spot_img
Homeਮਾਝਾਗੁਰਦਾਸਪੁਰਕਿਰਤੀ ਭਾਈ ਲਾਲੋ ਜੀ ਜਥੇਬੰਦੀ ਵੱਲੋਂ ਬਟਾਲਾ ਵਿਖੇ 10ਵਾਂ ਸਲਾਨਾ ‘ਕਿਰਤ ਦਿਵਸ’...

ਕਿਰਤੀ ਭਾਈ ਲਾਲੋ ਜੀ ਜਥੇਬੰਦੀ ਵੱਲੋਂ ਬਟਾਲਾ ਵਿਖੇ 10ਵਾਂ ਸਲਾਨਾ ‘ਕਿਰਤ ਦਿਵਸ’ ਮਨਾਇਆ ਗਿਆ

ਬਟਾਲਾ, 2 ਮਈ (ਮੁਨੀਰਾ ਸਲਾਮ ਤਾਰੀ) – ਕਿਰਤੀ ਭਾਈ ਲਾਲੋ ਜੀ ਜਥੇਬੰਦੀ, ਬਟਾਲਾ ਵੱਲੋਂ ਬੀਤੀ ਸ਼ਾਮ ਗੁਰਦੁਆਰਾ ਸਿੰਘ ਸਭਾ, ਹਰਨਾਮ ਨਗਰ, ਬਟਾਲਾ ਵਿਖੇ 10ਵਾਂ ਸਲਾਨਾ ‘ਕਿਰਤ ਦਿਵਸ’ ਮਨਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਏ ਇਸ ਸਮਾਗਮ ਵਿੱਚ ਭਾਈ ਸਵਿੰਦਰ ਸਿੰਘ ਦੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਗਾਇਨ ਕੀਤਾ। ਇਸ ਮੌਕੇ ਗਿਆਨੀ ਹਰਬੰਸ ਸਿੰਘ ਹੰਸਪਾਲ ਅਤੇ ਭਾਈ ਗੁਰਦਰਸ਼ਨ ਸਿੰਘ ਖਾਲਸਾ ਨੇ ਭਾਈ ਲਾਲੋ ਜੀ ਦੇ ਜੀਵਨ ਅਤੇ ਕਿਰਤ ਦੇ ਸਿਧਾਂਤ ਬਾਰੇ ਸੰਗਤਾਂ ਨਾਲ ਜਾਣਕਾਰੀ ਸਾਂਝੀ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਟਾਲਾ ਇੰਦਰਜੀਤ ਸਿੰਘ ਨੇ ਕਿਰਤ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਸ਼ਮੂਲੀਅਤ ਕੀਤੀ। ਆਪਣੇ ਸੰਬੋਧਨ ਵਿੱਚ ਵਿਧਾਇਕ ਕਲਸੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੀ ਕਿਰਤ ਨੂੰ ਹੀ ਸਭ ਤੋਂ ਵੱਡਾ ਦੱਸਿਆ ਹੈ ਅਤੇ ਉਨ੍ਹਾਂ ਦੇ ਮੁੱਢਲੇ ਸਿਧਾਂਤ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਵਿਚ ਵੀ ਕਿਰਤ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਕਿਰਤੀ ਭਾਈ ਲਾਲੋ ਜੀ ਜਥੇਬੰਦੀ ਵੱਲੋਂ ਕਿਰਤ ਦਿਵਸ ਮੌਕੇ ਕਿਰਤੀਆਂ ਨੂੰ ਸਨਮਾਨ ਦੇਣ ਦੀ ਜੋ ਪਿਰਤ ਸ਼ੁਰੂ ਕੀਤੀ ਗਈ ਹੈ ਇਹ ਸੱਚਮੁੱਚ ਕਾਬਲ-ਏ-ਤਾਰੀਫ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀ ਭਲਾਈ ਲਈ ਅਨੇਕਾਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਸ ਤਹਿਤ ਕੋਈ ਵੀ ਉਸਾਰੀ ਕਿਰਤੀ ਆਪਣਾ ਨਾਮ ਕਿਰਤ ਦਫ਼ਤਰ ਵਿੱਚ ਰਜਿਸਟਰਡ ਕਰਾ ਕੇ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਸਕਦਾ ਹੈ।

ਇਸ ਮੌਕੇ ਕਿਰਤੀ ਭਾਈ ਲਾਲੋ ਜੀ ਜਥੇਬੰਦੀ, ਬਟਾਲਾ ਦੇ ਪ੍ਰਧਾਨ ਹਰਜੀਤ ਸਿੰਘ ਸੋਖੀ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਸੱਚੀ-ਸੁੱਚੀ ਕਿਰਤ ਕਰਨ ਵਾਲੇ ਕਿਰਤੀਆਂ ਨੂੰ ਮਾਣ ਸਨਮਾਨ ਦੇ ਯਤਨ ਕੀਤੇ ਜਾਂਦੇ ਹਨ, ਜਿਸ ਤਹਿਤ ਹਰ ਸਾਲ ਕਿਰਤ ਦਿਵਸ ਮੌਕੇ ਦੋ ਕਿਰਤੀਆਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਇਹ ਸਮਾਗਮ ਦਾ ਮਕਸਦ ਜਿਥੇ ਭਾਈ ਲਾਲੋ ਜੀ ਨੂੰ ਯਾਦ ਕਰਨਾ ਹੈ ਓਥੇ ਸਮਾਜ ਦੇ ਅਣਗੌਲੇ ਕਿਰਤੀਆਂ ਨੂੰ ਬਣਦਾ ਮਾਣ ਦੇਣਾ ਹੈ।

ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਅਤੇ ਜਥੇਬੰਦੀ ਦੇ ਮੈਂਬਰਾਂ ਵੱਲੋਂ ਖਰਾਦ ਦਾ ਕੰਮ ਕਰਨ ਵਾਲੇ ਕਿਰਤੀ ਹਰਦੇਵ ਸਿੰਘ ਸੰਧੂ ਅਤੇ ਰਾਜ ਮਿਸਤਰੀ ਰਾਜ ਸਿੰਘ ਖਾਲਸਾ ਨੂੰ ਭਾਈ ਲਾਲੋ ਜੀ ਐਵਾਰਡ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਗੁਰਮੀਤ ਸਿੰਘ ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ, ਰਣਧੀਰ ਸਿੰਘ, ਐਡਵੋਕੇਟ ਮਨਜੀਤ ਸਿੰਘ, ਠੇਕੇਦਾਰ ਮਲਕੀਤ ਸਿੰਘ ਧੀਰ, ਜਸਬੀਰ ਸਿੰਘ ਭਾਗੋਵਾਲ, ਰਜਿੰਦਰ ਸਿੰਘ ਸੰਧੂ, ਹਰਬਖਸ਼ ਸਿੰਘ, ਅਮਨਦੀਪ ਸਿੰਘ ਢਡਿਆਲਾ, ਗੁਰਮੀਤ ਸਿੰਘ ਮਠਾਰੂ ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ, ਕੁਲਵੰਤ ਸਿੰਘ, ਪ੍ਰੋਫੈਸਰ ਜਸਬੀਰ ਸਿੰਘ, ਠੇਕੇਦਾਰ ਲਾਡੀ ਜੱਸਲ, ਅਨੁਰਾਗ ਮਹਿਤਾ, ਕੌਂਸਲਰ ਗੁਰਪ੍ਰੀਤ ਸਿੰਘ, ਆਪ ਆਗੂ ਧੀਰਜ ਵਰਮਾ, ਸੁਖਦੇਵ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments