ਬਟਾਲਾ, 11 ਜੂਨ (ਸਲਾਮ ਤਾਰੀ ) – ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਨੇਮੂਅਲ ਨਾਹਰ ਵੱਲੋਂ ਅੱਜ ਬਟਾਲਾ ਸ਼ਹਿਰ ਵਿਖੇ ਘੱਟ ਗਿਣਤੀ ਸਮੁਦਾਇ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੀਟਿੰਗਾਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਕਮਿਸ਼ਨ ਵੱਲੋਂ ਦੀ ਸਾਲਵੇਸ਼ਨ ਆਰਮੀ ਸਕੂਲ ਵਿਖੇ ਮੀਟਿੰਗ ਕੀਤੀ ਗਈ ਅਤੇ ਇਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਤੋਂ ਬਾਅਦ ਕਮਿਸ਼ਨ ਵੱਲੋਂ ਬੇਰਿੰਗ ਕਾਲਜ ਅਤੇ ਬਟਾਲਾ ਕੱਲਬ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਜੂਦ ਸਨ।

ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਇਨੇਮੂਅਲ ਨਾਹਰ ਨੇ ਕਿਹਾ ਕਿ ਇਸਾਈ ਤੇ ਮੁਸਲਿਮ ਭਾਈਚਾਰੇ ਨੂੰ ਕਬਰਸਤਾਨਾਂ ਦੀ ਸਭ ਤੋਂ ਵੱਡੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਜਟ ਵਿੱਚ ਕਬਰਸਤਾਨਾਂ ਵਾਸਤੇ 20 ਲੱਖ ਰੁਪਏ ਅਲਾਟ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਵੀ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਥੇ ਕਿਤੇ ਈਸਾਈ ਤੇ ਮੁਸਲਿਮ ਭਾਈਚਾਰੇ ਲਈ ਕਬਰਸਤਾਨ ਨਹੀਂ ਹਨ ਓਥੇ ਕਬਰਸਤਾਨਾਂ ਲਈ ਥਾਂ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਚਰਚ ਦੀ ਜ਼ਮੀਨ ਨੂੰ ਕੋਈ ਵੀ ਵੇਚ ਨਹੀਂ ਸਕਦਾ ਅਤੇ ਨਾ ਹੀ ਕਬਜ਼ਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰ ਵੱਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨਾਲ ਹੀ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਤੇ ਦੇਸ਼ ਭਰ ਅੰਦਰ ਇਸਾਈ ਭਾਈਚਾਰੇ ਦੀਆਂ ਜਿਹੜੀਆਂ ਵੀ 100 ਤੋਂ ਪੁਰਾਣੀਆਂ ਚਰਚਾਂ ਜਾਂ ਇਤਿਹਾਸਕ ਇਮਾਰਤਾਂ ਹਨ ਉਨ੍ਹਾਂ ਨੂੰ ਹੈਰੀਟੇਜ ਇਮਾਰਤਾਂ ਦਾ ਦਰਜਾ ਦਿੱਤਾ ਜਾਵੇ।

ਚੇਅਰਮੈਨ ਡਾ. ਇਨੇਮੂਅਲ ਨਾਹਰ ਨੇ ਕਿਹਾ ਕਿ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਰਾਜ ਦੇ ਘੱਟ ਗਿਣਤੀ ਸਮੁਦਾਇ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਘੱਟ ਗਿਣਤੀ ਭਾਈਚਾਰੇ ਦੇ ਵਿਅਕਤੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ।

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਿਸਟਰ ਸੁਭਾਸ਼, ਪ੍ਰਮੁੱਖ ਆਗੂ ਜੌਹਨ ਪੀਟਰ, ਬੁੱਕਾ ਦੇ ਸੈਕਟਰੀ ਡਾ. ਡੈਰਿਕ ਈਂਗਲ, ਡੈਨੀਅਲ ਬੀ. ਦਾਸ, ਅਜੂਬ ਡੈਨੀਅਲ, ਕਮਲ ਖੋਖਰ, ਰਾਜਨ ਮਸੀਹ, ਤਰਸੇਮ ਮਸੀਹ, ਜਗੀਰ ਖੋਖਰ, ਪ੍ਰਿੰਸੀਪ ਮੁਖਤਿਆਰ ਮਸੀਹ, ਬਿਸ਼ਪ ਅਰੁਨ ਦਾਸ, ਪ੍ਰਕਾਸ਼ ਮਸੀਹ, ਪ੍ਰਿੰਸੀਪਲ ਰਾਜੂ ਡੈਨੀਅਲ, ਗੁਲਸ਼ਨ ਮਸੀਹ, ਮੁਸ਼ਤਾਕ ਮਸੀਹ, ਰੌਬਿਨ ਮਸੀਹ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ।

Leave a Reply

Your email address will not be published.