ਜਗਰਾਉਂ 28 (ਰਛਪਾਲ ਸਿੰਘ ਸ਼ੇਰਪੁਰੀ)ਲਗਾਤਾਰ ਤਿੱਖੀ ਹੋ ਰਹੀ ਗਰਮੀ ਤੇ ਝੋਨੇ ਦੀ ਲਵਾਈ ਲਈ ਪਾਣੀ ਦੀ ਵਧ ਰਹੀ ਮੰਗ ਨੇ ਕਿਸਾਨਾਂ ਦੀ ਜਾਨ ਸੂਲੀ ਤੇ ਟੰਗੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਦੇ ਬਾਵਜੂਦ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਦੀ ਹਾਲਤ ਸੁਧਰੀ ਨਹੀਂ ਹੈ। ਪਟਿਆਲੇ ਤੋਂ ਲਗਦੇ ਕੱਟਾਂ ਦੇ ਬਹਾਨੇ ਲਗਭਗ ਸਾਰੇ ਹੀ ਪਿੰਡਾਂ ਚ ਬਿਜਲੀ ਦੇ ਲਗਦੇ ਕੱਟ ਕਿਸਾਨੀ ਨੂੰ ਬੁਰੀ ਤਰਾਂ ਤੜਪਾ ਰਹੇ ਹਨ।ਬੀਤੇ ਦਿਨਾਂ ਚ ਪੂਰੇ ਸੂਬੇ ਚ ਬਿਜਲੀ ਦਫਤਰਾਂ ਮੂਹਰੇ ਜਬਰਦਸਤ ਧਰਨਿਆਂ ,ਘਿਰਾਓ,ਟ੍ਰੈਫਿਕ ਜਾਮਾਂ ਦੇ ਬਾਵਜੂਦ ਹਾਲਤ ਚ ਸੁਧਾਰ ਨਹੀਂ ਹੋਇਆ। ਇਸੇ ਤਰਾਂ ਜਿਨਾਂ ਖੇਤਾਂ ਨੂੰ ਨਹਿਰੀ ਪਾਣੀ ਲਗਦਾ ,ਨਹਿਰੀ ਮਹਿਕਮੇ ਨੇ ਕੱਸੀਆਂ ਰਾਹੀਂ ਜਾਂਦੇ ਪਾਣੀ ਦੀ ਬੰਦੀ ਲਾ ਕੇ ਪਾਣੀ ਰੋਕ ਲਿਆ। ਅਖਾੜਾ ਨਹਿਰ ਨੂੰ ਲਗਦੇ ਕਿਸਾਨਾਂ ਚੋਂ ਅੱਜ ਚਕਰ ਪਿੰਡ ਦੇ ਲੋਕਾਂ ਨੇ ਨਹਿਰੀ ਦਫਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਚ ਰੋਸ ਧਰਨਾ ਦਿੱਤਾ। ਇਸ ਸਮੇਂ ਐਕਸੀਅਨ ਨਹਿਰੀ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਹਫਤੇ ਦੀ ਬੰਦੀ ਹੈ। ਧਰਨਾਕਾਰੀਆਂ ਦੇ ਦਬਾਅ ਹੇਠ ਭਾਵੇਂ ਮਸਲਾ ਅਧਾ ਕੂ ਹੱਲ ਹੋਇਆ ਪਰ ਸੰਘਰਸ਼ ਜਾਰੀ ਹੈ। ਇਸੇ ਤਰਾਂ ਐਕਸੀਅਨ ਦਫਤਰ ਪਾਵਰਕਾਮ ਦੇ ਦਫਤਰ ਅੱਗੇ ਸ਼ੇਰਪੁਰਾ ਖੁਰਦ, ਲੀਲਾਂ ,ਸ਼ੇਰਪੁਰ ਕਲਾਂ ਦੇ ਕਿਸਾਨਾਂ ਨੇ ਅਜ ਫੇਰ ਧਰਨਾ ਦੇ ਕੇ ਅਣਐਲਾਨੇ ਕੱਟਾਂ ਤੋ ਖਹਿੜਾ ਛੁਡਾਉਣ ਦੀ ਮੰਗ ਕੀਤੀ। ਇਸ ਸਮੇਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਪੰਜਾਬ ਸਰਕਾਰ ਦੇ ਦੋਹਾਂ ਮਹਿਕਮਿਆਂ ਦੀ ਇਸ ਨਿਘਰੀ ਹਾਲਤ ਲਈ ਕੈਪਟਨ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕਿਂਸਾਨੀ ਨੂੰ ਆਉਂਦੇ ਦਿਨਾਂ ਚ ਸੰਘਰਸ਼ ਤੇਜ ਕਰਨ ਲਈ ਮਜਬੂਰ ਹੋਣਾ ਪਵੇਗਾ।ਉਨਾਂ ਕਿਹਾ ਕਿ ਕਾਂਗਰਸ ਹਕੂਮਤਹਰ ਫਰੰਟ ਤੇ ਫੇਲ ਹੋ ਚੁੱਕੀ ਹੈ।ਉਨਾਂ ਬਿਜਲੀ ਕੱਟ ਖਤਮ ਕਰਨ ਅਤੇ ਪਾਣੀ ਦੀ ਬੰਦੀ ਤੁਰੰਤ ਖਤਮ ਕਰਨ ਦੀ ਮੰਗ ਕੀਤੀ।
ਨਹਿਰੀ ਦਫਤਰ ਮੂਹਰੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਰੋਸ ਧਰਨਾ ਦਿੱਤਾ
RELATED ARTICLES