Home ਗੁਰਦਾਸਪੁਰ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਦੇ ਮਹਾਨ ਮਰਤਬਾ ਰੱਖਣ ਵਾਲੇ ਖ਼ਲੀਫ਼ਾ ਰਾਸ਼ਿਦ ਸੱਯਦਨਾ...

ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਦੇ ਮਹਾਨ ਮਰਤਬਾ ਰੱਖਣ ਵਾਲੇ ਖ਼ਲੀਫ਼ਾ ਰਾਸ਼ਿਦ ਸੱਯਦਨਾ ਹਜ਼ਰਤ ਅਬੂ-ਬਕਰ ਰਜ਼ੀ ਅੱਲਾਹ ਅੰਨਹੋ ਦੇ ਸਦਗੁਣਾ ਦਾ ਜ਼ਿਕਰ

173
0

ਤਸ਼ਹੁਦ, ਤਾਊਜ਼ ਅਤੇ ਸੂਰਾਹ ਫਾਤਿਹਾ ਦੀ ਤਿਲਾਵਤ ਮਗਰੋਂ ਹਜ਼ੂਰੇ ਅਨਵਰ ਨੇ ਫ਼ਰਮਾਇਆ :

ਬਦਰੀ ਸਹਾਬਾ ਬਾਰੇ ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਅੰਨਹੋ ਦਾ ਜ਼ਿਕਰ ਹੋ ਰਿਹਾ ਸੀ ਅਤੇ ਆਪ ਦੇ ਸਦਗੁਣਾ ਦਾ ਜ਼ਿਕਰ ਚੱਲ ਰਿਹਾ ਸੀ । ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਦੀ ਨਜ਼ਰ’ਚ ਆਪ ਰਜ਼ੀ ਅੱਲਾਹ ਅੰਨਹੋ ਦਾ ਕੀ ਸਥਾਨ ਸੀ, ਇਸ ਬਾਰੇ ਕੁੱਝ ਰਵਾਯਤਾਂ ਹਨ ।

ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਅੰਨਹੋ ਨੂੰ ਇਹ ਮਾਣ ਤੇ ਵੱਡਿਆਈ ਪ੍ਰਾਪਤ ਹੈ ਕਿ ਮੱਕੀ ਦੌਰ’ਚ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਰੋਜ਼ਾਨਾ ਇੱਕ ਦੋ ਵਾਰ ਆਪ ਰਜ਼ੀ ਅੱਲਾਹ ਅੰਨਹੋ ਦੇ ਘਰ ਜਾਂਦੇ ਸਨ ।

ਹਜ਼ਰਤ ਅਮਰ ਬਿਨ ਆਸ ਨੇ ਬਿਆਨ ਕੀਤਾ ਕਿ ਨਬੀ ਸੱਲਲਾਹੋ ਅਲੈਹਿ ਵਸਲਮ ਨੇ ਉਨ੍ਹਾਂ ਨੂੰ ਜ਼ਾਤ-ਉੱਲ-ਸਲਾਸਲ ਦੀ ਫ਼ੌਜ’ਤੇ ਸਰਦਾਰ ਬਣਾ ਕੇ ਭੇਜਿਆ ਅਤੇ ਕਹਿੰਦੇ ਹਨ ਕਿ ਮੈਂ ਆਪ ਸੱਲਲਾਹੋ ਅਲੈਹਿ ਵਸਲਮ ਕੋਲ੍ਹ ਆਇਆ । ਮੈਂ ਕਿਹਾ ਲੋਕਾਂ’ਚੋਂ ਕੌਣ ਆਪ ਨੂੰ ਵੱਧ ਪਿਆਰਾ ਹੈ ? ਆਪ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਆਇਸ਼ਾ । ਮੈਂ ਕਿਹਾ ਬੰਦਿਆਂ’ਚੋਂ । ਆਪ ਨੇ ਫ਼ਰਮਾਇਆ : ਉਨ੍ਹਾਂ ਦਾ ਬਾਪ । ਮੈਂ ਕਿਹਾ ਫ਼ਿਰ ਕੌਣ । ਆਪ ਨੇ ਫ਼ਰਮਾਇਆ : ਫ਼ਿਰ ਉਮਰ ਬਿਨ ਖ਼ਤਾਬ ਅਤੇ ਆਪ ਨੇ ਇੰਝ ਹੀ ਕੁੱਝ ਹੋਰ ਬੰਦਿਆਂ ਨੂੰ ਸ਼ਾਮਿਲ ਕੀਤਾ ।

ਹਜ਼ਰਤ ਸਲਮਾ ਬਿਨ ਅਕਵਾ ਬਿਆਨ ਕਰਦੇ ਹਨ ਕਿ ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਅਬੂ ਬਕਰ ਸਭ ਲੋਕਾਂ’ਚੋਂ ਵੱਧ ਸਤਿਕਾਰੀਆ ਤੇ ਚੰਗਾ ਹੈ ਇਸ ਤੋਂ ਬਿਨ੍ਹਾ ਕਿ ਕੋਈ ਨਬੀ ਹੋਵੇ ।

ਹਜ਼ਰਤ ਅਨਸ ਬਿਨ ਮਾਲਿਕ ਨੇ ਬਿਆਨ ਕੀਤਾ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ: ਮੇਰੀ ਉੱਮਤ’ਚੋਂ ਮੇਰੀ ਉੱਮਤ’ਤੇ ਸਭ ਤੋਂ ਵੱਧ ਮਿਹਰਬਾਨ ਤੇ ਰਹਿਮ ਕਰਨ ਵਾਲਾ ਅਬੂ ਬਕਰ ਹੈ ।

ਹਜ਼ਰਤ ਅਬੂ ਸਈਦ ਨੇ ਬਿਆਨ ਕੀਤਾ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਉੱਚੇ ਦਰਜੇ ਵਾਲੇ ਅਜੀਹੇ ਉੱਚੇ ਦਰਜੇ’ਤੇ ਹੋਣਗੇ ਕਿ ਜੋ ਹੇਠਲੇ ਦਰਜੇ ਦੇ ਹੋਣਗੇ ਉਹ ਉਨ੍ਹਾਂ ਨੂੰ ਇੰਝ ਵੇਖਣਗੇ ਜਿਵੇਂ ਤੁਸੀਂ ਨਿਕਲਣ ਵਾਲੇ ਤਾਰੇ ਨੂੰ ਵੇਖਦੇ ਹੋ, ਆਕਾਸ਼ ਵੱਲ੍ਹ ਵੇਖਦੇ ਹੋ, ਤਾਰੇ ਨੂੰ, ਆਕਾਸ਼ ਦੇ ਉੱਫ਼ਕ’ਚ । ਅਤੇ ਅਬੂ ਬਕਰ ਤੇ ਉਮਰ ਉਨ੍ਹਾਂ’ਚੋਂ ਹਨ ਅਰਥਾਤ ਉਹ ਉੱਚਤਮ ਹਨ । ਉਨ੍ਹਾਂ ਨੂੰ ਇੰਝ ਲੋਕ ਵੇਖਣਗੇ ਜਿਵੇਂ ਉੱਚੇ ਤਾਰੇ ਨੂੰ ਵੇਖਦੇ ਹਨ । ਆਪ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਅਤੇ ਉਹ ਦੋਵੇਂ ਕਿਨ੍ਹੇ ਹੀ ਖ਼ੁਬ ਹਨ ।

ਹਜ਼ਰਤ ਅਬੂ ਹੁਰੇਰਾ ਰਜ਼ੀ ਅੱਲਾਹ ਅੰਨਹੋ ਨੇ ਬਿਆਨ ਕੀਤਾ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਕਿਸੇ ਦਾ ਸਾਡੇ’ਤੇ ਕੋਈ ਇਹਸਾਨ ਨਹੀਂ, ਪਰ ਅਸੀਂ ਉਸ ਦਾ ਬਦਲਾ ਚੁੱਕਾ ਦਿੱਤਾ ਕੇਵਲ ਅਬੂ ਬਕਰ ਦੇ । ਉਸ ਦਾ ਸਾਡੇ’ਤੇ ਇਹਸਾਨ ਹੈ ਅਤੇ ਉਸ ਨੂੰ ਉਸ ਦਾ ਬਦਲਾ ਅੰਤਿਮ ਦਿਹਾਡੇ ਰੱਬ ਦੇਵੇਗਾ ।

ਨਬੀ ਕਰੀਮ ਸੱਲਲਾਹੋ ਅਲੈਹਿ ਵਸਲਮ ਨੇ ਆਪਣੀ ਅੰਤਿਮ ਬਿਮਾਰੀ’ਚ ਫ਼ਰਮਾਇਆ : ਲੋਕਾਂ’ਚੋਂ ਕੋਈ ਵੀ ਨਹੀਂ ਜਿਹੜ੍ਹਾ ਆਪਣੀ ਜਾਨ ਤੇ ਮਾਲ ਦੇ ਹਿਸਾਬ ਨਾਲ ਮੇਰੇ’ਤੇ ਅਬੂ ਬਕਰ ਬਿਨ ਅਬੂ ਕਹਾਫ਼ਾ ਤੋਂ ਵੱਧ ਕੇ ਨੇਕ ਵਿਵਹਾਰ ਕਰਨ ਵਾਲਾ ਹੋਵੇ । ਜੇਕਰ ਮੈਂ ਲੋਕਾਂ’ਚੋਂ ਕਿਸੇ ਨੂੰ ਦੋਸਤ ਬਣਾਉਂਦਾ ਤਾਂ ਜ਼ਰੂਰ ਅਬੂ ਬਕਰ ਨੂੰ ਹੀ ਦੋਸਤ ਬਣਾਉਂਦਾ, ਪਰ ਇਸਲਾਮ ਦੀ ਦੋਸਤੀ ਸਭ ਤੋਂ ਅਫ਼ਜ਼ਲ ਹੈ । ਅਬੂ ਬਕਰ ਦੀ ਖਿੜ੍ਹਕੀ ਤੋਂ ਬਿਨ੍ਹਾਂ ਇਸ ਮਸਜਿਦ ਦੀਆਂ ਸਾਰੀਆਂ ਖਿੜ੍ਹਕੀਆਂ ਨੂੰ ਬੰਦ ਕਰ ਦਿਓ ।

ਨਬੀ ਕਰੀਮ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਅਬੂ ਬਕਰ ਮੈਥੋਂ ਹਨ ਅਤੇ ਮੈਂ ਉਨ੍ਹਾਂ’ਚੋਂ ਹਾਂ । ਅਬੂ ਬਕਰ ਦੁਨੀਆਂ ਤੇ ਅੰਤਿਮ ਦਿਹਾੜ੍ਹੇ ਮੇਰੇ ਭਰਾ ਹਨ । ਸੁਨੰਨ ਤਿਰਮਜ਼ੀ ਦੀ ਰਵਾਯਤ ਇਹ ਹੈ ਕਿ ਹਜ਼ਰਤ ਅਨਸ ਨੇ ਬਿਆਨ ਕੀਤਾ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਹਜ਼ਰਤ ਅਬੂ ਬਕਰ ਤੇ ਹਜ਼ਰਤ ਉਮਰ ਬਾਰੇ ਫ਼ਰਮਾਇਆ ਹੈ : ਇਹ ਦੋਵੇਂ ਸਰਦਾਰ ਹਨ, ਸਵਰਗ ਵਾਲੇ ਹਨ, ਨਬੀਆਂ ਤੇ ਰਸੂਲਾਂ ਤੋਂ ਬਿਨ੍ਹਾਂ ਸਵਰਗ ਵਾਲੀਆਂ’ਚੋਂ ਵੱਡੀ ਉਮਰ ਵਾਲੀਆਂ ਦੇ ਪਹਿਲੀਆਂ ਤੇ ਅੰਤਿਮ ਲੋਕਾਂ’ਚੋਂ ।

ਹਜ਼ਰਤ ਅਨਸ ਤੋਂ ਰਵਾਯਤ ਹੈ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਮੁਹਾਜਿਰਾਂ ਤੇ ਅਨਸਾਰ’ਚੋਂ ਆਪਣੇ ਸਹਾਬਾਂ ਕੋਲ੍ਹ ਬਾਹਰ ਆਉਂਦੇ ਤੇ ਬਹਿੰਦੇ ਅਤੇ ਉਨ੍ਹਾਂ’ਚ ਹਜ਼ਰਤ ਅਬੂ ਬਕਰ ਤੇ ਹਜ਼ਰਤ ਉਮਰ ਹੁੰਦੇ । ਤਾਂ ਹਜ਼ਰਤ ਅਬੂ ਬਕਰ ਤੇ ਹਜ਼ਰਤ ਉਮਰ ਤੋਂ ਬਿਨ੍ਹਾਂ ਉਨ੍ਹਾਂ’ਚੋਂ ਕੋਈ ਵੀ ਆਪਣੀ ਨਜ਼ਰ ਆਪ ਸੱਲਲਾਹੋ ਅਲੈਹਹਿ ਵਸਲਮ ਵੱਲ੍ਹ ਨਾ ਚੁੱਕਦਾ । ਉਹ ਦੋਵੇਂ ਆਪ ਵੱਲ੍ਹ ਵੇਖਦੇ ਅਤੇ ਆਪ ਸੱਲਲਾਹੋ ਅਲੈਹਿ ਵਸਲਮ ਉਨ੍ਹਾਂ ਵੱਲ੍ਹ ਵੇਖਦੇ ਅਤੇ ਉਹ ਆਪ ਸੱਲਲਾਹੋ ਅਲੈਹਿ ਵਸਲਮ ਵੱਲ੍ਹ ਵੇਖ ਕੇ ਮੁਸਕਰਾਉਂਦੇ ਅਤੇ ਆਪ ਸੱਲਲਾਹੋ ਅਲੈਹਿ ਵਸਲਮ ਉਨ੍ਹਾਂ ਦੋਵਾਂ ਨੂੰ ਵੇਖ ਕੇ ਮੁਸਕਰਾਉਂਦੇ ।

ਹਜ਼ਰਤ ਇਬਨੇ ਉਮਰ ਤੋਂ ਰਵਾਯਤ ਹੈ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਅੰਨਹੋ ਨੂੰ ਫ਼ਰਮਾਇਆ : ਤੁਸੀਂ ਹੋਜ਼’ਤੇ ਮੇਰੇ ਸਾਥੀ ਹੋ ਅਤੇ ਗੁਫ਼ਾ’ਚ ਮੇਰੇ ਸਾਥੀ ਹੋ ।

ਹਜ਼ਰਤ ਇਬਨੇ ਉਮਰ ਤੋਂ ਰਵਾਯਤ ਹੈ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਇੱਕ ਵਾਰ ਬਾਹਰ ਆਏ ਅਤੇ ਮਸਜਿਦ’ਚ ਦਾਖ਼ਲ ਹੋਏ ਅਤੇ ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਅੰਨਹੋ ਅਤੇ ਹਜ਼ਰਤ ਉਮਰ ਰਜ਼ੀ ਅੱਲਾਹ ਅੰਨਹੋ ਦੋਵਾਂ’ਚੋਂ ਇੱਕ ਆਪ ਦੇ ਸੱਜੇ ਪਾਸੇ ਸੀ ਤੇ ਇੱਕ ਆਪ ਦੇ ਖੱਬੇ ਪਾਸੇ ਸੀ ਅਤੇ ਆਪ ਨੇ ਉਨ੍ਹਾ ਦੋਵਾਂ ਦੇ ਹੱਥ ਫ਼ੜ੍ਹੇ ਹੋਏ ਸਨ ਅਤੇ ਫ਼ਰਮਾਇਆ : ਇੰਝ ਅਸੀਂ ਅੰਤਿਮ ਦਿਹਾੜ੍ਹੇ ਚੁੱਕੇ ਜਾਣਗੇ ।

ਹਜ਼ਰਤ ਅਬਦੁੱਲਾਹ ਬਿਨ ਹਨਤਬ ਤੋਂ ਰਵਾਯਤ ਹੈ ਕਿ ਨਬੀ ਕਰੀਮ ਸੱਲਲਾਹੋ ਅਲੈਹਿ ਵਸਲਮ ਨੇ ਹਜ਼ਰਤ ਅਬੂ ਬਕਰ ਤੇ ਹਜ਼ਰਤ ਉਮਰ ਰਜ਼ੀ ਅੱਲਾਹ ਅੰਨਹੋ ਨੂੰ ਵੇਖਿਆ ਤੇ ਫ਼ਰਮਾਇਆ : ਇਹ ਦੋਵੇ ਕੰਨ ਤੇ ਅੱਖਾਂ ਹਨ । ਅਰਥਾਤ ਮੇਰੇ ਨੇੜ੍ਹਲੇ ਸਾਥੀਆਂ’ਚੋਂ ਹਨ ।

ਹਜ਼ਰਤ ਅਬੂ ਸਈਦ ਖਾਰਜੀ ਰਜ਼ੀ ਅੱਲਾਹ ਅੰਨਹੋ ਬਿਆਨ ਕਰਦੇ ਹਨ ਕਿ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ ਕਿ ਹਰ ਨਬੀ ਦੇ ਆਕਾਸ਼ ਵਾਲੀਆਂ’ਚੋਂ ਦੋ ਵਜ਼ੀਰ ਹੁੰਦੇ ਹਨ ਅਤੇ ਜ਼ਮੀਨ ਵਾਲੀਆਂ’ਚੋਂ ਵੀ ਦੋ ਵਜ਼ੀਰ ਹੁੰਦੇ ਹਨ । ਆਕਾਸ਼ ਵਾਲੀਆਂ’ਚੋਂ ਮੇਰੇ ਦੋ ਵਜ਼ੀਰ ਜਿਬਰਾਈਲ ਤੇ ਮੀਕਾਈਲ ਹਨ ਤੇ ਜ਼ਮੀਨ ਵਾਲੀਆਂ’ਚੋਂ ਮੇਰੇ ਦੋ ਵਜ਼ੀਰ ਅਬੂ ਬਕਰ ਤੇ ਉਮਰ ਹਨ । ਫ਼ਿਰ ਆਪ ਨੂੰ ਸਵਰਗ ਦੀ ਖ਼ੁਸ਼ਖ਼ੁਬਰੀ ਵੀ ਦਿੱਤੀ ।

ਹਜ਼ਰਤ ਅਨਸ ਰਜ਼ੀ ਅੱਲਾਹ ਅੰਨਹੋ ਬਿਆਨ ਕਰਦੇ ਹਨ ਕਿ ਨਬੀ ਕਰੀਮ ਸੱਲਲਾਹੋ ਅਲੈਹਿ ਵਸਲਮ ਓਹਦ (ਪਹਾੜ੍ਹ) ਉੱਤੇ ਚੜ੍ਹੇ ਅਤੇ ਆਪ ਦੇ ਨਾਲ ਹਜ਼ਰਤ ਅਬੂ ਬਕਰ ਤੇ ਹਜ਼ਰਤ ਉਮਰ ਤੇ ਹਜ਼ਰਤ ਉਸਮਾਨ ਰਜ਼ੀ ਅੱਲਾਹ ਅੰਨਹੁਮਾ ਸਨ ਤਾਂ ਉਹ ਹਿਲਣ ਲੱਗਿਆ । ਆਪ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ : ਓਹਦ ਠਹਿਰ ਜਾ (ਮੈਂ ਸਮਝਦਾ ਹਾਂ ਕਿ ਆਪ ਸੱਲਲਾਹੋ ਅਲੈਹਿ ਵਸਲਮ ਨੇ ਉਸ’ਤੇ ਆਪਣਾ ਪੈਰ ਵੀ ਮਾਰਿਆ) ਕਿਉਂਕਿ ਤੇਰੇ’ਤੇ ਹੋਰ ਕੋਈ ਨਹੀਂ ਕੇਵਲ ਇੱਕ ਨਬੀ, ਇੱਕ ਸਦੀਕ ਤੇ ਇੱਕ ਸ਼ਹੀਦ ਹਨ ।

ਹਜ਼ਰਤ ਮੁਸਲਿਹ ਮੌਊਦ ਰਜ਼ੀ ਅੱਲਾਹ ਅੰਨਹੋ ਫ਼ਰਮਾਉਂਦੇ ਹਨ ਕਿ ਇੱਕ ਵਾਰ ਹਜ਼ੂਰ ਸੱਲਲਾਹੋ ਅਲੈਹਿ ਵਸਲਮ ਨੇ ਇੱਕ ਮਜਲਿਸ’ਚ ਸਵਰਗ ਤੇ ਉਸ ਦੀ ਭੇਟਾਂ ਬਾਰੇ ਜ਼ਿਕਰ ਕੀਤਾ । ਉਸ’ਤੇ ਹਜ਼ਰਤ ਅਬੂ ਬਕਰ ਸਦੀਕ ਰਜ਼ੀ ਅੱਲਾਹ ਅੰਨਹੋ ਨੇ ਕਿਹਾ ਕਿ ਹਜ਼ੂਰ ਸੱਲਲਾਹੋ ਅਲੈਹਿ ਵਸਲਮ ਦੁਆ ਕਰੀਏ ਕਿ ਮੈਂ ਵੀ ਸਵਰਗ’ਚ ਆਪ ਦੇ ਨਾਲ ਹੋਵਾਂ । ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ ਕਿ ਮੈਂ ਉਮੀਦ ਤੇ ਦੁਆ ਕਰਦਾ ਹਾਂ ਕਿ ਤੁਸੀਂ ਮੇਰੇ ਨਾਲ ਹੋ । ਉੱਥੇ ਮੌਜੂਦ ਕਿਸੇ ਹੋਰ ਸਹਾਬੀ ਨੇ ਕਿਹਾ ਕਿ ਹਜ਼ੂਰ ਮੇਰੇ ਲਈ ਵੀ ਦੁਆ ਕਰੋ ਕਿ ਮੈਨੂੰ ਵੀ ਆਪ ਦਾ ਸਾਥ ਪ੍ਰਾਪਤ ਹੋਵੇ । ਆਂਹਜ਼ਰਤ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ ਕਿ ਅੱਲਾਹ ਤੇਰੇ’ਤੇ ਵੀ ਰਹਿਮ ਕਰੇ, ਪਰ ਜਿਸ ਨੇ ਪਹਿਲਾਂ ਕਿਹਾ  ਸੀ ਹੁਣ ਤਾਂ ਉਹ ਦੁਆ ਲੈ ਗਿਆ ।

ਹਜ਼ਰਤ ਮੁਸਲਿਹ ਮੌਊਦ ਰਜ਼ੀ ਅੱਲਾਹ ਅੰਨਹੋ ਫ਼ਰਮਾਉਂਦੇ ਹਨ ਕਿ ਇੱਕ ਵਾਰ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ ਕਿ ਇਹ ਨੇਕੀ ਕਰਨ ਵਾਲਾ ਸਵਰਗ ਦੇ ਉਸ ਬੂਹੇ ਤੋਂ ਦਾਖਲ ਹੋਵੇਗਾ ਅਤੇ ਇਹ ਨੇਕੀ ਕਰਨ ਵਾਲਾ ਉਸ ਬੂਹੇ ਤੋਂ ਦਾਖਲ ਹੋਵੇਗਾ । ਆਪ ਸੱਲਲਾਹੋ ਅਲੈਹਿ ਵਸਲਮ ਨੇ ਵੱਖੋ-ਵੱਖ ਨੇਕੀਆਂ ਦਾ ਜ਼ਿਕਰ ਕਰਕੇ ਫ਼ਰਮਾਇਆ ਕਿ ਸਵਰਗ ਦੇ ਸੱਤ ਦਰਵਾਜ਼ਿਆ’ਤੋਂ ਵੱਖੋ-ਵੱਖ ਨੇਕੀਆਂ’ਤੇ ਜ਼ੋਰ ਦੇਣ ਵਾਲੇ ਦਾਖਲ ਹੋਣਗੇ । ਉਸ’ਤੇ ਅਬੂ ਬਕਰ ਰਜ਼ੀ ਅੱਲਾਹ ਅੰਨਹੋ ਨੇ ਕਿਹਾ ਕਿ ਹੇ ਰਸੂਲੁੱਲਾਹ ਸੱਲਲਾਹੋ ਅਲੈਹਿ ਵਸਲਮ ! ਜੋ ਸਾਰੀਆਂ ਨੇਕੀਆ’ਤੇ ਜ਼ੋਰ ਦੇਵੇ । ਤਾਂ ਉਸ ਨਾਲ ਕੀ ਸਲੂਕ ਹੋਵੇਗਾ । ਉਸ’ਤੇ ਆਪ ਸੱਲਲਾਹੋ ਅਲੈਹਿ ਵਸਲਮ ਨੇ ਫ਼ਰਮਾਇਆ ਕਿ ਉਹ ਬੰਦਾ ਸਵਰਗ ਦੇ ਹਰ ਬੂਹੇ’ਤੋਂ ਸੱਦਿਆ ਜਾਵੇਗਾ ਅਤੇ ਮੈਨੂੰ ਉਮੀਦ ਹੈ ਕਿ ਹੇ ਅਬੂ ਬਕਰ ਤੂੰ ਉਨ੍ਹਾਂ’ਚੋਂ ਹੈ ।

ਹਜ਼ਰਤ ਅਬੂ ਬਕਰ ਰਜ਼ੀ ਅੱਲਾਹ ਅੰਨਹੋ ਦਾ ਜ਼ਿਕਰ ਜਾਰੀ ਰਹਿਣ ਦਾ ਇਰਸ਼ਾਦ ਫ਼ਰਮਾਉਣ ਮਗਰੋਂ ਹਜ਼ੂਰੇ ਅਨਵਰ ਨੇ ਕੁੱਝ ਸਵਰਗਵਾਸੀਆਂ ਦੇ ਸਦਗੁਣਾਂ ਦਾ ਜ਼ਿਕਰ ਤੇ ਨਮਾਜ਼ ਜਨਾਜ਼ਾ ਗਾਇਬ ਪੜ੍ਹਾਉਣ ਦਾ ਜ਼ਿਕਰ ਕਰਦੇ ਹੋਏ ਫ਼ਰਮਾਇਆ ਕਿ ਇਸ ਸਮੇਂ ਮੈਂ ਕੁੱਝ ਸਵਰਗਵਾਸੀਆਂ ਦਾ ਜ਼ਿਕਰ ਕਰਾਂਗਾ ।

1         ਸ਼੍ਰੀਮਾਨ ਅਬਦੁੱਲ ਬਾਸਿਤ ਸਾਹਿਬ ਅਮੀਰ ਜਮਾਅਤ ਅਹਮਦੀਆ ਇੰਡੋਨੇਸ਼ਿਆ ਜੋ 08 ਅਕਤੁਬਰ ਨੂੰ 71 ਸਾਲ ਦੀ ਉਮਰ’ਚ ਅਕਾਲ ਚਲਾਣਾ ਕਰ ਗਏ । انا للہ وانا الیہ راجعون  । ਆਪ ਮੌਲਵੀ ਅਬਦੁੱਲ ਵਾਹਿਦ ਸਾਹਿਬ ਸਮਾਟਰੀ ਸਾਹਿਬ ਦੇ ਪੁੱਤਰ ਸਨ । ਜਾਮਿਆ ਅਹਮਦੀਆ ਰਬਵਹ ਤੋਂ ਸ਼ਾਹਿਦ ਦਾ ਇਮਤਹਾਨ ਪਾਸ ਕੀਤਾ ਤੇ ਵਾਪਸ ਆਪਣੇ ਦੇਸ਼ ਆ ਗਏ । ਥਾਈਲੈਂਡ’ਚ ਮੁਬਲਿਗ਼ ਵੱਜੋਂ ਆਪ ਦੀ ਡਿਉਟੀ ਲੱਗੀ ਸੀ । ਥਾਂਈਲੈਂਡ’ਚ ਸੈਵਾ ਕਰਨ ਮਗਰੋਂ ਵਾਪਸ ਇੰਡੋਨੇਸ਼ਿਆ ਆ ਗਏ ਅਤੇ ਅੰਤਿਮ ਦਿਨ ਤੱਕ ਇੰਡੋਨੇਸ਼ਿਆ’ਚ ਸਰਗਰਮ ਰਹੇ । ਇੱਕ ਲੰਮਾ ਸਮਾਂ ਅਮੀਰ ਜਮਾਅਤ ਇੰਡੋਨੇਸ਼ਿਆ ਵੱਜੋਂ ਕਾਰਜ ਕਰਦੇ ਰਹੇ । ਆਪ ਦੀ ਸੈਵਾਵਾਂ ਦਾ ਕਾਲ ਚਾਲੀ 40 ਵਰ੍ਹੇ ਬਣਦਾ ਹੈ । ਆਪਣੇ ਪਿੱਛੋਂ ਪਤਨੀ ਤੋਂ ਬਿਨ੍ਹਾਂ ਤਿੰਨ ਮੁੰਡੇ ਤੇ ਦੋ ਕੁੜ੍ਹੀਆਂ ਛੱਡੇ ਹਨ । ਮਰਹੁਮ ਸਿਲਸਿਲੇ ਦਾ ਬਹੁਤ ਦਰਦ ਰੱਖਦੇ ਅਤੇ ਜਮਾਅਤ ਨੂੰ ਹਰ ਚੀਜ਼’ਚ ਉੱਤੇ ਰੱਖਦੇ ਸਨ । ਮੁਰੱਬੀਯਾਨ ਦਾ ਬਹੁਤ ਆਦਰ ਸਤਿਕਾਰ ਕਰਦੇ, ਨਿਮਰਤਾ ਨਾਲ ਕੰਮ ਕਰਨ ਵਾਲੇ ਸਨ । ਜਮਾਅਤੀ ਨਿਜ਼ਾਮ ਅਤੇ ਖ਼ਿਲਾਫ਼ਤ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ । ਜਮਾਅਤੀ ਮਾਲ ਦਾ ਬਹੁਤ ਖ਼ਿਆਲ ਰੱਖਦੇ । ਆਪ ਜਮਾਅਤ ਇੰਡੋਨੇਸ਼ਿਆ ਲਈ ਰੂਹਾਨੀ ਬਾਪ ਵੱਜੋਂ ਸਨ । ਸਜ਼ਾ ਦਿੰਦੇ ਤਾਂ ਵੀ ਦਰੁਸਤੀ ਦਾ ਪਹਿਲੂ ਸਾਮ੍ਹਣੇ ਹੁੰਦਾ । ਪਿਛਲੇ ਇੱਕ ਸਾਲ ਤੋਂ ਬਿਮਾਰ ਸਨ । ਪਰ ਬਿਮਾਰੀ ਦੇ ਦਿਨ੍ਹਾਂ’ਚ ਵੀ ਆਪਣੇ ਕਾਰਜ’ਚ ਸੁਸਤੀ ਨਹੀਂ ਹੋਣ ਦਿੱਤੀ । ਹਜ਼ੂਰੇ ਅਨਵਰ ਨੇ ਵਿਸਥਾਰ ਨਾਲ ਆਪ ਦੀਆਂ ਸੈਵਾਵਾਂ ਅਤੇ ਉੱਚਤਮ ਵਿਵਹਾਰ ਦਾ ਜ਼ਿਕਰ ਕਰਦੇ ਹੋਏ ਦੁਆ ਕੀਤੀ ਕਿ ਰੱਬ ਮਰਹੁਮ ਨਾਲ ਬਖ਼ਸ਼ਸ਼ ਦਾ ਸਲੂਕ ਕਰੇ ਅਤੇ ਆਪ ਵਰਗੇ ਸੈਵਕ ਖਿਲਾਫ਼ਤ ਨੂੰ ਸਦਾ ਮਿਲਦੇ ਰਹਿਣ ।

2         ਸ਼੍ਰੀਮਤੀ ਜ਼ੈਨਬ ਰਮਜ਼ਾਨ ਸੈਫ਼ ਸਾਹਿਬਾ ਪਤਨੀ ਸ਼੍ਰੀਮਾਨ ਯੂਸਫ਼ ਉਸਮਾਨ ਕਮਬਾਲਿਆ ਸਾਹਿਬ ਮੁਬਲਿਗ਼ ਸਿਲਸਿਲਾ ਤਨਜ਼ਾਨਿਆ ਜੋ ਪਿਛਲੇ ਦਿਨੀਂ ਸੱਤਰ 70 ਸਾਲ ਦੀ ਉਮਰ’ਚ ਅਕਾਲ ਚਲਾਣਾ ਕਰ ਗਈਂ । انا للہ وانا الیہ راجعون  ।

3         ਸ਼੍ਰੀਮਤੀ ਹਲੀਮਾ ਬੈਗ਼ਮ ਸਾਹਿਬਾ ਪਤਨੀ ਸ਼੍ਰੀਮਾਨ ਸ਼ੈਖ਼ ਅਬਦੁੱਲ ਕਦੀਰ ਸਾਹਿਬ ਦਰਵੇਸ਼ ਕਾਦੀਆਂ । ਮਰਹੁਮਾ ਨਮਾਜ਼ ਰੋਜ਼ੇ ਦੀ ਪਾਬੰਦ, ਸਬਰ ਸੰਤੋਖ ਕਰਨ ਵਾਲੀ, ਨਿਮਰਤਾ ਭਰਪੂਰ ਤੇ ਮਿਲਣਸਾਰ ਸਨ । ਜੱਦੋਂ ਤੱਕ ਸਿਹਤ ਨੇ ਇਜਾਜ਼ਤ ਦਿੱਤੀ ਕਾਦੀਆਂ ਦੇ ਬੱਚਿਆਂ ਨੂੰ ਕੁਰਆਨ ਪੜਾਉਂਦੀ ਰਹੀ । ਖ਼ਿਲਾਫ਼ਤ ਨਾਲ ਬਹੁਤ ਪ੍ਰੇਮ ਸੀ ਤੇ ਖ਼ਲੀਫ਼ਾ ਵਕਤ ਵੱਲ੍ਹੋਂ ਕੀਤੀ ਹਰ ਤਹਰੀਕ’ਤੇ ਲੱਬੈਕ ਕਹਿੰਦੀ ਸਨ । ਦਰਵੇਸ਼ੀ ਦਾ ਦੌਰ ਬਹੁਤ ਸਬਰ ਸੰਤੋਖ ਨਾਲ ਬਤੀਤ ਕੀਤਾ । ਮਰਹੁਮਾ ਮੁਸੀਆ ਸਨ ।  ਉਨ੍ਹਾਂ ਦੇ ਪੁੱਤਰ ਸ਼ੈਖ਼ ਨਾਸਰ ਵਹੀਦ ਸਾਹਿਬ ਕਾਰਜਕਾਰੀ ਐਡਮਨਿਸਟਰੇਟਰ ਨੂਰ ਹਸਪਤਾਲ ਕਾਦੀਆਂ ਵੱਜੋਂ ਸੈਵਾ ਕਰ ਰਹੇ ਹਨ । ਤਿੰਨ ਕੁੜ੍ਹੀਆਂ ਹਨ ਉਨ੍ਹਾਂ ਦੀਆਂ ਜਿਹੜ੍ਹੀਆਂ ਬਾਹਰ ਹਨ । ਰੱਬ ਮਰਹੁਮਾ ਨਾਲ ਰਹਿਮ ਤੇ ਬਖ਼ਸ਼ਸ਼ ਦਾ ਸਲੂਕ ਕਰੇ ।

4         ਸ਼ੀਮਤੀ ਮੈਲੇ ਅਨੀਸਾ ਅਪੀਸਾ ਸਾਹਿਬਾ ਜੋ ਪਿਛਲੇ ਦਿਨੀਂ 71 ਸਾਲ ਦੀ ਉਮਰ’ਚ ਅਕਾਲ ਚਲਾਣਾ ਕਰ ਗਈਂ । انا للہ وانا الیہ راجعون  । ਮਰਹੁਮਾ ਕੈਰੀਬਾਸ ਦੀ ਪਹਿਲੀ ਅਹਮਦੀ ਮੁਸਲਮਾਨ ਅਤੇ ਪਹਿਲੀ ਅਹਮਦੀ ਔਰਤ ਸਨ । ਕਿਸੇ ਤਰ੍ਹਾਂ ਕੁਰਆਨ ਕਰੀਮ ਦੇ ਅਨੁਵਾਦ ਦਾ ਇੱਕ ਨੁਸਖਾ ਇੱਥੇ ਪਹੁੰਚ ਗਿਆ ਸੀ । ਜਿਸ ਨੂੰ ਪੜ੍ਹ ਕੇ ਆਪ ਈਮਾਨ ਲੈ ਆਈਂ ਅਤੇ ਪਰਦਾ ਵੀ ਸ਼ੂਰੁ ਕਰ’ਤਾ । ਮਰਹੁਮਾ ਬਹੁਤ ਨੇਕ, ਬਹਾਦਰ ਤੇ ਅਣਖੀ ਸਨ, ਰੋਹਬਦਾਰ ਅਹਮਦੀ ਸਨ ।

ਹਜ਼ੂਰੇ ਅਨਵਰ ਨੇ ਸਾਰੇ ਮਰਹੁਮੀਨ ਦੀ ਬਖ਼ਸ਼ਸ਼ ਅਤੇ ਉੱਚ ਦਰਜੇ ਲਈ ਦੁਆ ਕੀਤੀ ।

Previous articleਨਗਰ ਕੌਂਸਲ ਕਾਦੀਆਂ ਵਲੋਂ ਬ੍ਰਾਂਡ ਅੰਬੈਸਡਰ ਮੁਕੇਸ਼ ਵਰਮਾ ਅਤੇ ਇੰਚਾਰਜ ਨਿਸ਼ਾ ਦੇਵਲ ਦੀ ਅਗਵਾਈ ਹੇਠ ਕਾਦੀਆਂ’ ਚ ਸੁੱਕੇ ਤੇ ਗਿੱਲੇ ਕੂੜੇ ਨੂੰ ਵੱਖ ਕਰਨ ਲਈ ਪ੍ਰੇਰਿਤ ਕੀਤਾ
Next articleਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਨੇ ਜ਼ਿਲਾ ਪੱਧਰ ਤੇ ਜਿੱਤੇ ਮੈਡਲ
Editor-in-chief at Salam News Punjab

LEAVE A REPLY

Please enter your comment!
Please enter your name here