spot_img
Homeਮਾਝਾਗੁਰਦਾਸਪੁਰਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਨ ਹੈ ਤੰਬਾਕੂ ਦੀ ਵਰਤੋਂ - ਡਾ. ਸੁਖਦੀਪ...

ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਨ ਹੈ ਤੰਬਾਕੂ ਦੀ ਵਰਤੋਂ – ਡਾ. ਸੁਖਦੀਪ ਸਿੰਘ

ਬਟਾਲਾ, 5 ਮਈ (ਸਲਾਮ ਤਾਰੀ) – ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਤੇ ਤੰਬਾਕੂ ਦੀ ਵਰਤੋਂ ਨਾਲ ਮਨੁੱਖੀ ਸਿਹਤ ’ਚ ਅਨੇਕਾਂ ਤਰਾਂ ਦੇ ਵਿਗਾੜ ਆ ਜਾਂਦੇ ਹਨ। ਤੰਬਾਕੂ ਦੀ ਖ਼ਪਤ ਕਈ ਰੂਪਾਂ ਜਿਵੇਂ ਕਿ ਸਿਗਰਟ, ਬੀੜੀ, ਗੁਟਕਾ, ਹੁੱਕਾ ਅਤੇ ਹੋਰ ਕਈ ਪ੍ਰਕਾਰ ਵਿਚ ਕੀਤੀ ਜਾਂਦੀ ਹੈ। ਤੰਬਾਕੂ ਵਿੱਚ ਨਿਕੋਟੀਨ ਸ਼ਾਮਿਲ ਹੈ ਜੋ ਕਿ ਬਹੁਤ ਹੀ ਅਮਲ ਪਦਾਰਥ ਹੈ।  ਨਿਕੋਟੀਨ ਦਾ ਲੰਮੇ ਸਮੇਂ ਤੱਕ ਪ੍ਰਯੋਗ ਤੁਹਾਡੇ ਦਿਲ, ਫੇਫੜੇ ਅਤੇ ਪੇਟ ਦੇ ਨਾਲ-ਨਾਲ ਦਿਮਾਗੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਕ ਮਿਆਦ ਤੋਂ ਵੱਧ ਜਦੋਂ ਕੋਈ ਵਿਅਕਤੀ ਸਰੀਰਕ ਅਤੇ ਜਜ਼ਬਾਤੀ ਤੌਰ ’ਤੇ ਨਿਕੋਟੀਨ ਦਾ ਆਦੀ ਹੋ ਜਾਂਦਾ ਹੈ ਤਾਂ ਫਲਸਰੂਪ ਉਹ ਕਈ ਗੰਭੀਰ ਸਿਹਤ ਸੰਬੰਧੀ ਬਿਮਾਰੀਆਂ ਨਾਲ ਪੀੜ੍ਹਤ ਹੋ ਜਾਂਦਾ ਹੈ।

ਤੰਬਾਕੂ ਦੇ ਮਨੁੱਖੀ ਸਿਹਤ ’ਤੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਮਾਹਿਰ ਡਾਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਤੰਬਾਕੂ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਗਲੇ ਵਿਚ ਜਲਨ ਅਤੇ ਖੰਘ ਸ਼ੁਰੂ ਹੋ ਜਾਂਦੀ ਹੈ, ਸਾਹ ਵਿਚੋਂ ਬਦਬੂ ਅਤੇ ਕਪੜਿਆਂ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ, ਉਸਦੀ ਚਮੜੀ ਡੱਬ-ਖੜੱਬੀ ਹੋ ਜਾਂਦੀ ਹੈ ਅਤੇ ਦੰਦਾਂ ਦਾ ਰੰਗ ਖ਼ਰਾਬ ਹੋ ਜਾਂਦਾ ਹੈ। ਤੰਬਾਕੂ ਦੀ ਵਰਤੋਂ ਨਾਲ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਨਾਂ ‘ਚ ਦਿਲ ਦੀ ਬਿਮਾਰੀ, ਸੋਜ਼ਸ਼, ਨਮੂਨੀਆ, ਸਟਰੋਕ ਤੋਂ ਇਲਾਵਾ ਟੀ.ਬੀ,  ਮੂੰਹ ਦਾ ਕੈਂਸਰ, ਫੇਫੜੇ, ਗਲੇ, ਪੇਟ, ਅਤੇ ਬਲੈਡਰ ਦਾ ਕੈਂਸਰ ਹੋ ਸਕਦਾ ਹੈ। ਡਾ. ਸੁਖਦੀਪ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਿਗਰਟ ਨਹੀਂ ਵੀ ਪੀਂਦਾ ਪਰ ਉਹ ਸਿਗਰਟ ਪੀਣ ਵਾਲਿਆਂ ਦੇ ਸੰਪਰਕ ਵਿਚ ਰਹਿੰਦਾ ਹੈ ਤਾਂ ਇਸ ਨੂੰ ਪੈਸਿਵ ਸਮੋਕਿੰਗ ਕਹਿੰਦੇ ਹਨ। ਪੈਸਿਵ ਸਮੋਕਿੰਗ ਨਾਲ ਵੀ ਵਿਅਕਤੀ ਨੂੰ ਉਨੇ ਹੀ ਬੁਰੇ ਪ੍ਰਭਾਵ ਸਹਿਣੇ ਪੈਂਦੇ ਹਨ ਜਿਨੇ ਕਿ ਸਿਗਰਟ ਪੀਣ ਵਾਲੇ ਨੂੰ। ਇਸ ਲਈ ਇਹ ਸਰਗਰਮ ਤੌਰ ’ਤੇ ਸਿਗਰਟ-ਬੀੜੀ ਪੀਣ ਦੇ ਬਰਾਬਰ ਹੀ ਨੁਕਸਾਨਦੇਹ ਹੈ।

ਤੰਬਾਕੂ ਤੋਂ ਛੁਟਕਾਰਾ ਪਾਉਣ ਦੀ ਵਿਧੀ ਬਾਰੇ ਦੱਸਦਿਆਂ ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਇਲਾਜ ਦੇ ਨਾਲ ਤੰਬਾਕੂ ਦੇ ਸੇਵਨ ਨੂੰ ਛੱਡਿਆ ਜਾ ਸਕਦਾ ਹੈ। ਇਸ ਲਈ ਮਰੀਜ ਨਸ਼ਾ ਮੁਕਤੀ ਕੇਂਦਰ ’ਚ ਪਹੁੰਚ ਕਰ ਸਕਦੇ ਹਨ। ਨਿਕੋਟੀਨ ਬਹੁਤ ਜ਼ਿਆਦਾ ਤਾਕਤਵਰ ਅਮਲ ਡਰੱਗ ਹੈ, ਪਰ ਸਹੀ ਪਹੁੰਚ ਰਾਹੀਂ ਕੋਈ ਵੀ ਵਿਅਕਤੀ ਇਸ ਨੂੰ ਛੱਡ ਸਕਦਾ ਹੈ। ਇਸ ਆਦਤ ਨੂੰ ਛੱਡਣ ਲਈ ਬਹੁਤ ਜ਼ਿਆਦਾ ਧੀਰਜ ਅਤੇ ਆਤਮਕ ਸ਼ਕਤੀ ਦੀ ਲੋੜ ਹੁੰਦੀ ਹੈ। ਦਿ੍ਰੜ ਨਿਸ਼ਚੇ ਅਤੇ ਸਹੀ ਇਲਾਜ ਨਾਲ ਤੰਬਾਕੂ ਸੇਵਨ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਤੰਬਾਕੂ ਨੂੰ ਹਮੇਸ਼ਾ ਲਈ ਛੱਡਣ ਵਾਸਤੇ ਸਕਾਰਾਤਮਕ ਪਹੁੰਚ ਹੋਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਸਿਗਰਟ ਪੀਣਾ ਬੰਦ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੇ ਬਾਅਦ ਵਾਲੇ ਪ੍ਰਭਾਵ ਅਤੇ ਫਾਇਦੇ ਬਾਰੇ ਸੋਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਸਰਤ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਸ਼ਾਮਿਲ ਕਰੋ। ਇਹ ਨਿਕੋਟੀਨ ਦੇ ਲਾਲਚ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਅਤੇ ਨਸ਼ਾ ਛੱਡਣ ਦੀ ਕਿਰਿਆ ਦੇ ਲੱਛਣਾਂ ਨੂੰ ਸੌਖਾ ਕਰਦਾ ਹੈ। ਤਣਾਅ ਤੋਂ ਬਚਣ ਲਈ ਯੋਗਾ ਅਤੇ ਚਿੰਤਨ ਦਾ ਅਭਿਆਸ ਕਰਨਾ ਵੀ ਲਾਭਕਾਰੀ ਹੁੰਦਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments