ਬਟਾਲਾ, 29 ਨਵੰਬਰ (ਮੁਨੀਰਾ ਸਲਾਮ ਤਾਰੀ) – ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ 2 ਕਿਲੋਵਾਟ ਲੋਡ ਤੱਕ ਦੇ ਸਾਰੇ ਬਿਜਲੀ ਖਪਤਕਾਰਾਂ ਦੇ ਬਕਾਇਆ ਬਿੱਲ ਮੁਅਫ਼ ਕਰਨ ਦਾ ਵੱਡਾ ਫਾਇਦਾ ਵਿਧਾਨ ਸਭਾ ਹਲਕਾ ਸ੍ਰੀ ਹਰਗੋਬੰਦਪੁਰ ਦੇ ਖਪਤਕਾਰਾਂ ਨੂੰ ਵੀ ਹੋਇਆ ਹੈ। ਪੰਜਾਬ ਸਰਕਾਰ ਦੀ ਇਸ ਮੁਆਫ਼ੀ ਨਾਲ ਸ੍ਰੀ ਹਰਗੋਬਿੰਦਪੁਰ ਹਲਕੇ ਵਿੱਚ ਹੀ 29427 ਖਪਤਕਾਰਾਂ ਦੇ 19.24 ਕਰੋੜ ਰੁਪਏ ਬਕਾਇਆ ਬਿੱਲ ਮੁਆਫ਼ ਹੋਏ ਹਨ।

ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਸਮਝਣ ਵਾਲੇ ਮੁੱਖ ਮੰਤਰੀ ਹਨ ਅਤੇ ਉਨਾਂ ਨੇ ਹੁਣ ਤੱਕ ਜੋ ਵੀ ਫੈਸਲੇ ਲਏ ਹਨ ਉਨਾਂ ਦਾ ਸਭ ਤੋਂ ਵੱਧ ਲਾਭ ਗਰੀਬ ਤੇ ਲੋੜਵੰਦ ਵਿਅਕਤੀਆਂ ਨੂੰ ਹੋਇਆ ਹੈ। ਉਨਾਂ ਕਿਹਾ ਕਿ ਮਹਿੰਗਾਈ ਦੇ ਦੌਰ ਅਤੇ ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਸਨ ਜੋ ਆਪਣੇ ਬਿਜਲੀ ਬਿੱਲ ਵੀ ਨਹੀਂ ਭਰ ਸਕੇ ਸਨ ਜਿਸ ਕਾਰਨ ਉਨਾਂ ’ਤੇ ਬਿਜਲੀ ਕੁਨੈਕਸ਼ਨ ਕੱਟਣ ਦਾ ਖਤਰਾ ਮੰਡਰਾ ਰਿਹਾ ਸੀ। ਉਨਾਂ ਕਿਹਾ ਕਿ ਕਈ ਗਰੀਬ ਪਰਿਵਾਰਾਂ ਦੇ ਤਾਂ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਵੀ ਕੱਟੇ ਜਾ ਚੁੱਕੇ ਸਨ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਸਿਰਫ 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕੀਤੇ ਹਨ ਸਗੋਂ ਜਿਨਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਉਹ ਵੀ ਬਹਾਲ ਕਰਨ ਦੇ ਹੁਕਮ ਦਿੱਤੇ ਹਨ।

ਵਿਧਾਇਕ ਸ. ਲਾਡੀ ਨੇ ਕਿਹਾ ਕਿ ਰਾਜ ਸਰਕਾਰ ਦੇ ਇਸ ਫੈਸਲੇ ਦਾ ਫਾਇਦਾ ਉਨਾਂ ਦੇ ਹਲਕੇ ਦੇ 29427 ਬਿਜਲੀ ਖਪਤਕਾਰਾਂ ਨੂੰ ਹੋਇਆ ਹੈ ਜਿਨਾਂ ਦੇ 19.24 ਕਰੋੜ ਰੁਪਏ ਬਕਾਇਆ ਬਿਜਲੀ ਬਿੱਲ ਮੁਆਫ਼ ਹੋਏ ਹਨ। ਉਨਾਂ ਕਿਹਾ ਕਿ ਰਾਜ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਲੋਕ ਚੰਨੀ ਸਰਕਾਰ ਦੇ ਇਸ ਫੈਸਲੇ ਤੋਂ ਬੇਹੱਦ ਖੁਸ਼ ਹਨ।

Leave a Reply

Your email address will not be published.