spot_img
Homeਮਾਝਾਗੁਰਦਾਸਪੁਰਵਿਰਸੇ ਤੇ ਇਤਿਹਾਸ ਨਾਲ ਜੋੜਨ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ...

ਵਿਰਸੇ ਤੇ ਇਤਿਹਾਸ ਨਾਲ ਜੋੜਨ ਦਾ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਨਿਵੇਕਲਾ ਉਪਰਾਲਾ

ਬਟਾਲਾ, 24 ਅਪ੍ਰੈਲ (ਮੁਨੀਰਾ ਸਲਾਮ ਤਾਰੀ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲ੍ਹੇ ਵਿੱਚ ਟੂਰਿਜ਼ਮ ਨੂੰ ਉਤਸ਼ਾਹਤ ਕਰਨ ਦੇ ਉਪਰਾਲੇ ਤਹਿਤ ਹਰ ਹਫਤੇ ਚਲਾਈ ਰਹੀ ਇੱਕ ਰੋਜ਼ਾ ਮੁਫ਼ਤ ਬੱਸ ਯਾਤਰਾ ਨੂੰ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਹੈਰੀਟਜ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਬਟਾਲਾ ਤੋਂ 31ਵੀਂ ਮੁਫ਼ਤ ਬੱਸ ਯਾਤਰਾ ਰਵਾਨਾ ਕੀਤੀ ਗਈ। ਅੱਜ ਦੀ ਯਾਤਰਾ ਵਿੱਚ ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਬਟਾਲਾ ਦੀਆਂ ਸਿਖਿਆਰਥਣਾਂ ਨੇ ਭਾਗ ਲਿਆ।

ਬਟਾਲਾ ਸਰਕਟ ਤਹਿਤ ਇਸ ਯਾਤਰਾ ਰਾਹੀਂ ਯਾਤਰੂਆਂ ਨੇ ਸਭ ਤੋਂ ਪਹਿਲਾਂ ਗੜੀ ਗੁਰਦਾਸ ਨੰਗਲ ਦੇ ਦਰਸ਼ਨ ਕੀਤੇ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 8 ਮਹੀਨੇ ਦੇ ਘੇਰੇ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਯਾਤਰਾ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਅਤੇ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ, ਕਾਹਨੂੰਵਾਨ ਛੰਭ ਵਿਖੇ ਪਹੁੰਚੀ। ਇਥੇ ਯਾਤਰੂਆਂ ਨੂੰ ਛੋਟੇ ਘੱਲੂਘਾਰੇ ਦੀ ਜਾਣਕਾਰੀ ਦੇਣ ਲਈ ਇੱਕ ਇਤਿਹਾਸਕ ਦਸਤਾਵੇਜੀ ਫਿਲਮ ਦਿਖਾਈ ਗਈ।

ਯਾਤਰਾ ਦਾ ਅਗਲਾ ਪੜਾਅ ਕਲਾਨੌਰ ਵਿਖੇ ਹੋਇਆ ਜਿਥੇ ਯਾਤਰੂਆਂ ਨੇ ਅਕਬਰ ਬਾਦਸ਼ਾਹ ਦੇ ਤਾਜਪੋਸ਼ੀ ਸਥਾਨ ਨੂੰ ਦੇਖਿਆ ਅਤੇ ਇਸਤੋਂ ਬਾਅਦ ਸ਼ਿਵ ਮੰਦਰ ਦੇ ਦਰਸ਼ਨ ਕੀਤੇ। ਕਲਾਨੌਰ ਤੋਂ ਯਾਤਰਾ ਡੇਰਾ ਬਾਬਾ ਨਾਨਕ ਨੂੰ ਰਵਾਨਾ ਹੋਈ ਜਿਥੇ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ, ਗੁਰਦੁਆਰਾ ਸ੍ਰੀ ਚੋਹਲਾ ਸਾਹਿਬ, ਕਰਤਾਰਪੁਰ ਕੋਰੀਡੋਰ ਦੇ ਦਰਸ਼ਨ ਕੀਤੇ। ਯਾਤਰਾ ਦੌਰਾਨ ਯਾਤਰੂਆਂ ਨੂੰ ਸਾਰੇ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੀ ਜਾਣਕਾਰੀ ਗਾਈਡ ਹਰਬਖਸ਼ ਸਿੰਘ ਅਤੇ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ। ਇਸ ਮੌਕੇ ਨੌਜਵਾਨ ਆਗੂ ਤੇਜਪ੍ਰਤਾਪ ਸਿੰਘ ਕਾਹਲੋਂ ਵੀ ਮੌਜੂਦ ਸਨ।

ਰਾਣੀ ਝਾਂਸੀ ਲੇਡੀਜ਼ ਵੈਲਫੇਅਰ ਸੁਸਾਇਟੀ ਬਟਾਲਾ ਦੀ ਪ੍ਰਧਾਨ ਸੰਤੋਸ਼ ਕੁਮਾਰੀ ਨੇ ਕਿਹਾ ਕਿ ਸਾਡੇ ਜ਼ਿਲੇ ਵਿੱਚ ਬਹੁਤ ਸਾਰੇ ਧਾਰਮਿਕ ਤੇ ਇਤਿਹਾਸਕ ਮਹੱਤਤਾ ਦੇ ਸਥਾਨ ਹਨ ਜਿਨਾਂ ਨੂੰ ਜਰੂਰ ਦੇਖਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅੱਜ ਬਟਾਲਾ ਸਰਕਟ ਤਹਿਤ ਵੱਖ-ਵੱਖ ਧਾਰਮਿਕ ਤੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਜਰੀਏ ਬਹੁਤ ਕੁਝ ਨਵਾਂ ਜਾਨਣ ਤੇ ਸਿੱਖਣ ਨੂੰ ਮਿਲਿਆ ਹੈ। ਪਰਮਪ੍ਰੀਤ ਕੌਰ, ਅਮਨ ਅਤੇ ਤਨਜੋਤ ਕੌਰ ਨੇ ਕਿਹਾ ਕਿ ਛੋਟਾ ਘੱਲੂਘਾਰਾ ਸਮਾਰਕ ਉਨਾਂ ਪਹਿਲੀ ਵਾਰ ਦੇਖੀ ਹੈ ਅਤੇ ਓਥੇ ਇਤਿਹਾਸ ਦੀ ਦਸਤਾਵੇਜ਼ੀ ਫਿਲਮ ਦੇਖ ਕੇ ਇਥੋਂ ਦੇ ਇਤਿਹਾਸ ਨੂੰ ਜਾਣਿਆ ਹੈ। ਇੰਦਰਜੀਤ ਕੌਰ, ਜਸਬੀਰ ਕੌਰ ਅਤੇ ਜਸਵੰਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਧਾਰਮਿਕ ਅਸਥਾਨਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਹਨ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੋ ਇਨ੍ਹਾਂ ਸਥਾਨਾਂ ਦੀ ਮੁਫ਼ਤ ਯਾਤਰਾ ਕਰਾ ਰਹੀ ਹੈ। ਸਾਰੇ ਯਾਤਰੂਆਂ ਨੇ ਇਸ ਯਾਦਗਾਰੀ ਯਾਤਰਾ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments