spot_img
Homeਮਾਝਾਗੁਰਦਾਸਪੁਰਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਕੋਟਲਾ ਸ਼ਾਹੀਆਂ...

ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਪਿੰਡ ਕੋਟਲਾ ਸ਼ਾਹੀਆਂ ਵਿਖੇ ਸੂਰਮਗਤੀ ਦਿਵਸ ਮਨਾਇਆ ਗਿਆ

ਬਟਾਲਾ, 1 ਮਈ (ਮੁਨੀਰਾ ਸਲਾਮ ਤਾਰੀ) – ਸੁਰਜੀਤ ਸਪੋਰਟਸ ਐਸੋਸੀਏਸ਼ਨ (ਰਜ਼ਿ) ਬਟਾਲਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੋਟਲਾ ਸ਼ਾਹੀਆਂ ਵਿਖੇ ਸਿੱਖ ਪੰਥ ਦੇ ਮਹਾਨ ਜਰਨੈਲ ਸ. ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਨੂੰ ਸਮਰਪਿਤ ‘ਸੂਰਮਗਤੀ ਦਿਵਸ’ ਮਨਾਇਆ ਗਿਆ।

ਸੂਰਮਗਤੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਬਟਾਲਾ ਦੇ ਜਥੇ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ (ਲੁਧਿਆਣਾ) ਦੇ ਇਤਿਹਾਸ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਬਲਜੀਤ ਸਿੰਘ ਵਿਰਕ ਨੇ ਸੰਗਤਾਂ ਨੂੰ ਜਰਨੈਲ ਹਰੀ ਸਿੰਘ ਨਲੂਆ ਦੇ ਜੀਵਨ, ਕੁਰਬਾਨੀ ਅਤੇ ਸੂਰਮਗਤੀ ਪਰੰਪਰਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਬੀਬੀ ਜਸਬੀਰ ਕੌਰ ਜੱਸ ਸੁਲਤਾਨਪੁਰ ਲੋਧੀ ਵਾਲਿਆਂ ਦਾ ਢਾਡੀ ਜਥੇ ਕੁਰਬਾਨੀ ਦੀਆਂ ਵਾਰਾਂ ਪੇਸ਼ ਕੀਤੀਆਂ।

ਸੂਰਮਗਤੀ ਦਿਵਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਕੋਟਲਾ ਸ਼ਾਹੀਆਂ ਵਿਖੇ ਨਤਮਸਤਕ ਹੋਏ। ਸਿੱਖ ਦੇ ਪੰਥ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਸ਼ਹੀਦ ਕੌਮ ਦਾ ਬੇਸ਼ਕੀਮਤੀ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਰੱਖਣਾ ਅਤੇ ਸੂਰਮਗਤੀ ਦਿਵਸ ਮਨਾਉਣੇ ਸਾਡਾ ਸਾਰਿਆਂ ਦਾ ਇਖਲਾਕੀ ਫਰਜ ਹੈ। ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲੂਆ ਵਰਗੇ ਯੋਧਿਆਂ ਦੇ ਬਹਾਦਰੀ ਭਰੇ ਕਰਨਾਮਿਆਂ ਨੇ ਇਤਿਹਾਸ ਬਦਲ ਕੇ ਰੱਖ ਦਿੱਤਾ ਅਤੇ ਸਾਨੂੰ ਆਪਣੇ ਯੋਧਿਆਂ ਦੀ ਬਹਾਦਰੀ ਤੇ ਕੁਰਬਾਨੀ ’ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ (ਰਜ਼ਿ) ਬਟਾਲਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਵੱਲੋਂ ਜੋ ਸੂਰਮਗਤੀ ਦਿਵਸ ਮਨਾਇਆ ਗਿਆ ਹੈ ਇਸ ਲਈ ਇਹ ਵਧਾਈ ਦੇ ਹੱਕਦਾਰ ਹਨ ਕਿਉਂਕਿ ਅਜਿਹੇ ਯਤਨਾਂ ਸਦਕਾ ਹੀ ਅਸੀਂ ਆਪਣੇ ਗੌਰਵਮਈ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿੱਚ ਸਹਾਈ ਹੋਵਾਂਗੇ।

ਇਸ ਮੌਕੇ ਸੰਗਤਾਂ ਦਾ ਧੰਨਵਾਦ ਕਰਦਿਆਂ ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਹੇਅਰ ਨੇ ਕਿਹਾ ਕਿ ਪਿੰਡ ਕੋਟਲਾ ਸ਼ਾਹੀਆਂ ਵਿਖੇ ਪਿਛਲੇ 10 ਸਾਲਾਂ ਤੋਂ ਹਰ ਸਾਲ 30 ਅਪ੍ਰੈਲ ਨੂੰ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਸਮਰਪਿਤ ਸੂਰਮਗਤੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਰਮਗਤੀ ਦਿਵਸ ਮਨਾਉਣ ਦਾ ਇੱਕ ਮਕਸਦ ਜਿਥੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਨੂੰ ਸਤਿਕਾਰ ਭੇਟ ਕਰਨਾ ਹੈ ਓਥੇ ਨਾਲ ਹੀ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂ ਕਰਵਾਉਣਾ ਵੀ ਹੈ। ਉਨ੍ਹਾਂ ਨੂੰ ਨੌਜਵਾਨਾਂ ਨੂੰ ਇਤਿਹਾਸ ਨਾਲ ਜੁੜਨ ਦੀ ਅਪੀਲ ਵੀ ਕੀਤੀ।  ਸਮਾਗਮ ਦੌਰਾਨ ਇਸ ਸਾਲ ਦਾ ਜਰਨੈਲ ਹਰੀ ਸਿੰਘ ਨਲੂਆ ਯਾਦਗਾਰੀ ਪੁਰਸਕਾਰ ਡਾ. ਬਲਜੀਤ ਸਿੰਘ ਵਿਰਕ ਨੂੰ ਪ੍ਰਦਾਨ ਕੀਤਾ ਗਿਆ।

ਸਮਾਗਮ ਦੌਰਾਨ ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਬੁਲਾਰੇ ਨਿਸ਼ਾਨ ਸਿੰਘ ਰੰਧਾਵਾ, ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਕੋਟਲਾ ਸ਼ਾਹੀਆਂ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ, ਪ੍ਰਿੰਸੀਪਲ ਮੁਸ਼ਤਾਕ ਗਿੱਲ, ਸ. ਗੁਰਦਰਸ਼ਨ ਸਿੰਘ, ਸਟੇਜ ਸਕੱਤਰ ਸੁਰਜੀਤ ਸਿੰਘ ਸੋਢੀ, ਦਵਿੰਦਰ ਸਿੰਘ ਕਾਲਾ ਨੰਗਲ, ਰੁਪਿੰਦਰ ਸਿੰਘ ਸ਼ਾਮਪੁਰਾ, ਗੁਰਭਿੰਦਰ ਸਿੰਘ ਭਾਗੋਵਾਲ, ਡੀ.ਪੀ.ਆਰ.ਓ. ਬਟਾਲਾ ਇੰਦਰਜੀਤ ਸਿੰਘ ਹਰਪੁਰਾ, ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ, ਗੁਰਦਰਸ਼ਨ ਸਿੰਘ, ਕੁਲਵਿੰਦਰ ਸਿੰਘ ਜੱਸਲ, ਪ੍ਰੋ. ਜਸਬੀਰ ਸਿੰਘ, ਉਪਦੇਸ਼ ਕੁਮਾਰ, ਮਾਣਕ ਮਹਿਤਾ, ਗਗਨਦੀਪ ਸਿੰਘ, ਅਨੁਰਾਗ ਮਹਿਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਮੌਜੂਦ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments