾਮ ਤਾਰੀ) ਡਾ. ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਤੰਗਾਂ/ਗੁੱਡੀਆਂ ਉਡਾਉਣ ਲਈ ਸੰਥੇਟਿਕ/ਪਲਾਸਟਿਕ ਦੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਗਈ ਹੈ, ਜਿਸਦੇ ਚੱਲਦਿਆ ਅੱਜ ਨਗਰ ਨਿਗਮ ਬਟਾਲਾ ਦੀ ਟੀਮ ਵਲੋਂ ਅੱਚਲੀ ਗੇਟ, ਦਾਰਾ ਸਲੇਮ ਏਰੀਆ ਅਤੇ ਲਵ ਕੁਸ਼ ਚੌਂਕ ਨੇੜਲੀਆਂ ਵੱਖ ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ਼ ਸ਼ਾਇਰੀ ਭੰਡਾਰੀ, ਕਮਿਸ਼ਨਰ ਨਗਰ ਨਿਗਮ -ਕਮ-ਐਸ ਡੀ ਐਮ ਬਟਾਲਾ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਲਾਗੂ ਕੀਤੇ ਹੁਕਮਾਂ ਤਹਿਤ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹੱਟ ਕੇ ਸੰਬੋਟਿਕ/ਪਲਾਸਟਿਕ ਦੀ ਬਣੀ ਹੋਈ ਹੈ ਅਤੇ ਉਹ ਬਹੁਤ ਮਜ਼ਬੂਤ, ਨਾ ਗਲਣਯੋਗ ਅਤੇ ਨਾ ਹੀ ਟੁੱਟਣਯੋਗ ਹੈ। ਇਸ ਡੋਰ ਨਾਲ ਸਾਈਕਲ, ਸਕੂਟਰ ਅਤੇ ਮੋਟਰ ਸਾਈਕਲ ਚਾਲਕਾਂ ਦੇ ਗਲੇ ਅਤੇ ਕੰਨ ਕੱਟੇ ਜਾਂਦੇ ਹਨ, ਉੱਡਦੇ ਪੰਛੀਆਂ ਦੇ ਫਸਣ ’ਤੇ ਉਹਨਾਂ ਦੇ ਮਰਨ ਬਾਰੇ ਵੀ ਕਾਫੀ ਘਟਨਾਵਾਂ ਵਾਪਰਦੀਆਂ ਹਨ। ਇਸ ਤਰ੍ਹਾਂ ਸੰਥੇਟਿਕ/ਪਲਾਸਟਿਕ ਦੀ ਬਣੀ ਇਹ ਡੋਰ ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ/ਰਾਹਗੀਰਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ, ਜਿਸਨੂੰ ਰੋਕਿਆ ਜਾਣਾ ਬੇਹੱਦ ਜਰੂਰੀ ਹੈ। ਇਸ ਲਈ ਨਗਰ ਨਿਗਮ ਬਟਾਲਾ ਵਲੋਂ ਇਹ ਚੈਕਿੰਗ ਅਭਿਆਨ ਚਲਾਇਆ ਗਿਆ ਹੈ, ਜੋ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਸੁਪਰਡੈਂਟ ਨਿਰਮਲ ਸਿੰਘ ਤੇ ਨਗਰ ਨਿਗਮ ਦੇ ਕਰਮਚਾਰੀ ਮੌਜੂਦ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਪਲਾਸਟਿਕ ਡੋਰ ਦੀ ਵਿਕਰੀ, ਸਟੋਰ ਕਰਨ ਅਤੇ ਖਰੀਦਣ ਤੇ ਰੋਕ ਲਗਾਉਣ ਲਈ ਪੂਰੇ ਇਲਾਕੇ ਵਿਚ ਛਾਪੇਮਾਰੀ ਕਰਨ ਅਤੇ ਰੋਜ਼ਾਨਾਂ ਬਜ਼ਾਰਾਂ ਵਿਚੋਂ ਅਤੇ ਗੱਡੀਆਂ ਦੀ ਚੈਕਿੰਗ ਕਰਕੇ ਯਕੀਨੀ ਬਣਾਇਆ ਜਾਵੇਗਾ ਕਿ ਕਿਤੇ ਵੀ ਪਲਾਸਟਿਕ ਡੋਰ ਦੀ ਵਿਕਰੀ-ਖਰੀਦ ਜਾਂ ਵਰਤੋਂ ਨਹੀਂ ਹੋ ਰਹੀ ਹੈ। ਇਸ ਸਬੰਧੀ ਸਬੰਧਤ ਅਧਿਕਾਰੀਆਂ/ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰੀ/ਗੈਰ ਸਰਕਾਰੀ/ਪ੍ਰਾਈਵੇਟ/ਮਾਨਤਾ ਪ੍ਰਾਪਤ ਸਕੂਲਾਂ ਆਦਿ ਵਿਚ ਪਲਾਸਟਿਕ ਦੀ ਡੋਰ ਦੀ ਰੋਕਥਾਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਲਈ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਪਲਾਸਟਿਕ ਦੀ ਡੋਰ ਦੀ ਰੋਕਥਾਮ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।