spot_img
Homeਮਾਲਵਾਫਰੀਦਕੋਟ-ਮੁਕਤਸਰਸਫਾਈ ਸੇਵਕਾਂ ਦੀ ਹੜਤਾਲ ਕਾਰਣ , ਸ਼ਹਿਰ ਵਿਚ ਬਣ ਰਹੇ ਨੇ ਗੰਦਗੀ...

ਸਫਾਈ ਸੇਵਕਾਂ ਦੀ ਹੜਤਾਲ ਕਾਰਣ , ਸ਼ਹਿਰ ਵਿਚ ਬਣ ਰਹੇ ਨੇ ਗੰਦਗੀ ਦੇ ਵੱਡੇ-ਵੱਡੇ ਪਹਾੜ।

 

ਫਰੀਦਕੋਟ 23 ਜੂਨ (ਧਰਮ ਪ੍ਰਵਾਨਾਂ)-ਮੰਤਰੀ ਮੰਡਲ ਵੱਲੋਂ ਸਫਾਈ ਮੁਲਾਜ਼ਮ ਪੱਕੇ ਕਰਨ ਦੇ ਐਲਾਨ ਦੇ ਬਾਵਜੂਦ ਵੀ ਮੁਲਾਜ਼ਮਾਂ ਵੱਲੋਂ ਹੜਤਾਲ ਵਾਪਸ ਲੈਣ ਦੇ ਨੇੜੇ ਭਵਿੱਖ ‘ਚ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਆਗੂਆਂ ਮੁਤਾਬਕ ਉਹ ਤਾਂ ਕੰਮ ‘ਤੇ ਪਰਤਣਾ ਚਾਹੁੰਦੇ ਹਨ, ਪਰ ਸਰਕਾਰ ਉਨ੍ਹਾਂ ਦੇ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਵੀ ਪੱਕਾ ਕਰਨ ਦਾ ਮਾਮਲਾ ਜਾਣ ਬੁੱਝ ਕੇ ਲਮਕਾ ਕੇ ਹੜਤਾਲ ਜਾਰੀ ਰੱਖਣ ਲਈ ਮਜਬੂਰ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੱਚੇ ਮੁਲਾਜ਼ਮ ਪੱਕੇ ਕਰਨ ਤੇ ਸਾਲਿਡ ਵੇਸਟਜ਼ ਨਿਪਟਾਰੇ ਸਿਸਟਮ ਵਿੱਚੋਂ ਆਊਟਸੋਰਸਿੰਗ ਸਿਸਟਮ ਖਤਮ ਕਰਨ ਸਮੇਤ ਹੋਰ ਕੁਝ ਮੰਗਾਂ ਮਨਾਉਣ ਲਈ ਸਫਾਈ ਸੇਵਕਾਂ ਦੀ 13 ਮਈ ਤੋਂ ਚੱਲ ਰਹੀ ਹੜਤਾਲ ਜਾਰੀ ਹੈ। ਮੰਤਰੀ ਮੰਡਲ ਨੇ ਪੰਜਾਬ ਦੇ 4500 ਦੇ ਕਰੀਬ ਕੰਟਰੈਕਚੂਲ ਮਿਉਂਸਪਲ ਕਾਮੇ, ਜਿਨ੍ਹਾਂ ਵਿੱਚ ਸਫਾਈ ਸੇਵਕ, ਸੀਵਰੇਜ ਮੁਲਾਜ਼ਮ ਮਾਲੀ ਤੇ ਕਲੈਰੀਕਲ ਮੁਲਾਜ਼ਮ ਹਨ, ਨੂੰ ਮੌਜੂਦਾ ਨੇਮਾਂ ਵਿੱਚ ਛੋਟ ਦੇ ਕੇ ਪੱਕੇ ਕਰਨ ਦੀ ਮਨਜ਼ੂਰੀ ਤਾਂ ਦੇ ਦਿੱਤੀ, ਪਰ 15000 ਦੇ ਕਰੀਬ ਆਊਟਸੋਰਸਿੰਗ ਮੁਲਾਜ਼ਮਾਂ ਬਾਰੇ ਕੋਈ ਫੈਸਲਾ ਨਹੀਂ ਲਿਆ। ਇਸ ਤੋਂ ਇਕ ਦਿਨ ਪਹਿਲਾਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਆਊਟਸੋਰਸਿੰਗ ਵਿੱਚੋਂ ਕੱਢ ਕੇ ਮਿਉਂਸਪਲ ਕਮੇਟੀਆਂ ਅਧੀਨ ਕਰਨ ਲਈ ਸਹਿਮਤ ਹੋਣ ਦਾ ਸਪੱਸ਼ਟ ਸੰਕੇਤ ਸੀ। ਇਸ ਤੋਂ ਮੁਲਾਜ਼ਮ ਸਖਤ ਨਿਰਾਸ਼ ਤੇ ਨਰਾਜ਼ ਹਨ। ਪੰਜਾਬ ਸਫਾਈ ਸੇਵਕ ਯੂਨੀਅਨ ਦੀ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨਾਲ ਕੱਲ੍ਹ ਹੋਈ ਮੀਟਿੰਗ ਵਿੱਚੋਂ ਵੀ ਕੋਈ ਹੱਲ ਨਹੀਂ ਨਿੱਕਲਿਆ। ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਨ ਨੇ ਫੋਨ ‘ਤੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸਰਕਾਰ ਆਉਟਸੋਰਸ ਮੁਲਾਜ਼ਮ ਬਾਰੇ ਕੋਈ ਲੜ ਨਹੀਂ ਫੜਾ ਰਹੀ, ਜਿੰਨਾ ਚਿਰ ਇਨ੍ਹਾਂ ਨੂੰ ਵੀ ਪੱਕਾ ਨਹੀਂ ਕੀਤਾ ਜਾਂਦਾ, ਉਨਾ ਚਿਰ ਹੜਤਾਲ ਜਾਰੀ ਰਹੇਗੀ। ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਵੀ ਸਾਰੇ ਮੁਲਾਜ਼ਮ ਪੱਕੇ ਹੋਣ ਤੱਕ ਹੜਤਾਲ ਜਾਰੀ ਰੱਖਣ ਦੀ ਫੋਨ ‘ਤੇ ਜਾਣਕਾਰੀ ਦਿੱਤੀ। ਹੜਤਾਲ ਕਾਰਨ ਸਫਾਈ ਨਾ ਹੋਣ ਕਰਕੇ ਸ਼ਹਿਰਾਂ ਵਿੱਚ ਪਹਿਲਾਂ ਤੋਂ ਹੀ ਬਦ ਤੋਂ ਬਦਤਰ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਥਾਂ ਥਾਂ ਖੜੇ ਕੂੜੇ ਦੇ ਪਹਾੜ ਕਿਸੇ ਵੇਲੇ ਭਿਆਨਕ ਬਿਮਾਰੀਆਂ ਦੀ ਵਜ੍ਹਾ ਬਣਨ ਦੇ ਨਾਲ ਨਾਲ ਅਮਨ ਕਾਨੂੰਨ ਸਮੱਸਿਆ ਦੀ ਵੀ ਵਜ੍ਹਾ ਬਣ ਸਕਦੇ ਹਨ।

RELATED ARTICLES
- Advertisment -spot_img

Most Popular

Recent Comments