ਕਪੂਰਥਲਾ 09 ਜੁਲਾਈ, 2021 ( ਰਮੇਸ਼ ਬੰਮੋਤਰਾ,ਪਰਮਜੀਤ)

ਕਪੂਰਥਲਾ ਪੁਲਿਸ ਨੇ ਬੇਗੋਵਾਲ ਵਿਚ 23 ਸਾਲਾ ਨੌਜਵਾਨ ਦੇ ਕਤਲ ਕੇਸ ਵਿਚ ਲੋੜੀਂਦੇ ਹਤਿਆਰਿਆਂ ਦਾ 20 ਦਿਨ ਲਗਾਤਾਰ ਛੇ ਰਾਜਾਂ ਵਿੱਚ 1900 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਸ਼ੇਰਾ ਨਿਵਾਸੀ ਕਰਤਾਰਪੁਰ ਜਲੰਧਰ ਵਜੋਂ ਹੋਈ ਹੈ।
ਇੱਕ ਪ੍ਰੈਸ ਬਿਆਨ ਵਿੱਚ ਸੀਨੀਅਰ ਪੁਲਿਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਟੀਮ ਨੇ ਤੇਲੰਗਾਨਾ ਦੇ ਸਾਈਬਰਬਾਦ ਤੋਂ ਕਾਬੂ ਕੀਤਾ ਹੈ।

ਕਤਲ ਕੇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ 18 ਜੂਨ ਦੀ ਦੇਰ ਸ਼ਾਮ ਨੂੰ ਮੁਲਜ਼ਮ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਇੱਕ 23 ਸਾਲਾ ਨੌਜਵਾਨ ਮੁਕੁਲ ਦੀ ਗੋਲੀ ਮਾਰ ਕੇ ਉਸ ਸਮੇਂ ਹਤਿਆ ਕਰ ਦਿੱਤੀ ਸੀ ਜਦੋਂ ਉਹ ਖੇਡ ਦੇ ਮੈਦਾਨ ਤੋਂ ਘਰ ਵਾਪਿਸ ਪਰਤ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਆਪਣੇ ਗਿਰੋਹ ਦੇ ਇਕ ਮੈਂਬਰ ਦੀ ਹੱਤਿਆ ਦੇ ਮਾਮਲੇ ਵਿੱਚ ਮੁਕੁਲ ਦੀ ਸ਼ਮੂਲੀਅਤ ਹੋਣ ਦਾ ਸ਼ੱਕ ਕਰਦਾ ਸੀ।
ਮ੍ਰਿਤਕ ਲੜਕੇ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਨੇ ਬੇਗੋਵਾਲ ਥਾਣੇ ਵਿਖੇ ਚਾਰ ਗੈਂਗਸਟਰਾਂ ਦਲਜੀਤ ਸਿੰਘ ਸ਼ੇਰਾ, ਮੰਗਲ ਸਿੰਘ, ਲਵਲੀ ਅਤੇ ਪ੍ਰਿੰਸ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਐਸਐਸਪੀ ਨੇ ਦੱਸਿਆ ਕਿ ਉਸੇ ਦਿਨ ਹੀ ਪੁਲਿਸ ਨੂੰ ਇਕ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀਆਂ ਵਲੋਂ ਹੁਸ਼ਿਆਰਪੁਰ ਦੇ ਟਾਂਡਾ ਖੇਤਰ ਤੋਂ ਇੱਕ ਪਾਦਰੀ ਨੂੰ ਕੁਟਣ ਅਤੇ ਹਵਾ ਵਿੱਚ ਫਾਇਰਿੰਗ ਕਰਕੇ ਚਿੱਟੀ ਸਵਿਫਟ ਕਾਰ (PB07BS1713) ਖੋਹ ਲਈ ਹੈ ਅਤੇ ਮੁਲਜ਼ਮਾਂ ਵਲੋਂ ਕਤਲ ਦੋਰਾਨ ਵਰਤੀ ਗਈ ਸਕੂਟੀ ਨੂੰ ਓਥੇ ਹੀ ਛੱਡ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਬਰਾਮਦ ਕਰ ਲਿਆ ਸੀ।
ਕਤਲ ਤੋਂ ਕੂੱਝ ਦਿਨਾਂ ਬਾਅਦ ਦੋਸ਼ੀ ਗੈਂਗਸਟਰ ਦਲਜੀਤ ਸਿੰਘ ਸ਼ੇਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਆਪਣੇ ਫੇਸਬੁੱਕ ‘ਤੇ ਇਸ ਬਾਰੇ ਇੱਕ ਪੋਸਟ ਲਿਖਿਆ ਸੀ ਅਤੇ ਕੁਝ ਹੋਰ ਲੋਕਾਂ ਨੂੰ ਵੀ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ।

ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਹੱਤਿਆ ਦੇ ਦਿਨ ਤੋਂ ਹੀ ਮੁਲਜ਼ਮਾਂ ਦਾ ਤਕਨੀਕੀ ਤੌਰ ਤੇ ਪਿੱਛਾ ਕਰ ਰਹੀਆਂ ਸਨ ਪਰ ਸ਼ੇਰਾ ਲਗਾਤਾਰ ਵੱਖ-ਵੱਖ ਰਾਜਾਂ ਜਿਵੇਂ ਕਿ ਹਰਿਆਣਾ, ਯੂਪੀ, ਬਿਹਾਰ, ਮਹਾਰਾਸ਼ਟਰ ਅਤੇ ਉੜੀਸਾ ਵਿਚ ਆਪਣੀ ਜਗ੍ਹਾ ਬਦਲ ਰਿਹਾ ਸੀ ਅਤੇ ਅਖੀਰ ਤੇਲੰਗਾਨਾ ਵਿਚ ਉਸ ਦੇ ਹੋਣ ਦਾ ਪੁਲਿਸ ਨੂੰ ਪਤਾ ਲੱਗ ਗਿਆ ਸੀ।

ਮੁਲਜ਼ਮਾਂ ਨੇ ਟਾਂਡਾ ਦੇ ਪਾਸਟਰ ਦੀ ਲੁੱਟੀ ਹੋਈ ਕਾਰ ਵਿਚ ਕੁਝ ਖ਼ਰਾਬੀ ਆਉਣ ਤੋਂ ਬਾਅਦ ਮਹਾਰਾਸ਼ਟਰ ਵਿਚ ਲਾਵਾਰਿਸ ਛੱਡ ਦਿਤਾ ਗਿਆ ਸੀ ਜਿਸਨੂੰ ਪੁਲਿਸ ਨੇ ਬਰਾਮਦ ਕਰ ਲਿਆ ਸੀ।

ਉਸਨੇ ਦੱਸਿਆ ਕਿ 29 ਜੂਨ ਨੂੰ, ਪੁਲਿਸ ਟੀਮਾਂ ਤੇਲੰਗਾਨਾ ਵਿੱਚ ਉਸਦੇ ਠਿਕਾਣੇ ਤੇ ਛਾਪਾ ਮਾਰਨ ਜਾ ਰਹੀਆਂ ਸਨ ਅਤੇ ਇਸੇ ਦੌਰਾਨ ਜਾਣਕਾਰੀ ਮਿਲੀ ਕਿ ਸ਼ੇਰਾ ਨੇ ਓਥੇ ਪਿਸਤੋਲ ਦਿਖਾ ਕੇ ਅਤੇ ਗੋਲੀ ਮਾਰਨ ਦੀਆਂ ਧਮਕੀਆਂ ਦੇ ਕੇ ਕੁਝ ਲੜਕੀਆਂ ਦੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ । ਜਿਸ ਕਾਰਨ ਲੜਕੀਆਂ ਡਰ ਗਈਆਂ ਅਤੇ 100 ਨੰਬਰ ‘ਤੇ ਡਾਇਲ ਕਰਕੇ ਮੁੱਖ ਸੜਕ ਵੱਲ ਭੱਜ ਗਈਆਂ ਸਨ ਜਿਸ ਤੋਂ ਬਾਅਦ ਗਾਚੀਬੋਵਾਲੀ ਪੁਲਿਸ ਮੌਕੇ’ ਤੇ ਪਹੁੰਚ ਗਈ ਸੀ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸਨੂੰ ਉਥੇ ਗ੍ਰਿਫਤਾਰ ਕਰ ਲਿਆ ਅਤੇ ਅੱਜ ਉਸਨੂੰ ਵਾਪਸ ਪੰਜਾਬ ਲਿਆਂਦਾ ਗਿਆ ਹੈ।
ਪੁਲਿਸ ਟੀਮ ਉਸਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕਰੇਗੀ ਅਤੇ ਜਾਂਚ ਮੁਕੰਮਲ ਕਰਨ ਅਤੇ ਕਤਲ ਦੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕਰੇਗੀ।

ਐਸਐਸਪੀ ਨੇ ਦੱਸਿਆ ਕਿ ਮੁਕੁਲ ਦੀ ਹੱਤਿਆ ਵਿਚ ਵਰਤੇ ਗਏ ਹਥਿਆਰ ਵੀ ਤੇਲੰਗਾਨਾ ਪੁਲਿਸ ਵਲੋਂ ਉਕਤ ਮਾਮਲੇ ਗ੍ਰਿਫਤਾਰੀ ਦੋਰਾਨ ਜ਼ਬਤ ਕੀਤੇ ਜਾ ਚੁੱਕੇ ਹਨ।

By Ramesh

Leave a Reply

Your email address will not be published. Required fields are marked *