spot_img
Homeਮਾਝਾਗੁਰਦਾਸਪੁਰਸ਼ੂਗਰ ਰੋਗ ਤੋਂ ਬਚਾਅ ਲਈ ਰੋਜ਼ਾਨਾ ਸੈਰ ਤੇ ਕਸਰਤ ਜ਼ਰੂਰੀ - ਡਾ....

ਸ਼ੂਗਰ ਰੋਗ ਤੋਂ ਬਚਾਅ ਲਈ ਰੋਜ਼ਾਨਾ ਸੈਰ ਤੇ ਕਸਰਤ ਜ਼ਰੂਰੀ – ਡਾ. ਹਰਪਾਲ ਸਿੰਘ

ਬਟਾਲਾ, 24 ਫਰਵਰੀ (ਮੁਨੀਰਾ ਸਲਾਮ ਤਾਰੀ) – ਬਦਲਦੇ ‘ਲਾਈਫ ਸਟਾਈਲ’ ਕਾਰਨ ਅਤੇ ਸਰੀਰਕ ਗਤੀਵਿਧੀਆਂ ਘੱਟ ਹੋਣ ਕਾਰਨ ਸ਼ੂਗਰ ਰੋਗ ਕਾਫ਼ੀ ਵਧ ਗਿਆ ਹੈ ਅਤੇ ਅਜੋਕੇ ਸਮੇਂ ਦੌਰਾਨ ਬੱਚਿਆਂ ਵਿੱਚ ਵੀ ਇਹ ਰੋਗ ਦੇਖਣ ਨੂੰ ਮਿਲ ਰਿਹਾ ਹੈ। ਸ਼ੂਗਰ ਰੋਗ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਮੋਟਾਪਾ, ਕਸਰਤ ਨਾ ਕਰਨਾ, ਜੀਵਨ ਵਿੱਚ ਤਣਾਅ ਆਦਿ ਦਾ ਹੋਣਾ, ਸੰਤੁਲਿਤ ਭੋਜਨ ਦੀ ਕਮੀ, ਸਮੇਂ ਸਿਰ ਖਾਣਾ ਨਾ ਖਾਣਾ ਅਤੇ ਖਾਨਦਾਨੀ ਕਾਰਨ ਆਦਿ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਦੇ ਮੁੱਖ ਲੱਛਣ ਮਰੀਜ਼ ਨੂੰ ਵਾਰ ਵਾਰ ਪਿਸ਼ਾਬ ਦਾ ਆਉਣਾ, ਵਾਰ ਵਾਰ ਪਿਆਸ ਲੱਗਣੀ, ਅਚਾਨਕ ਭਾਰ ਘੱਟ ਹੋ ਜਾਣਾ, ਬਹੁਤ ਜ਼ਿਆਦਾ ਭੁੱਖ ਲੱਗਣੀ, ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ, ਹੱਥਾਂ ਪੈਰਾਂ ਦਾ ਸੁੰਨ ਹੋਣਾ, ਚਮੜੀ ਅਤੇ ਪਿਸ਼ਾਬ ਨਾਲੀ ਵਿਚ ਵਾਰ ਵਾਰ ਲਾਗ ਹੋਣਾ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ ਆਦਿ ਹਨ।

ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਜੇਕਰ ਸਰੀਰ ਵਿਚ ਸ਼ੂਗਰ ਬਹੁਤ ਜ਼ਿਆਦਾ ਹੈ ਤਾਂ ਇਹ ਸਰੀਰ ਲਈ ਵਧੇਰੇ ਖਤਰਨਾਕ ਹੋ ਸਕਦੀ ਹੈ ਜਿਵੇਂ ਕਿ ਅੱਖਾਂ ਅਤੇ ਗੁਰਦਿਆਂ ਤੇ ਮਾੜਾ ਅਸਰ ਹੋਣਾ, ਦਿਲ ਅਤੇ ਲਹੂ ਨਾੜੀਆਂ ਸੰਬੰਧੀ ਰੋਗ, ਦਿਲ ਦਾ ਦੌਰਾ ਅਤੇ ਲਕਵਾ ਆਦਿ।

ਉਨ੍ਹਾਂ ਕਿਹਾ ਕਿ ਸ਼ੂਗਰ ਪੀੜਤ ਮਰੀਜ ਨੂੰ ਆਪਣੇ ਪੈਰਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਨਸਾਂ ਸੁੰਨ ਹੋਣ ਕਾਰਨ ਕਿਸੇ ਜ਼ਖ਼ਮ ਜਾਂ ਸੱਟ ਆਦਿ ਦਾ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਅਣਦੇਖਿਆ ਕਰਨ ਨਾਲ ਜ਼ਖ਼ਮ ਵਧ ਜਾਂਦਾ ਹੈ ਅਤੇ ਗੈਂਗਰੀਨ ਹੋਣ ਦਾ ਖਤਰਾ ਹੋ ਜਾਂਦਾ ਹੈ।

ਡਾ. ਹਰਪਾਲ ਸਿੰਘ ਨੇ ਦੱਸਿਆ ਕਿ ਸ਼ੂਗਰ ਰੋਗ ਤੋਂ ਬਚਾਅ ਲਈ ਰੋਜ਼ਾਨਾ ਘੱਟੋ ਘੱਟ 30 ਮਿੰਟ ਸੈਰ ਤੇ ਕਸਰਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖ਼ੁਰਾਕ ਵਿੱਚ ਹਰੀਆਂ ਸਬਜ਼ੀਆਂ ਜਿਵੇਂ ਕਿ ਗਾਜਰ, ਮੂਲੀ, ਕਰੇਲੇ ਆਦਿ ਦਾ ਸੇਵਨ ਕੀਤਾ ਜਾਵੇ ਅਤੇ ਜ਼ੰਕ ਭੋਜਨ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੀਵਨਸ਼ੈਲੀ ਵਿੱਚ ਹਾਂ-ਪੱਖੀ ਸੁਧਾਰ ਲਿਆ ਕੇ ਸ਼ੂਗਰ ਰੋਗ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਸ਼ੂਗਰ ਦੇ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments