ਬਟਾਲਾ, 25 ਨਵੰਬਰ (ਮੁਨੀਰਾ ਸਲਾਮ ਤਾਰੀ) – ਰਾਵੀ ਅਤੇ ਬਿਆਸ ਦਰਿਆਵਾਂ ਦੇ ਕੰਢੇ ਜ਼ਮੀਨਾਂ ਦੇ ਮਾਲਕ ਕਿਸਾਨ ਹੁਣ ਆਪਣੇ ਖੇਤਾਂ ਵਿਚੋਂ ਰੇਤ ਕਢਵਾ ਸਕਦੇ ਹਨ ਅਤੇ ਇਸ ਲਈ ਕਿਸਾਨਾਂ ਨੂੰ ਸਰਕਾਰ ਵੱਲੋਂ ਤਹਿ ਕੀਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਐਕਸੀਅਨ ਮਾਈਨਿੰਗ ਕੋਲੋਂ ਪ੍ਰਵਾਨਗੀ ਲੈਣੀ ਜਰੂਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ‘ਪੰਜਾਬ ਸਟੇਟ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ-2021’ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਸ ਨਵੀਂ ਪਾਲਿਸੀ ਤਹਿਤ ਦਰਿਆ ਕੋਲ ਜ਼ਮੀਨਾਂ ਦੇ ਮਾਲਕ ਕਿਸਾਨ ਆਪਣੇ ਖੇਤਾਂ ਵਿਚੋਂ ਰੇਤ ਕੱਢਵਾ ਸਕਦੇ ਹਨ।

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਦਰਿਆ ਕੰਢੇ ਖੇਤਾਂ ਦੇ ਮਾਲਕ ਕਿਸਾਨ ਰੇਤ ਕੇਵਲ ਉਸ ਜ਼ਮੀਨ ਵਿਚੋਂ ਹੀ ਕੱਢ ਸਕਦੇ ਹਨ ਜਿਥੇ ਪਾਣੀ ਦਾ ਵਹਿਣ ਵਹਿੰਦਾ ਹੋਵੇ। ਇਸ ਤੋਂ ਇਲਾਵਾ ਹਾਈ ਲੈਵਲ ਬਰਿੱਜ ਤੋਂ ਇਸਦੀ ਦੂਰੀ 500 ਮੀਟਰ ਹੋਣੀ ਚਾਹੀਦੀ ਹੈ। ਹੜ੍ਹਾਂ ਦੇ ਬਚਾਅ ਲਈ ਕੀਤੇ ਬਣਾਏ ਬੰਨਾਂ ਤੇ ਹੋਰ ਪ੍ਰਬੰਧਾਂ ਤੋਂ ਘੱਟ ਤੋਂ ਘੱਟ ਦੂਰੀ 100 ਮੀਟਰ, ਰੇਲਵੇ ਲਾਈਨ ਤੋਂ ਘੱਟੋ-ਘੱਟ ਦੂਰੀ 75 ਮੀਟਰ ਅਤੇ ਨਾਲ ਹੀ ਰੇਲਵੇ ਅਥਾਰਟੀ ਤੋਂ ਲਿਖਤੀ ਮਨਜ਼ੂਰੀ ਹੋਣੀ ਜਰੂਰੀ ਹੈ। ਇਸ ਤੋਂ ਇਲਾਵਾ ਰਾਸ਼ਟਰੀ ਰਾਜ ਮਾਰਗ ਤੋਂ 60 ਮੀਟਰ ਦੀ ਦੂਰੀ ਅਤੇ ਨਹਿਰਾਂ, ਟੈਂਕ, ਸੜਕਾਂ, ਇਮਾਰਤਾਂ ਤੋਂ ਦੂਰੀ ਘੱਟ-ਘੱਟ 50 ਮੀਟਰ ਜਰੂਰ ਹੋਣੀ ਚਾਹੀਦੀ ਹੈ। ਇਸ ਲਈ ਸਬੰਧਤ ਸਰਕਾਰੀ ਵਿਭਾਗ ਤੋਂ ਲਿਖਤੀ ਪ੍ਰਵਾਨਗੀ ਵੀ ਜਰੂਰੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਦਰਿਆ ਰਾਵੀ ਤੇ ਬਿਆਸ ਦੇ ਵਹਿਣ ਦੇ ਬਿਲਕੁਲ ਨਜ਼ਦੀਕ ਹੈ ਅਤੇ ਓਥੇ ਕੋਈ ਪੁੱਲ, ਸੜਕ, ਬੰਨ ਆਦਿ ਨਹੀਂ ਹੈ ਅਤੇ ਉਹ ਆਪਣੀ ਜ਼ਮੀਨ ਵਿਚੋਂ ਰੇਤ ਕਢਵਾਉਣੀ ਚਾਹੁੰਦੇ ਹਨ ਤਾਂ ਉਹ ਐਕਸੀਅਨ ਮਾਈਨਿੰਗ ਜਾਂ ਜ਼ਿਲ੍ਹਾ ਪੰਚਾਇਤ ਅਫ਼ਸਰ ਗੁਰਦਾਸਪੁਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਜਿਥੇ ਆਮ ਲੋਕਾਂ ਨੂੰ ਸਸਤੇ ਭਾਅ ਉੱਪਰ ਰੇਤ ਮਿਲੇਗੀ ਓਥੇ ਨਾਲ ਹੀ ਕਿਸਾਨਾਂ ਨੂੰ ਵੀ ਆਮਦਨ ਹੋ ਸਕੇਗੀ।

Leave a Reply

Your email address will not be published. Required fields are marked *