spot_img
Homeਪੰਜਾਬਮਾਲਵਾਬੀਬੀ ਮਾਣੂੰਕੇ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦਾ...

ਬੀਬੀ ਮਾਣੂੰਕੇ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦਾ ਐਲਾਨ

ਜਗਰਾਉ 18 ਜੂਨ ( ਰਛਪਾਲ ਸਿੰਘ ਸ਼ੇਰਪੁਰੀ )ਪੰਜਾਬ ਦੀ ਕੈਪਟਨ ਸਰਕਾਰ ਵੱਲੋਂ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਵਜ਼ੀਫਾ ਜਾਰੀ ਨਾ ਕਰਨ ਅਤੇ ਰੋਲ ਨੰਬਰ ਰੋਕਣ, ਰੁਜ਼ਗਾਰ ਦੀ ਮੰਗ ਕਰ ਰਹੇ ਪੜ੍ਹੇ ਲਿਖੇ ਬੇ-ਰੁਜ਼ਗਾਰ ਨੌਜੁਆਨਾਂ ਨੂੰ ਸੜਕਾਂ ’ਤੇ ਘਸੀਟ ਕੇ ਕੁਟਾਪਾ ਚਾੜ੍ਹਨ ਤੇ ਬੇ-ਇੱਜ਼ਤ ਕਰਨ, ‘ਕਰੋਨਾ ਵੈਕਸੀਨ’ ਅਤੇ ‘ਕਰੋਨਾ ਕਿੱਟਾਂ’ ਵਿੱਚ ਵੱਡੇ-ਵੱਡੇ ਘੋਟਾਲੇ ਕਰਨ ਦੇ ਵਿਰੋਧ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਆਪ ਆਗੂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਡਾ.ਬੀ.ਆਰ.ਅੰਬੇਡਕਰ ਚੌਂਕ ਕੋਲ ਜਲੰਧਰ ਪਾਈਪਾਸ ਲੁਧਿਆਣਾ ਵਿਖੇ ਕੈਪਟਨ ਸਰਕਾਰ ਵਿਰੁੱਧ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਉਪਰ ਜਾਣ ਦਾ ਐਲਾਨ ਕਰਕੇ ਮੋਰਚਾ ਖੋਲ ਦਿੱਤਾ ਹੈ। ਬੀਬੀ ਮਾਣੂੰਕੇ ਕੈਪਟਨ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਕਿ ਕਾਂਗਰਸ ਭ੍ਰਿਸ਼ਟਾਚਾਰ ਦੀ ਜਨਮਦਾਤੀ ਹੈ, ਜੋ ਅਕਾਲੀਆਂ ਦੇ ਰਾਹੇ ਚੱਲ ਪਈ ਹੈ ਤੇ ਰੁਜ਼ਗਾਰ ਮੰਗਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਤਪਦੀ ਧੁੱਪ ਵਿੱਚ ਸੜਕਾਂ ਉਪਰ ਕੇਸਾਂ ਤੋਂ ਫੜ ਫੜ ਘਸੀਟ ਰਹੀ ਹੈ ਤੇ ਬੇ-ਇੱਜ਼ਤ ਕਰਕੇ ਥਾਣਿਆਂ ਅੰਦਰ ਢੱਕਕੇ ਮੂੰਹ ਬੰਦ ਕਰ ਰਹੀ ਹੈ। ਬੀਬੀ ਮਾਣੂੰਕੇ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਆਪ ਤਾਂ ਪੰਜਾਬ ਦੇ ਖਜ਼ਾਨੇ ਉਪਰ ਪੂਰੀ ਤਰ੍ਹਾਂ ਨਾਲ ਲੁੱਟ ਮਚਾਈ ਹੋਈ ਹੈ ਅਤੇ 2 ਲੱਖ ਪੋਸਟ ਮੈਟ੍ਰਿਕ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦਾ ਵਜ਼ੀਫਾ ਦੇਣ ਤੋਂ ਟਾਲਾ ਵੱਟ ਲਿਆ ਹੈ ਤੇ ਰੋਲ ਨੰਬਰ ਵੀ ਰੋਕ ਲਏ ਹਨ ਅਤੇ ਐਸ.ਸੀ.ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਜਾਣਬੁੱਝ ਕੇ ਧੁੰਦਲਾ ਕੀਤਾ ਜਾ ਰਿਹਾ ਹੈ। ਉਪ ਨੇਤਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਭਰ ਦੇ ਸਿਰੜੀ ਤੇ ਜੁਝਾਰੂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਕੈਪਟਨ ਸਰਕਰ ਵਿਰੁੱਧ ਜੰਗ ਦੇ ਮੈਦਾਨ ਵਿੱਚ ਡਾ.ਬੀ.ਆਰ.ਅੰਬੇਡਕਰ ਚੌਂਕ ਕੋਲ ਜਲੰਧਰ ਪਾਈਪਾਸ ਲੁਧਿਆਣਾ ਵਿਖੇ ਹੁੰਮ ਹੁੰਮਾਕੇ ਪੁੱਜਣ ਅਤੇ ਅੰਨੀ-ਬੋਲੀ ਕੈਪਟਨ ਸਰਕਾਰ ਦੇ ਕੰਨ ਖੋਲਣ ਲਈ ਡਟ ਜਾਣ। ਉਹਨਾਂ ਕਿਹਾ ਕਿ ਪੰਜਾਬ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੱਸੇ ਕਿ ਗਰੀਬਾਂ ਤੇ ਦਲਿਤਾਂ ਦੇ ਨਾਮ ਤੇ ਰੋਟੀਆਂ ਸੇਕਣ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ 4 ਸਾਲਾਂ ਦੌਰਾਨ ਐਸ.ਸੀ.ਵਿਦਿਆਰਥੀਆਂ ਲਈ ਬੱਜਟ ਵਿੱਚ 3200 ਕਰੋੜ ਰੁਪਏ ਰੱਖੇ ਗਏ ਸੀ, ਉਹ ਪੈਸਾ ਕਿੱਥੇ ਗਾਇਬ ਹੋ ਗਿਆ। ਉਹਨਾਂ ਆਖਿਆ ਕਿ ਪੀ.ਪੀ.ਈ. ਕਿੱਟਾਂ ਵਿੱਚ ਘੁਟਾਲਾ ਕਰਨ ਵਾਲੀ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅਨੁਸੂਚਿਤ ਜ਼ਾਤੀ ਵਿਦਿਆਰਥੀਆਂ ਦੇ ਵਜੀਫ਼ੇ ਵਿੱਚ 64 ਕਰੋੜ ਦਾ ਘਪਲਾ ਕੀਤਾ, ਜਿਸ ਨੂੰ ਮੁੱਖ ਮੰਤਰੀ ਨੇ ਕਲੀਨ ਚਿਟ ਦੇ ਕੇ ਰਫਾ-ਦਫਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਕਾਲੀ-ਕਾਂਗਰਸੀ ਦੋਵੇਂ ਭ੍ਰਿਸ਼ਟਾਚਾਰ ਦੇ ਥੰਮ ਨੇ ਇਹਨਾਂ ਲੋਟੂ ਧਿਰਾਂ ਤੋਂ ਨਿਜ਼ਾਮ ਪਾਉਣ ਲਈ 2022 ਵਿੱਚ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਝੰਡਾ ਬੁਲੰਦ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ ਸੁੱਖੀ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਕਾਮਰੇਡ ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

RELATED ARTICLES
- Advertisment -spot_img

Most Popular

Recent Comments