ਬਟਾਲਾ, 28 ਨਵੰਬਰ ( ਮੁਨੀਰਾ ਸਲਾਮ ਤਾਰੀ) – ਸੂਬੇ ਦੇ ਪਸ਼ੂ ਪਾਲਣ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਬਟਾਲਾ ਸ਼ਹਿਰ ਵਿਖੇ ਗਊਸ਼ਾਲਾ ਦੇ ਨਵੇਂ ਸ਼ੈੱਡ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸ਼ੈੱਡ ਦੀ ਉਸਾਰੀ ਉੱਪਰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਸ ਵਿਚੋਂ 6.70 ਲੱਖ ਰੁਪਏ ਸੂਬਾ ਸਰਕਾਰ ਵੱਲੋਂ ਗਊਸ਼ਾਲਾ ਚਲਾ ਰਹੀ ਦੈਨਿਕ ਪ੍ਰਾਥਨਾ ਸਭਾ ਨੂੰ ਜਾਰੀ ਕਰ ਦਿੱਤੇ ਜਾਣਗੇ ਜਦਕਿ ਬਕਾਇਆ ਰਕਮ ਵੀ ਕੁਝ ਦਿਨਾਂ ਵਿੱਚ ਆ ਜਾਵੇਗੀ।

ਗਊਸ਼ਾਲਾ ਦਾ ਨੀਂਹ ਪੱਥਰ ਰੱਖਣ ਮੌਕੇ ਹਾਜ਼ਰ ਸ਼ਹਿਰ ਵਾਸੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਗਊ ਸੇਵਾ ਉੱਤਮ ਸੇਵਾ ਹੈ ਅਤੇ ਦੈਨਿਕ ਪ੍ਰਾਥਨਾ ਸਭਾ ਦੇ ਸਮੂਹ ਪ੍ਰਬੰਧਕ ਅਤੇ ਸੇਵਾਦਾਰ ਗਊਵੰਸ਼ ਨੂੰ ਸੰਭਾਲਣ ਦੀ ਮਹਾਨ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਵਰਗਵਾਸੀ ਮਹਾਸ਼ਾ ਗੋਕਲ ਚੰਦ ਜੀ ਵੱਲੋਂ ਦੈਨਿਕ ਪ੍ਰਾਥਨਾ ਸਭਾ ਰਾਹੀਂ ਜੋ ਸੇਵਾ ਦਾ ਕੁੰਭ ਸ਼ੁਰੂ ਕੀਤਾ ਗਿਆ ਸੀ ਉਹ ਉਨ੍ਹਾਂ ਦੇ ਅਸ਼ੀਰਵਾਦ ਨਾਲ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਗਊਸ਼ਾਲਾ ਦੇ ਸ਼ੈੱਡ ਲਈ ਜਾਰੀ ਕਰ ਦਿੱਤੇ ਗਏ ਹਨ ਜਦਕਿ ਜਲਦੀ ਹੀ 20 ਲੱਖ ਰੁਪਏ ਦੀ ਹੋਰ ਗ੍ਰਾਂਟ ਗਊਸ਼ਾਲਾ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਸੰਸਥਾ ਦੈਨਿਕ ਪ੍ਰਾਥਨਾ ਸਭਾ ਦੀ ਸਹਾਇਤਾ ਲਈ ਜੋ ਵੀ ਸੰਭਵ ਹੋਇਆ ਉਹ ਕੀਤਾ ਜਾਵੇਗਾ।

ਸ. ਬਾਜਵਾ ਨੇ ਕਿਹਾ ਕਿ ਬਟਾਲਾ ਸ਼ਹਿਰ ਗੁਰੂ ਸਾਹਿਬਾਨ ਦੀ ਪਾਵਨ ਚਰਨਛੋਹ ਪ੍ਰਾਪਤ ਇਤਿਹਾਸਕ ਨਗਰੀ ਹੈ ਅਤੇ ਉਨ੍ਹਾਂ ਨੇ ਇਸ ਸ਼ਹਿਰ ਦੇ ਵਿਕਾਸ ਲਈ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਹੰਸਲੀ ਨਾਲੇ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਮੁਕੰਮਲ ਹੋਣ ਨੇੜੇ ਹੈ ਜਿਸ ਨਾਲ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਣ ਦੇ ਨਾਲ ਲੋਕਾਂ ਨੂੰ ਕਾਹਨੂੰਵਾਨ ਰੋਡ ਤੱਕ ਜਾਣ ਲਈ ਬਦਲਵਾਂ ਰਸਤਾ ਵੀ ਮਿਲਿਆ ਹੈ। ਸ. ਬਾਜਵਾ ਨੇ ਕਿਹਾ ਕਿ ਬਟਾਲੇ ਸ਼ਹਿਰ ਦੀ ਸੇਵਾ ਉਨ੍ਹਾਂ ਨੇ ਨਿਰਸੁਆਰਥ ਹੋ ਕੇ ਕੀਤੀ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਸ਼ਹਿਰ ਵਾਸੀਆਂ ਦੀ ਮੁਸ਼ਕਲਾਂ ਦੂਰ ਹੋਈਆਂ ਹਨ।

ਇਸ ਮੌਕੇ ਦੈਨਿਕ ਪ੍ਰਾਥਨਾ ਸਭਾ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਗਊਸ਼ਾਲਾ ਨੂੰ ਵਿਸ਼ੇਸ਼ ਗ੍ਰਾਂਟ ਦੇਣ ਅਤੇ ਸਮੁੱਚੇ ਬਟਾਲੇ ਸ਼ਹਿਰ ਦੇ ਵਿਕਾਸ ਵਿੱਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹਾਸ਼ਾ ਗੋਕਲ ਚੰਦ ਜੀ ਵੀ ਸ. ਬਾਜਵਾ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਸਨ ਅਤੇ ਇਸ ਦੀ ਅਕਸਰ ਉਹ ਪ੍ਰਸ਼ੰਸਾ ਵੀ ਕਰਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਸ. ਬਾਜਵਾ ਦੇ ਯਤਨਾ ਸਦਕਾ 10 ਲੱਖ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਵਿਖੇ ਨਵਾਂ ਸ਼ੈੱਡ ਬਣਾਇਆ ਜਾਵੇਗਾ ਜਿਥੇ ਗਊਵੰਸ਼ ਦਾ ਗਰਮੀ ਤੇ ਸਰਦੀ ਤੋਂ ਬਚਾਅ ਹੋ ਸਕੇਗਾ।

ਇਸ ਮੌਕੇ ਦੈਨਿਕ ਪ੍ਰਾਥਨਾ ਸਭਾ ਦੇ ਨੁਮਾਇੰਦੇ ਜੇ.ਐੱਨ. ਸ਼ਰਮਾਂ, ਮਾਸਟਰ ਕੁਲਦੀਪ ਰਾਜ ਸ਼ਰਮਾਂ, ਪੰਡਤ ਰਾਜੇਸ਼ ਸ਼ਰਮਾਂ ਅਤੇ ਕੇ.ਐੱਲ. ਗੁਪਤਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੈਨਿਕ ਪ੍ਰਾਥਨਾ ਸਭਾ ਨੂੰ ਸਹਿਯੋਗ ਕਰਨ ਲਈ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ।

ਗਊਸ਼ਾਲਾ ਦੇ ਸ਼ੈੱਡ ਦਾ ਨੀਂਹ ਪੱਥਰ ਰੱਖਣ ਸਮੇਂ ਸ. ਬਾਜਵਾ ਦੇ ਨਾਲ ਦੈਨਿਕ ਪ੍ਰਾਥਨਾ ਸਭਾ ਦੇ ਪ੍ਰਧਾਨ ਅਸ਼ੋਕ ਅਗਰਵਾਲ, ਜੇ.ਐੱਨ. ਸ਼ਰਮਾਂ, ਮਾਸਟਰ ਕੁਲਦੀਪ ਰਾਜ ਸ਼ਰਮਾਂ, ਡਾ. ਕੁਲਭੂਸ਼ਨ ਸੋਨੀ, ਪੰਡਤ ਰਾਜੇਸ਼ ਸ਼ਰਮਾਂ, ਕੇ.ਐੱਲ. ਗੁਪਤਾ, ਡਾ. ਸਰਬਜੀਤ ਸਿੰਘ ਰੰਧਾਵਾ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਗੌਤਮ ਸੇਠ ਗੁੱਡੂ, ਪ੍ਰਧਾਨ ਬਲਵਿੰਦਰ ਸਿੰਘ ਭਾਲੋਵਾਲੀ, ਸਿਕੰਦਰ ਸਿੰਘ ਪੀ.ਏ, ਰਾਜਾ ਗੁਰਬਖਸ਼ ਸਿੰਘ, ਰਾਹੁਲ ਸੰਦਲ ਤੋਂ ਇਲਾਵਾ ਸ਼ਹਿਰ ਦੇ ਹੋਰ ਵੀ ਮੋਹਤਬਰ ਵਿਅਕਤੀ ਹਾਜ਼ਰ ਸਨ।

Leave a Reply

Your email address will not be published.