ਡਿਪਟੀ ਕਮਿਸ਼ਨਰ ਵਲੋਂ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ

0
233

 

ਕਪੂਰਥਲਾ, 21 ਜੂਨ ( ਅਸ਼ੋਕ ਸਡਾਨਾ / ਯੋਗੇਸ਼ ਕੁਮਾਰ )

ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਜਿਲੇ ਵਿਚ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਸਥਾਨਕ ਜਿਲਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਪੁਲਿਸ, ਵਧੀਕ ਡਿਪਟੀ ਕਮਿਸ਼ਨਰਾਂ, ਡਰੇਨਜ਼, ਵਾਟਰ ਸਪਲਾਈ, ਲੋਕ ਨਿਰਮਾਣ ਵਿਭਾਗ , ਮਾਲ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਇਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੁਲਾਈ ਦੇ ਪਹਿਲੇ ਹਫਤੇ ਤੱਕ ਹੜ ਦੀ ਰੋਕਥਾਮ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾਣ।
ਉਨਾਂ ਡਰੇਜ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲਗਾਤਾਰ ਪੌਂਗ ਡੈਮ ਤੇ ਭਾਖੜਾ ਡੈਮ ਵਿਖੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਰੱਖਣ ਅਤੇ ਮੀਂਹ ਸਬੰਧੀ ਰੋਜ਼ਾਨਾ ਦੇ ਆਧਾਰ ’ਤੇ ਰਿਪੋਰਟ ਸੌਂਪੀ ਜਾਵੇ। ਇਸ ਸਬੰਧੀ ਡਰੇਜ਼ਨ ਵਿਭਾਗ ਵਲੋਂ ਇਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿਸਦਾ ਨੰਬਰ 73408-13228 ਹੈ।
ਉਨਾਂ ਇਹ ਵੀ ਕਿਹਾ ਕਿ ਬਿਆਸ ਦਰਿਆ ਤੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਲੋਕਾਂ ਨਾਲ ਰਾਬਤਾ ਰੱਖਣ ਅਤੇ ਦੋਹਾਂ ਦਰਿਆਵਾਂ ਦੇ ਕਪੂਰਥਲਾ ਜਿਲੇ ਵਿਚ ਪੈਂਦੇ ਧੁੱਸੀ ਬੰਨਾਂ ਦਾ ਦੌਰਾ ਕਰਕੇ ਕਮਜ਼ੋਰ ਥਾਵਾਂ ਦੀ ਪਛਾਣ ਕਰਕੇ ਉਨਾਂ ਦੀ ਮਜ਼ਬੂਤੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਤੋਂ ਇਲਾਵਾ ਉਨਾਂ ਕਿਸੇ ਅਣਸੁਖਾਵੇਂ ਹਾਲਾਤ ਨਾਲ ਨਜਿੱਠਣ ਲਈ ਬੋਰੀਆਂ, ਰੇਤ, ਪਾਣੀ ਵਾਲੀਆਂ ਬੋਟਾਂ ਆਦਿ ਦਾ ਅਗਾਊਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ।
ਉਨਾਂ ਕਿਹਾ ਕਿ ਧੁੱਸੀ ਬੰਨ ਦੇ ਅੰਦਰ ਵਾਲੇ ਪਾਸੇ ਮਹੱਤਵਪੂਰਨ ਥਾਵਾਂ ਦੀ ਪਹਿਚਾਣ ਕਰਕੇ ਵਾਇਰਲੈਸ ਸਿਸਟਮ ਚਾਲੂ ਕੀਤਾ ਜਾਵੇ ਤਾਂ ਜੋ ਕਿਸੇ ਵੀ ਹੰਗਾਮੀ ਹਾਲਾਤ ਵਿਚ ਸੰਚਾਰ ਵਿਚ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਦਰਿਆ ਕਿਨਾਰੇ ਵਸੇ ਲੋਕਾਂ ਨਾਲ ਤੇਜੀ ਨਾਲ ਸੰਪਰਕ ਸਾਧਣ ਵਾਸਤੇ ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਸਰਪੰਚਾਂ, ਪੰਚਾਂ, ਮੋਹਤਬਰ ਵਿਅਕਤੀਆਂ ਦੇ ਮੋਬਾਇਲ ਨੰਬਰ ਆਦਿ ਵੀ ਦਰਜ ਕਰਨ ਲਈ ਕਿਹਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਬੰਨਾਂ ਦੇ ਅੰਦਰ ਵਾਲੇ ਪਾਸੇ ਜਿਆਦਾ ਖਤਰੇ ਵਾਲੇ 26 ਪਿੰਡਾਂ ਦੀ ਪਹਿਚਾਣ ਕੀਤੀ ਗਈ ਹੈ। ਉਨਾਂ ਇਹ ਵੀ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਬਿਆਸ ਦਰਿਆ ਦੇ ਕਿਨਾਰੇ ਹੜਾਂ ਦੀ ਮਾਰ ਤੋਂ ਬਚਾਅ ਲਈ ਪੱਥਰ ਦੇ ਸਟੱਡ ਵੀ ਲਗਾਏ ਗਏ ਹਨ, ਜਿਨਾਂ ਉੱਪਰ 1 ਕਰੋੜ 80 ਲੱਖ ਰੁਪੈ ਖਰਚ ਹੋਏ ਹਨ। ਕਰਮੂਵਾਲਾ ਪੱਤਣ, ਢਿਲਵਾਂ ਖੇਤਰ, ਆਹਲੀ ਕਲਾਂ ਆਦਿ ਵਿਖੇ ਸਟੱਡ ਲਾ ਕੇ 12000 ਏਕੜ ਵਾਹੀਯੋਗ ਜ਼ਮੀਨ ਨੂੰ ਦਰਿਆ ਦੀ ਮਾਰ ਤੋਂ ਬਚਾਇਆ ਗਿਆ ਹੈ।
ਇਸ ਤੋਂ ਇਲਾਵਾ ਜਿਲਾ ਮਾਲ ਅਫਸਰ ਨੇ ਦੱਸਿਆ ਕਿ ਇਕ ਜਿਲਾ ਪੱਧਰੀ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ, ਜਿਸਦਾ ਨੰਬਰ 01822-231990 ਹੈ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਆਰ. ਐਫ. ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਮਾੜੇ ਹਾਲਾਤਾਂ ਦੇ ਟਾਕਰੇ ਲਈ ਕਿਸ਼ਤੀਆਂ, ਬਚਾਅ ਕਾਰਜਾਂ ਦੀ ਯੋਜਨਾ , ਗੋਤਾਖੋਰਾਂ ਦੀ ਸੂਚੀ ਆਦਿ ਜਿਲਾ ਪ੍ਰਸ਼ਾਸ਼ਨ ਨਾਲ ਸਾਂਝੀ ਕਰਨ।
ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਦਵਾਈਆਂ ਦੇ ਪ੍ਰਬੰਧ, ਸਿਹਤ ਟੀਮਾਂ ਦੇ ਗਠਨ ਕਰਕੇ ਸੂਚੀਆਂ ਜਿਲਾ ਪ੍ਰਸ਼ਾਸ਼ਨ ਕੋਲ ਮੁਹੱਈਆ ਕਰਵਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਡਰੇਨਜ਼ ਵਿਭਾਗ ਨੂੰ ਸੂਇਆਂ, ਰਜਬਾਹਿਆਂ ਦੀ ਸਾਫ ਸਫਾਈ ਕਰਵਾਉਣ ਦੇ ਵੀ ਹੁਕਮ ਦਿੱਤੇ ਗਏ , ਜਿਸਨੂੰ ਮਾਨਸੂਨ ਤੋਂ ਪਹਿਲਾਂ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਐਸ ਪੀ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਐਸ ਪੀ ਜਸਬੀਰ ਸਿੰਘ, ਐਸ ਡੀ ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਐਸ ਡੀ ਐਮ ਸੁਲਤਾਨਪੁਰ ਲੋਧੀ ਡਾ ਚਾਰੂਮਿਤਾ, ਐਸ ਡੀ ਐਮ ਭੁਲੱਥ ਬਲਬੀਰ ਰਾਜ , ਐਸ ਡੀ ਐਮ ਫਗਵਾੜਾ ਸ਼ਾਇਰੀ ਮਲਹੋਤਰਾ ਤੇ ਹੋਰ ਵਿਭਾਗਾਂ ਦੇ ਉਚ ਅਧਿਕਾਰੀ ਹਾਜਰ ਸਨ ।

ਕੈਪਸ਼ਨ-ਕਪੂਰਥਲਾ ਵਿਖੇ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਤੇ ਹੋਰ।

Previous articleਕੋਰੋਨਾ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ ਯੋਗ – ਕੈਂਪਸ ਡਾਇਰੈਕਟਰ ਡਾੱ.  ਜੰਜੁਆ
Next articleਡਿਪਟੀ ਕਮਿਸ਼ਨਰ ਵਲੋਂ ‘ਟਾਰਗੈਟ ਗਰੁੱਪ ’ ਦੀ ਵੈਕਸੀਨੇਸ਼ਨ ਵਿਚ ਤੇਜੀ ਲਿਆਉਣ ਦੇ ਹੁਕਮ

LEAVE A REPLY

Please enter your comment!
Please enter your name here