ਬਟਾਲਾ, 13 ਅਕਤੂਬਰ (ਮੁਨੀਰਾ ਸਲਾਮ ਤਾਰੀ ) – ਬੀਤੀ 11 ਅਕਤੂਬਰ ਨੂੰ ਜੰਮੂ ਕਸ਼ਮੀਰ ਦੇ ਪੁਣਛ ਜ਼ਿਲੇ ਦੇ ਸੂਰਨਕੋਟ ਇਲਾਕੇ ਵਿੱਚ ਅੱਤਵਾਦੀ ਹਮਲੇ ਦੌਰਾਨ ਆਪਣੇ ਚਾਰ ਹੋਰ ਸਾਥੀਆਂ ਸਮੇਤ ਸ਼ਹੀਦ ਹੋਏ ਨਾਇਕ ਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਿੰਡ ਚੱਠਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਹੁੰਚ ਕੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਸ਼ਹੀਦ ਨਾਇਕ ਮਨਦੀਪ ਸਿੰਘ ਦੀ ਦੇਹ ਜਦੋਂ ਪਿੰਡ ਚੱਠਾ ਵਿਖੇ ਪਹੁੰਚੀ ਤਾਂ ਇਲਾਕੇ ਭਰ ਦੇ ਲੋਕਾਂ ਨੇ ਸ਼ਹੀਦ ਮਨਦੀਪ ਸਿੰਘ ਅਮਰ ਰਹੇ ਦੇ ਨਾਹਰੇ ਲਗਾਏ। ਭਾਂਵੇ ਕਿ ਆਪਣੇ ਸਪੂਤ ਨੂੰ ਖੋਹਣ ਦਾ ਗਮ ਪਰਿਵਾਰ ਸਮੇਤ ਹਰ ਕਿਸੇ ਦੇ ਮਨ ਵਿੱਚ ਸੀ ਪਰ ਫਿਰ ਵੀ ਹਰ ਕੋਈ ਮਨਦੀਪ ਸਿੰਘ ਦੀ ਸ਼ਹਾਦਤ ’ਤੇ ਮਾਣ ਕਰ ਰਿਹਾ ਹੈ। ਸ਼ਹੀਦ ਮਨਦੀਪ ਸਿੰਘ ਦੀ ਦੇਹ ਨੂੰ ਕੁਝ ਸਮਾਂ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਦੇ ਦਰਸ਼ਨਾਂ ਲਈ ਘਰ ਵਿੱਚ ਰੱਖਿਆ ਗਿਆ ਅਤੇ ਇਸ ਤੋਂ ਬਾਅਦ ਸ਼ਹੀਦ ਦੀ ਦੇਹ ਨੂੰ ਸਮਸ਼ਾਨਘਾਟ ਵਿੱਚ ਲਿਆਂਦਾ ਗਿਆ। ਸ਼ਹੀਦ ਦੀ ਅਰਥੀ ਨੂੰ ਮੋਢਾ ਉਸਦੀ ਮਾਂ ਮਨਜੀਤ ਕੌਰ ਨੇ ਵੀ ਦਿੱਤਾ।

ਸਮਸ਼ਾਨਘਾਟ ਵਿੱਚ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਪੰਜਾਬ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਤ ਅਤੇ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਰੀਥ ਭੇਟ ਕਰਨ ਦੀ ਰਸਮ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਿਭਾਈ। ਇਸ ਤੋਂ ਇਲਾਵਾ ਲੋਕ ਸਭਾ ਦੇ ਸਪੀਕਰ ਸ੍ਰੀ ਓਮ ਬਿਰਲਾ ਦੀ ਤਰਫੋਂ ਰੀਥ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਚੜਾਈ। ਉੱਪ ਮੁੱਖ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਵਲੋਂ ਰੀਥ ਚੜਾਉਣ ਦੀ ਰਸਮ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ ਹਰਪ੍ਰੀਤ ਸਿੰਘ ਨੇ ਨਿਭਾਈ ਜਦਕਿ ਡਾਇਰੈਕਟਰ, ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਰੀਥ ਸੈਨਿਕ ਭਲਾਈ ਅਫ਼ਸਰ ਕਰਨਲ ਜਸਬੀਰ ਸਿੰਘ ਬੋਪਾਰਏ ਨੇ ਨਿਭਾਈ। ਐੱਸ.ਐੱਸ.ਪੀ. ਨਾਨਕ ਸਿੰਘ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ।  ਇਸ ਤੋਂ ਇਲਾਵਾ ਭਾਰਤੀ ਫੌਜ ਦੇ ਬ੍ਰਿਗੇਡੀਅਰ ਨਰਿੰਦਰ ਸਿੰਘ, ਸੈਨਾ ਮੈਡਲ, ਸਟੇਸ਼ਨ ਕਮਾਂਡਰ ਤਿਬੜੀ ਛਾਉਣੀ ਅਤੇ 19-ਸਿੱਖ ਦੇ ਸੀ.ਈ.ਓ. ਕਰਨਲ ਡੀ.ਕੇ. ਤਿਵਾੜੀ, ਸੈਨਾ ਮੈਡਲ ਅਤੇ ਫੌਜ ਦੇ ਹੋਰ ਅਧਿਕਾਰੀਆਂ ਵੱਲੋਂ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਬਟਾਲਾ ਦੇ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਸੁੱਚਾ ਸਿੰਘ ਛੋਟੇਪੁਰ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਹੀਦ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜ੍ਹੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਮਨਦੀਪ ਸਿੰਘ ਦੀ ਸ਼ਹਾਦਤ ’ਤੇ ਪੂਰੇ ਦੇਸ਼ ਨੂੰ ਮਾਣ ਹੈ ਅਤੇ ਇਹ ਸ਼ਹਾਦਤ ਪੂਰੇ ਦੇਸ਼ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਅਤੇ ਇੱਕ ਸਰਕਾਰੀ ਨੌਂਕਰੀ ਦਾ ਐਲਾਨ ਕੀਤਾ ਹੈ ਅਤੇ ਜਲਦੀ ਹੀ ਇਸਨੂੰ ਪੂਰਾ ਕਰ ਦਿੱਤਾ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਇਸ ਤੋਂ  ਇਲਾਵਾ ਪਰਿਵਾਰ ਵਾਲੇ ਸ਼ਹੀਦ ਦੀ ਯਾਦ ਬਣਾਉਣ ਸਬੰਧੀ ਜੋ ਵੀ ਕਹਿਣਗੇ ਉਸਨੂੰ ਵੀ ਪੂਰਾ ਕੀਤਾ ਜਾਵੇਗਾ।

ਸ਼ਹੀਦ ਮਨਦੀਪ ਸਿੰਘ ਦੇ ਸੰਸਕਾਰ ਮੌਕੇ ਭਾਰਤੀ ਫੌਜ ਦੇ ਜਵਾਨਾਂ ਨੇ ਮਾਤਮੀ ਧੁੰਨ ਵਜਾ ਕੇ ਅਤੇ ਹਥਿਆਰ ਉੱਲਟੇ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਦੀ ਚਿਖਾ ਨੂੰ ਅਗਨੀ ਭਰਾ ਜਗਰੂਪ ਸਿੰਘ ਅਤੇ ਮਨਤਾਜ ਸਿੰਘ ਨੇ ਦਿਖਾਈ।

ਦੱਸਣਯੋਗ ਹੈ ਕਿ ਫਤਹਿਗੜ ਚੂੜੀਆਂ ਹਲਕੇ ਦੇ ਪਿੰਡ ਚੱਠਾ ਦੇ ਜਵਾਨ ਮਨਦੀਪ ਸਿੰਘ ਜੋ ਕਿ ਭਾਰਤੀ ਫੌਜ ਦੀ 16 ਸਿੱਖ ਰੈਜੀਮੈਂਟ ਵਿੱਚ ਸੇਵਾਵਾਂ ਨਿਭਾ ਰਹੇ ਸਨ ਅਤੇ 11 ਅਕਤੂਬਰ ਨੂੰ ਉਹ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿੱਚ ਅੱਤਵਾਦੀ ਹਮਲੇ ਦੌਰਾਨ ਆਪਣੇ ਚਾਰ ਹੋਰ ਸਾਥੀਆਂ ਸਮੇਤ ਸ਼ਹੀਦ ਹੋ ਗਏ ਸਨ। ਸ਼ਹੀਦ ਮਨਦੀਪ ਸਿੰਘ ਪਿੱਛੇ ਆਪਣੇ ਪਰਿਵਾਰ ਵਿੱਚ ਪਤਨੀ ਮਨਦੀਪ ਕੌਰ, ਪੁੱਤਰ ਮਨਤਾਜ ਸਿੰਘ (4 ਸਾਲ) ਅਤੇ ਗੁਰਕੀਰਤ ਸਿੰਘ (40 ਦਿਨ) ਅਤੇ ਮਾਤਾ ਮਨਜੀਤ ਕੌਰ ਨੂੰ ਛੱਡ ਗਏ ਹਨ।

Leave a Reply

Your email address will not be published. Required fields are marked *