ਜਗਰਾਉਂ 9 ਅਕਤੂਬਰ  (ਰਛਪਾਲ ਸਿੰਘ ਸ਼ੇਰਪੁਰੀ, ਬੌਬੀ ਸਹਿਜਲ ) 368 ਵੇਂ ਦਿਨ ਚ ਦਾਖਲ ਹੋਏ ਸਥਾਨਕ ਰੇਲ ਪਾਰਕ ਮੋਰਚੇ ਚ ਇਲਾਕੇ ਛੇ ਕਿਸਾਨਾਂ ਮਜਦੂਰਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਧਰਨਾ ਦਿੱਤਾ। ਪਹਿਲੇ ਦਿਨ ਤੋਂ ਕਿਸਾਨ ਮੋਰਚੇ ਨਾਲ ਜੁੜੇ ਆ ਰਹੇ ਹਰਮਨਪਿਆਰੇ ਗਾਇਕ ਕਲਾਕਾਰ ਲਖਵੀਰ ਸਿੱਧੂ ਤੇ ਢੋਲਕ ਮਾਸਟਰ ਸਤਪਾਲ ਨੇ ਹਰ ਰੋਜ ਦੀ ਤਰਾਂ ਅਪਣੇ ਇਨਕਲਾਬੀ ਗੀਤਾਂ ਰਾਹੀ ਧਰਨਾ ਕਾਰੀਆਂ ਦਾ ਮਨ ਮੋਹ ਲਿਆ।ਕਿਸਾਨ ਆਗੂ ਹਰਚੰਦ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਦਿੱਤੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਭਰ ਵਿਸੇਸ਼ਕਰ ਪੰਜਾਬ ਅਤੇ ਹਰਿਆਣਾ ਚ ਜਬਰਦਸਤ ਵਿਰੋਧ ਹੋਣ ਕਾਰਨ ਕੇਂਦਰ ਸਰਕਾਰ ਨੂੰ ਝੋਨੇ ਦੀ 10 ਅਕਤੂਬਰ ਤਕ ਟਾਲੀ ਝੋਨੇ ਦੀ ਖਰੀਦ ਅੱਜ ਤੋਂ ਸ਼ੁਰੂ ਕਰਨੀ ਪਈ ਹੈ। ਉਨਾਂ ਕਿਸਾਨਾਂ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਕਿਸਾਨ ਸੰਘਰਸ਼ ਦਾ ਦਬਾਅ ਹੀ ਹੈ ਕਿ ਜਨਤਕ ਦਬਾਅ ਦੇ ਚੱਲਦਿਆਂ ਪਿੰਡਾਂ ਚ ਪਾਵਰਕਾਮ ਨੂੰ ਪ੍ਰੀਪੇਡ ਚਿਪ ਵਾਲੇ ਮੀਟਰ ਲਾਉਣ ਤੋਂ ਹਥ ਪਿਛੇ ਖਿਚਣੇ ਪਏ ਹਨ।ਉਨਾਂ ਸਮੂਹ ਪਿੰਡ ਇਕਾਈਆਂ ਨੂੰ ਦਿੱਲੀ ਮੋਰਚਿਆਂ ਤੇ ਹਰ ਪਿੰਡ ਚੋਂ ਗਿਣਤੀ ਵਧਾਉਣ ਲਈ ਪੂਰਾ ਜੋਰ ਲਾਉਣ ਦੀ ਜੋਰਦਾਰ ਅਪੀਲ ਕੀਤੀ। ਬੁਲਾਰਿਆਂ ਨੇ ਕਿਹਾ ਕਿ ਬੀਤੇ ਕੱਲ ਸੁਪਰੀਮ ਕੋਰਟ ਵਲੋਂ ਕਿਸਾਨ ਸੰਘਰਸ਼ ਖਿਲਾਫ ਕੀਤੀ ਟਿੱਪਣੀ ਅਤਿਅੰਤ ਮੰਦਭਾਗੀ ਹੈ । ਸੁਪਰੀਮ ਕੋਰਟ ਨੇ ਸਮੁੱਚੀ ਹਕੀਕਤ ਨੂੰ ਨਜ਼ਰਅੰਦਾਜ ਕਰਕੇ ਮੋਦੀ ਹਕੂਮਤ ਦੀ ਬੋਲੀ ਬੋਲੀ ਹੈ। ਸੁਪਰੀਮ ਕੋਰਟ ਦੀ ਗੈਰ ਨਿਰਪੱਖਤਾ ਨੇ ਨੈਤਿਕਤਾ ਦੇ ਕਈ ਗੰਭੀਰ ਸਵਾਲ ਖੜੇ ਕੀਤੇ ਹਨ। ਭਾਜਪਾ ਵੱਲੋਂ ਹੀ ਕਿਸਾਨ ਮਹਾਂਪੰਚਾਇਤ ਦੇ ਜਾਲੀ ਨਾਮ ਤੇ ਸੁਪਰੀਮ ਕੋਰਟ ਚ ਰਿੱਟ ਪਾ ਕੇ ਅਸਲ ਚ ਕਿਸਾਨ ਅੰਦੋਲਨ ਤੇ ਜਬਰ ਢਾਹੁਣ ਦਾ ਰਾਹ ਪੱਧਰਾ ਕਰ ਲਿਆ ਹੈ। ਉਨਾਂ ਮੋਦੀ ਹਕੂਮਤ ਨੂੰ ਚਿਤਾਵਨੀ ਦਿੰਦਿਆਂ ਕਿਸਾਨ ਅੰਦੋਲਨ ਤੋਂ ਹੱਥ ਪਰੇ ਰਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਹਿਟਲਰੀ ਕਦਮਾਂ ਦੇ ਸਿੱਟੇ ਮਾੜੇ ਨਿਕਲਣਗੇ।ਇਸ ਸਮੇਂ ਇਕ ਮਤੇ ਰਾਹੀਂ ਉੱਤਰਪ੍ਰਦੇਸ਼ ਦੇ ਗੋਰਖਪੁਰ ਚ ਇਕ ਵਪਾਰੀ ਮਨੀਸ਼ ਗੁਪਤਾ ਨੂੰ ਯੋਗੀ ਦੀ ਪੁਲਸ ਵਲੋਂ ਕੁੱਟ ਕੁੱਟ ਕੇ ਮਾਰ ਦੇਣ ਦੀ ਹਿਰਦੇਵੇਦਕ ਘਟਨਾ ਤੇ ਡੂੰਘਾ ਦੁੱਖ ਤੇ ਫਿਕਰ ਜਾਹਰ ਕਰਦਿਆਂ ਦੋਸ਼ੀ ਪੁਲਸੀਆਂ ਨੂੰ ਸਖਤ ਸਜਾਵਾਂ ਦੀ ਮੰਗ ਕੀਤੀ। ਇਸ ਸਮੇਂ ਭਾਜਪਾ ਨੂੰ ਚਿਤਾਵਨੀ ਦਿੰਦਿਆਂ ਉਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਚ ਉਨਾਂ ਦੇ ਦਾਖਲੇ ਦਾ ਹਰ ਕੁਰਬਾਨੀ ਦੇ ਕੇ ਡਟਵਾਂ ਵਿਰੋਧ ਕੀਤਾ ਜਾਵੇਗਾ। ਕਿਸਾਨ ਦੁਸ਼ਮਣਾਂ ਦੀ ਪੰਜਾਬ ਚ ਕੋਈ ਥਾਂ ਨਹੀਂ ਹੈ। ਇਕ ਹੋਰ ਮਤੇ ਰਾਹੀਂ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਦੇ ਚਾਰ ਵਿਦਿਆਰਥੀਆਂ ਤੇ ਸਮੇਤ ਞਿਦਿਆਰਥੀ ਆਗੂ ਅਮਨ ਤੇ ਚੰਡੀਗੜ੍ਹ ਪੁਲਸ ਵਲੋਂ ਦਰਜ ਝੂਠੇ ਪੁਲਸ ਕੇਸ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ। ਇਸ ਸਮੇਂ ਬੁਲਾਰਿਆਂ ਚ  ਲੋਕ ਆਗੂ ਕੰਵਲਜੀਤ ਖੰਨਾ, ਹਰਭਜਨ ਸਿੰਘ ਦੌਧਰ, ਹਰਚੰਦ ਸਿੰਘ ਢੋਲਣ ਆਦਿ ਆਗੂ ਸ਼ਾਮਲ ਸਨ। ਇਸ ਦੌਰਾਨ ਪਿੰਡਾਂ ਚੋਂ ਦਿਲੀ ਮੋਰਚਿਆਂ ਤੇ ਜਾਣ ਦਾ ਅਮਲ ਪੂਰੇ ਜੋਰ ਸ਼ੋਰ ਨਾਲ ਜਾਰੀ ਹੈ।

Leave a Reply

Your email address will not be published. Required fields are marked *