ਬਟਾਲਾ, 22 ਨਵੰਬਰ ( ਮੁਨੀਰਾ ਸਲਾਮ ਤਾਰੀ) – ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਖੇਤੀ ਦੇ ਨਾਲ ਮੱਛੀ ਪਾਲਣ ਦੇ ਲਾਹੇਵੰਦੇ ਕਿੱਤੇ ਨੂੰ ਅਪਨਾਉਣ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਦਾ ਕਿੱਤਾ ਬਹੁਤ ਲਾਹੇਵੰਦਾ ਹੈ ਅਤੇ ਇਸ ਵਿੱਚ ਕਾਮਯਾਬ ਹੋਣ ਦੀਆਂ ਅਸੀਮ ਸੰਭਾਵਨਾਵਾਂ ਹਨ।

ਮੱਛੀ ਪਾਲਣ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਸੂਬਾ ਮੱਛੀ ਪਾਲਣ ਦੇ ਖੇਤਰ ਵਿੱਚ ਲਗਾਤਾਰ ਤਰੱਕੀ ਕਰ ਰਿਹਾ ਹੈ। ਪੰਜਾਬ ਵਿੱਚ ਮੱਛੀ ਪਾਲਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਮੱਛੀ ਉਤਪਾਦਨ ਨੂੰ ਵਧਾਉਣ ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਹੋਰ ਨਵਾਂ ਸਰਕਾਰੀ ਮੱਛੀ ਪੂੰਗ ਫਾਰਮ ਪਿੰਡ ਕਿੱਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਫਾਰਮ ਜ਼ਿਲਾ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਨੇੜੇ ਦੇ ਹੋਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਵਧੀਆ ਕਿਸਮ ਦਾ ਮੱਛੀ ਪੂੰਗ ਰਿਆਇਤੀ ਦਰਾਂ ਤੇ ਪ੍ਰਦਾਨ ਕਰੇਗਾ। ਇਸੇ ਤਰਾਂ ਸਾਫ ਸੁਥਰੀ ਮੱਛੀ ਨੂੰ ਉਪਭੋਗਤਾ ਤੱਕ ਪਹੁੰਚਾਉਣ ਲਈ ਸਰਕਾਰ ਵਲੋਂ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਹੋਲ ਸੇਲ-ਕਮ-ਰਿਟੇਲ ਫਿਸ ਮਾਰਕੀਟ ਦੀ ਸਥਾਪਿਤ ਕੀਤਾ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਸਾਫ-ਸੁਥਰੀ ਮੱਛੀ ਦੀ ਢੋਆ-ਢੁਆਈ ਅਤੇ ਨੋਜਵਾਨਾਂ ਨੂੰ ਰੋਜ਼ਗਾਰ ਦੇ ਨਵੇਂ ਸਾਧਨ ਮੁਹੱਈਆ ਕਰਵਾਉਣ ਵਾਸਤੇ ਚਾਰ ਪਹੀਆ, ਤਿੰਨ ਪਹੀਆ ਅਤੇ ਦੋ ਪਹੀਆ ਵਾਹਨ ਸਮੇਤ ਆਈਸ ਬੋਕਸ ਸਬਸਿਡੀ ਤੇ ਪ੍ਰਦਾਨ ਕੀਤੇ ਜਾ ਰਹੇ ਹਨ।

ਸ. ਬਾਜਵਾ ਨੇ ਅੱਗੇ ਦੱਸਿਆ ਕਿ ਸੂਬੇ ਵਿੱਚ ਮੱਛੀ ਅਤੇ ਝੀਂਗੇ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਤਲਾਬ ਤਿਆਰ ਕਰਨ ਅਤੇ ਪਹਿਲੇ ਸਾਲ ਦੀ ਖਾਦ-ਖੁਰਾਕ ਵਾਸਤੇ ਸਰਕਾਰ ਵਲੋਂ ਚਾਹਵਾਨ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਨਾਂ ਸਕੀਮਾਂ ਦਾ ਲਾਭ ਲੈਣ ਲਈ ਇਛੁੱਕ ਕਿਸਾਨ ਮੱਛੀ ਪਾਲਣ ਵਿਭਾਗ ਨਾਲ ਰਾਬਤਾ ਕਾਇਮ ਕਰ ਸਕਦੇ ਹਨ। ਉਨਾਂ ਇਹ ਦੱਸਦਿਆਂ ਖੁਸ਼ੀ ਜ਼ਾਹਰ ਕੀਤੀ ਕਿ ਸੂਬੇ ਦੇ ਖਾਰੇ ਪਾਣੀ ਨਾਲ ਪ੍ਰਭਾਵਿਤ ਦੱਖਣੀ-ਪੱਛਮੀ ਜ਼ਿਲਿਆਂ ਵਿੱਚ ਝੀਂਗਾ ਪਾਲਣ ਦੀ ਸ਼ੁਰੂਆਤ ਇੱਕ ਏਕੜ ਰਕਬੇ ਤੋਂ ਸ਼ੁਰੂ  ਹੋ ਕੇ ਕਿਸਾਨਾਂ ਦੇ ਉੱਦਮ ਨਾਲ 800 ਏਕੜ ਦੀ ਰਕਬਾ ਪਾਰ ਕਰ ਗਈ ਹੈ। ਉਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਪੰਜ ਸਾਲਾਂ ਦੌਰਾਨ ਪੰਜ ਹਜਾਰ ਏਕੜ ਰਕਬਾ ਝੀਂਗਾ ਪਾਲਣ ਅਧੀਨ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਮੱਛੀ ਪਾਲਣ ਕਿੱਤੇ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ।

Leave a Reply

Your email address will not be published. Required fields are marked *