spot_img
Homeਮਾਝਾਗੁਰਦਾਸਪੁਰਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਨੇ ਵਿਰਾਸਤਾਂ ਦੀ ਸੰਭਾਲ ਲਈ ਸੈਰ...

ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਨੇ ਵਿਰਾਸਤਾਂ ਦੀ ਸੰਭਾਲ ਲਈ ਸੈਰ ਸਪਾਟਾ ਮੰਤਰੀ ਨੂੰ ਦਿੱਤਾ ਮੰਗ ਪੱਤਰ

ਬਟਾਲਾ, 19 ਮਈ ( ਮੁਨੀਰਾ ਸਲਾਮ ਤਾਰੀ) – ਬੀਤੇ ਦਿਨੀਂ ਬਟਾਲਾ ਫੇਰੀ ’ਤੇ ਆਏ ਸੂਬੇ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬਟਾਲਾ ਸ਼ਹਿਰ ਸਮੇਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਨੇ ਮੰਗ ਪੱਤਰ ਦਿੱਤਾ ਹੈ। ਮੰਗ ਪੱਤਰ ਵਿੱਚ ਸੁਸਾਇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿਰਾਸਤੀ ਸ਼ਹਿਰ ਬਟਾਲਾ ਅਤੇ ਦੀਨਾਨਗਰ ਵਿਖੇ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਅਹਿਮ ਇਤਿਹਾਸਕ ਇਮਾਰਤਾਂ ਹਨ, ਪਰ ਦੇਖਭਾਲ ਨਾਲ ਹੋਣ ਕਾਰਨ ਇਹ ਬੇਸ਼ਕੀਮਤੀ ਖਜ਼ਾਨਾਂ ਮਿੱਟੀ ਵਿੱਚ ਮਿਲਦਾ ਜਾ ਰਿਹਾ ਹੈ, ਜਿਨ੍ਹਾਂ ਦੀ ਤੁਰੰਤ ਸੰਭਾਲ ਦੀ ਲੋੜ ਹੈ।

ਸੁਸਾਇਟੀ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ, ਬਲਦੇਵ ਸਿੰਘ ਰੰਧਾਵਾ, ਠੇਕੇਦਾਰ ਕੁਲਵਿੰਦਰ ਸਿੰਘ, ਪ੍ਰੋ. ਜਸਬੀਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਹਰਬਖਸ਼ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ ਚੂਹੇਵਾਲ, ਹਰਨੇਕ ਸਿੰਘ ਬੱਲ, ਅਨੁਰਾਗ ਮਹਿਤਾ, ਹਰਪ੍ਰੀਤ ਸਿੰਘ, ਵਰਿੰਦਰ ਸਿੰਘ ਠਾਣੇਦਾਰ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਬਟਾਲਾ ਦੇ ਬੇਰਿੰਗ ਕਾਲਜ ਵਿੱਚ ਸਥਿਤ ਮਹਾਰਾਜਾ ਸ਼ੇਰ ਸਿੰਘ ਦੇ ਇਤਿਹਾਸਕ ਮਹੱਲ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਜਿਸਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਸਨੂੰ ਮਿਊਜ਼ੀਅਮ ਦੀ ਤਰਜ ’ਤੇ ਵਿਕਸਤ ਕਰਕੇ ਆਮ ਲੋਕਾਂ ਦੇ ਦੇਖਣ ਲਈ ਖੋਲ੍ਹਿਆ ਜਾਵੇ।

ਹੈਰੀਟੇਜ ਸੁਸਾਇਟੀ ਮੈਂਬਰਾਂ ਨੇ ਵੱਡੇ ਤਲਾਬ ਨੂੰ ਪਾਣੀ ਨਾਲ ਭਰਨ ਦੀ ਮੰਗ ਵੀ ਕੀਤੀ ਹੈ ਤਾਂ ਜੋ ਜਲ ਮਹਿਲ ਦੀ ਸ਼ਾਨ ਮੁੜ ਬਹਾਲ ਹੋ ਸਕੇ। ਉਨ੍ਹਾਂ ਮੰਤਰੀ ਨੂੰ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੰਨ 1711 ਅਤੇ ਸੰਨ 1715 ਵਿੱਚ ਬਟਾਲਾ ਸ਼ਹਿਰ ਨੂੰ ਦੋ ਵਾਰ ਫ਼ਤਹਿ ਕੀਤਾ ਸੀ ਪਰ ਬਾਬਾ ਜੀ ਦੀ ਕੋਈ ਵੀ ਯਾਦਗਾਰ ਬਟਾਲਾ ਸ਼ਹਿਰ ਵਿੱਚ ਨਹੀਂ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਦੋਵੇਂ ਜੇਤੂ ਜੰਗਾਂ ਹਾਥੀ ਗੇਟ ਅਤੇ ਅੱਚਲੀ ਗੇਟ ਦੇ ਬਾਹਰ ਹੋਈਆਂ ਸਨ। ਸੁਸਾਇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਬਟਾਲਾ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਸਥਾਪਤ ਕੀਤੀ ਜਾਵੇ।

ਮੰਗ ਪੱਤਰ ਵਿੱਚ ਸੁਸਾਇਟੀ ਮੈਂਬਰਾਂ ਨੇ ਸਰਦਾਰਨੀ ਸਦਾ ਕੌਰ ਦੀ ਬਟਾਲਾ ਵਿੱਚ ਯਾਦਗਾਰ ਕਾਇਮ ਕਰਨ ਦੀ ਮੰਗ ਵੀ ਕੀਤੀ ਹੈ। ਸੁਸਾਇਟੀ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਕਨ੍ਹਈਆ ਮਿਸਲ ਦੀ ਮੁਖੀ ਸਰਦਾਰਨੀ ਸਦਾ ਕੌਰ ਦਾ ਬਟਾਲਾ ਸ਼ਹਿਰ ਨਾਲ ਗੂੜ੍ਹਾ ਸਬੰਧ ਰਿਹਾ ਹੈ।ਸਰਦਾਰਨੀ ਸਦਾ ਕੌਰ ਇਤਿਹਾਸ ਦਾ ਉਹ ਪਾਤਰ ਹੈ ਜਿਸਨੇ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਾਉਣ ਵਿੱਚ ਸਭ ਤੋਂ ਅਹਿਮ ਰੋਲ ਨਿਭਾਇਆ। ਸਦਾ ਕੌਰ ਨੇ ਅਫ਼ਗਾਨਾਂ ਖਿਲਾਫ ਕਈ ਜੇਤੂ ਜੰਗਾਂ ਲੜ੍ਹ ਕੇ ਉਨ੍ਹਾਂ ਨੂੰ ਸੂਬਾ ਪੰਜਾਬ ਤੋਂ ਬਾਹਰ ਧੱਕ ਦਿੱਤਾ। ਇਤਿਹਾਸ ਦੀ ਇਸ ਮਹਾਨ ਔਰਤ ਦੀ ਯਾਦਗਾਰ ਬਟਾਲਾ ਸ਼ਹਿਰ ਵਿੱਚ ਕਾਇਮ ਕੀਤੀ ਜਾਵੇ।

ਇਸ ਤੋਂ ਇਲਾਵਾ ਸੁਸਾਇਟੀ ਮੈਂਬਰਾਂ ਨੇ ਦੀਨਾ ਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦੀ ਹਾਲਤ ਸੁਧਾਰਨ ਦੀ ਮੰਗ ਵੀ ਕੀਤੀ ਹੈ। ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਉੱਪਰ ਜਰੂਰ ਗੌਰ ਕੀਤਾ ਜਾਵੇਗਾ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments